TheUnmute.com – Punjabi News: Digest for February 27, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

Table of Contents

 ਨੌਜਵਾਨਾਂ ਨੂੰ ਪਟਿਆਲਾ ਦੇ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਹੈਰੀਟੇਜ ਟ੍ਰੈਜ਼ਰ ਹੰਟ ਚੰਗਾ ਉਪਰਾਲਾ-ਪੰਨੂ

ਮੀਡੀਆ ਡਾਇਰੈਕਟਰ ਬਲਤੇਜ ਪੰਨੂੰ ਤੇ ਵਿਧਾਇਕ ਕੋਹਲੀ ਵੱਲੋਂ ਜੇਤੂ ਟੀਮਾਂ ਸਨਮਾਨਤ

ਪਟਿਆਲਾ, 26 ਫਰਵਰੀ : ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਪਹਿਲੀ ਵਾਰ ਵਿਰਾਸਤੀ ਖ਼ਜ਼ਾਨਾ ਖੋਜ ‘ਹੈਰੀਟੇਜ ਟ੍ਰੈਜ਼ਰ ਹੰਟ’ ਮੁਕਾਬਲਾ ਕਰਵਾਇਆ ਗਿਆ। ਪਟਿਆਲਾ ਫਾਊਂਡੇਸ਼ਨ ਵੱਲੋਂ ਉਲੀਕੇ ਇਸ ਮੁਕਾਬਲੇ ‘ਚ ਨੌਜਵਾਨ ਵਿਦਿਆਰਥੀਆਂ ਤੇ ਸ਼ਹਿਰ ਵਾਸੀਆਂ ਨੇ ਬਹੁਤ ਉਤਸ਼ਾਹ, ਜੋਸ਼ ਤੇ ਸਮਰਪਣ ਭਾਵਨਾ ਨਾਲ ਹਿੱਸਾ ਲਿਆ।

ਇਸ ਮੁਕਾਬਲੇ ਦੀ ਜੇਤੂ ਟੀਮ ਹਾਊਸ ਆਫ਼ ਜੀਂਦ ਪਹਿਲੇ ਅਤੇ ਹਾਊਸ ਆਫ਼ ਕੈਥਲ ਟੀਮ ਦੂਜੇ ਥਾਂ ‘ਤੇ ਰਹੀ, ਜਿਨ੍ਹਾਂ ਨੂੰ ਮੁੱਖ ਮੰਤਰੀ ਦੇ ਮੀਡੀਆ ਡਾਇਰੈਕਟਰ ਬਲਤੇਜ ਪੰਨੂੰ, ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਮੈਡਲ ਤੇ ਸਰਟੀਫਿਕੇਟਸ ਦੇਕੇ ਸਨਮਾਨਤ ਕਰਦਿਆਂ ਕਿਹਾ ਕਿ ਨੌਜਵਾਨਾਂ ਨੂੰ ਪਟਿਆਲਾ ਦੇ ਇਤਿਹਾਸ ਤੇ ਵਿਰਾਸਤ ਤੋਂ ਜਾਣੂ ਕਰਵਾਉਣ ਲਈ ਹੈਰੀਟੇਜ ਟ੍ਰੈਜ਼ਰ ਹੰਟ ਇੱਕ ਚੰਗਾ ਉਪਰਾਲਾ ਹੈ।

ਉਨ੍ਹਾਂ ਦੇ ਨਾਲ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।ਹਾਊਸ ਆਫ਼ ਪਟਿਆਲਾ, ਹਾਊਸ ਆਫ਼ ਨਾਭਾ, ਹਾਊਸ ਆਫ਼ ਜੀਂਦ ਅਤੇ ਹਾਊਸ ਆਫ਼ ਕੈਥਲ, ‘ਤੇ ਅਧਾਰਤ ਟੀਮਾਂ ‘ਚ ਵੰਡੇ ਲਗਭਗ 90 ਮੈਂਬਰਾਂ ਨੇ ਇਹ ਮੁਕਾਬਲਾ ਜਿੱਤਣ ਲਈ ਪਟਿਆਲੇ ਦੇ ਇਤਿਹਾਸ ‘ਤੇ ਅਧਾਰਤ ਸਵਾਲਾਂ ਦੇ ਜਵਾਬ ਦੇਣੇ ਸਨ।

ਇਨ੍ਹਾਂ ਟੀਮਾਂ ਨੂੰ ਕਿਲਾ ਮੁਬਾਰਕ ਤੋਂ ਨਗਰ ਨਿਗਮ ਦੇ ਸੰਯੁਕਤ ਕਮਿਸ਼ਨਰ ਜੀਵਨ ਜੋਤ ਕੌਰ ਨੇ ਝੰਡੀ ਦੇ ਕੇ ਰਵਾਨਾ ਕੀਤਾ।ਹੈਰੀਟੇਜ ਟ੍ਰੈਜ਼ਰ ਹੰਟ ਟੀਮਾਂ ਨੇ ਪਟਿਆਲਾ ਦਾ ਪੁਰਾਣਾ ਆਰਕੀਟੈਕਚਰ, ਵਿਰਾਸਤੀ ਪਰੰਪਰਾਵਾਂ ਤੇ ਸੱਭਿਆਚਾਰ ਨੂੰ ਦਰਸਾਉਂਦੇ ਹੋਏ ਸ਼ਾਹੀ ਸਮਾਧਾਂ ਤੱਕ ਦੇ 2 ਕਿਲੋਮੀਟਰ ਦੇ ਹੈਰੀਟੇਜ ਰਸਤੇ ਦੀ ਯਾਤਰਾ ਕੀਤੀ।

ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਟ੍ਰੈਜ਼ਰ ਹੰਟ ‘ਚ ਸ਼ਹਿਰ ਵਾਸੀਆਂ ਤੇ ਨੌਜਵਾਨ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹ÷ ਸਾਡੀ ਵਿਰਾਸਤ ਨੂੰ ਯਾਦ ਰੱਖਣ ਲਈ ਅਜਿਹੇ ਨਿਵੇਕਲੇ ਢੰਗ ਤਰੀਕੇ ਅਪਣਾਉਣ ਦੀ ਲੋੜ ਹੈ ਤਾਂ ਕਿ ਨੌਜਵਾਨ ਹੱਸਦੇ-ਖੇਡਦੇ ਹੋਏ ਆਪਣੇ ਇਤਿਹਾਸ ਤੇ ਪਰੰਪਰਾ ਨੂੰ ਯਾਦ ਕਰਨ।

ਜਦਕਿ ਪਟਿਆਲਾ ਫਾਊਂਡੇਸ਼ਨ ਦੇ ਸੀ.ਈ.ਓ. ਰਵੀ ਸਿੰਘ ਆਹਲੂਵਾਲੀਆ ਨੇ ਕਿਹਾ ਕਿ ਟ੍ਰੈਜ਼ਰ ਹੰਟ ਨੌਜਵਾਨਾਂ ਨੂੰ ਸ਼ਹਿਰ ਦੇ ਇਤਿਹਾਸ ਅਤੇ ਪਰੰਪਰਾਵਾਂ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਪੁਰਾਣੇ ਰਵਾਇਤੀ ਜੀਵਨ ਨੂੰ ਕਾਇਮ ਰੱਖਣ ਲਈ ਉਤਸ਼ਾਹਿਤ ਕਰਨ ਦਾ ਇੱਕ ਤਰੀਕਾ ਹੈ।ਇਸ ਮੌਕੇ ਡਾ. ਅਭਨੀਨੰਦਨ ਬੱਸੀ, ਡਾ. ਨਿਧੀ ਸ਼ਰਮਾ, ਹਰਦੀਪ ਕੌਰ ਤੇ ਵਲੰਟੀਅਰ ਭਰਪੂਰ ਸਿੰਘ, ਪਲਕ, ਹਰਮਨਜੋਤ ਸਿੰਘ, ਸੰਯਮ ਮਿੱਤਲ, ਸਤਨਾਮ ਸਿੰਘ, ਮੋਹਿਤ ਗੁਪਤਾ, ਆਦਿਸ਼ਵਰ ਆਹਲੂਵਾਲੀਆ, ਮਾਧਵੇਂਦਰ ਸਿੰਘ, ਹਿਮਨੀਸ਼, ਗੁਲ, ਯਾਚਨਾ, ਅਵੀਰਲ, ਰਚਨਾ, ਕਨਿਸ਼ਕ ਨੇ ਟ੍ਰੈਜ਼ਰ ਹੰਟ ਨੂੰ ਸਫਲਤਾ ਪੂਰਵਕ ਕਰਵਾਉਣ ‘ਚ ਮਦਦ ਕੀਤੀ।

The post ਹੈਰੀਟੇਜ ਟ੍ਰੈਜ਼ਰ ਹੰਟ-ਵਿਰਾਸਤੀ ਖ਼ਜ਼ਾਨਾ ਖੋਜ਼ ਮੁਕਾਬਲੇ ‘ਚ ਨੌਜਵਾਨਾਂ ਨੇ ਉਤਸ਼ਾਹ ਨਾਲ ਲਿਆ ਹਿੱਸਾ appeared first on TheUnmute.com - Punjabi News.

Tags:
  • heritage-treasure-hunt-competition

ਚੰਡੀਗੜ੍ਹ, 26 ਫਰਵਰੀ 2023: ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਜਾਣਕਾਰੀ ਦਿੱਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ (Punjab Government) ਨੇ ਸੂਬੇ ਦੇ ਸਾਰੇ 34.26 ਲੱਖ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਟੂਟੀ/ਪਾਈਪਾਂ ਰਾਹੀਂ ਸਪਲਾਈ ਦੇਣ ਦਾ ਟੀਚਾ ਹਾਸਲ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਦੇ ਪਹਿਲੇ ਸਾਲ ਦੀਆਂ ਅਜਿਹੀਆਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਨੂੰ ਅਗਲੇ 4 ਸਾਲਾਂ ਵਿਚ ਹੋਰ ਬੁਲੰਦੀਆਂ 'ਤੇ ਲਿਜਾਇਆ ਜਾਵੇਗਾ।

ਪੰਜਾਬ ਪੂਰੇ ਦੇਸ਼ ਵਿਚੋਂ ਇਹ ਪ੍ਰਾਪਤੀ ਹਾਸਲ ਕਰਨ ਵਾਲਾ ਪੰਜਵਾਂ ਸੂਬਾ ਬਣ ਗਿਆ ਹੈ। ਜਿੰਪਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਆਪਣਾ ਅਹੁਦਾ ਸੰਭਾਲਦੇ ਸਾਰ ਹੀ ਪਿੰਡਾਂ ਤੋਂ ਸਰਕਾਰ ਚੱਲਣ ਦਾ ਜੋ ਅਹਿਦ ਲਿਆ ਸੀ ਉਸ 'ਤੇ ਖਰਾ ਉਤਰਦਿਆਂ ਪਿੰਡ ਵਾਸੀਆਂ ਨੂੰ ਸਹੂਲਤਾਂ ਦੇਣ ਦੀ ਸ਼ੁਰੂਆਤ ਉਨ੍ਹਾਂ ਦੇ ਘਰਾਂ ਤੋਂ ਹੀ ਕੀਤੀ ਹੈ।

ਉਨ੍ਹਾਂ ਕਿਹਾ ਕਿ ਜ਼ਿੰਦਗੀ ਜਿਊਣ ਲਈ ਸਭ ਤੋਂ ਅਹਿਮ ਸਾਫ ਪਾਣੀ ਦੀ ਸਹੂਲਤ ਦੇਣ ਵਿਚ ਪੰਜਾਬ ਸਰਕਾਰ ਨੇ ਕੌਮੀ ਪੱਧਰ 'ਤੇ ਨਾਮਣਾ ਘੱਟ ਕੇ ਸਿੱਧ ਕਰ ਦਿੱਤਾ ਹੈ ਕਿ ਸਿਰਫ 11 ਮਹੀਨਿਆਂ ਦੀਆਂ ਪ੍ਰਾਪਤੀਆਂ ਨੂੰ ਅਗਲੇ 4 ਸਾਲਾਂ ਵਿਚ ਹੋਰ ਅੱਗੇ ਲੈ ਕੇ ਜਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਿੰਡਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਨਾਲ ਲੈਸ ਕਰਨ ਲਈ ਪੂਰੇ ਸਾਰਥਕ ਯਤਨ ਕੀਤੇ ਜਾਣਗੇ।

ਕਾਬਿਲੇਗੌਰ ਹੈ ਕਿ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਦੇਣ ਦਾ ਟੀਚਾ ਪੰਜਾਬ ਸਰਕਾਰ ਨੇ ਪਹਿਲਾਂ ਹੀ ਪੂਰਾ ਕਰ ਲਿਆ ਹੈ ਜਦਕਿ ਕੌਮੀ ਟੀਚਾ ਸਾਲ 2024 ਤੱਕ ਪੂਰਾ ਕਰਨ ਦਾ ਹੈ। ਪੰਜਾਬ ਦੀ ਇਸ ਪ੍ਰਾਪਤੀ ਲਈ ਜਿੰਪਾ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ ਅਤੇ ਹੋਰ ਜ਼ਿਆਦਾ ਲਗਨ ਤੇ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਹੈ।

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਪ੍ਰਮੁੱਖ ਸਕੱਤਰ ਡੀ.ਕੇ. ਤਿਵਾੜੀ ਅਤੇ ਵਿਭਾਗ ਮੁਖੀ ਮੁਹੰਮਦ ਇਸ਼ਫਾਕ ਨੇ ਕਿਹਾ ਕਿ ਸੂਬੇ ਦੇ ਪਿੰਡ ਵਾਸੀਆਂ ਨੂੰ ਸਾਫ ਪੀਣਯੋਗ ਪਾਣੀ ਮੁਹੱਈਆ ਕਰਵਾਉਣ ਲਈ ਅਤੇ ਸੈਨੀਟੇਸ਼ਨ ਸੁਵਿਧਾਵਾਂ ਦੇਣ ਲਈ ਵਿਭਾਗ ਦਾ ਹਰ ਅਧਿਕਾਰੀ ਤੇ ਕਰਮਚਾਰੀ ਦਿਨ-ਰਾਤ ਸਖਤ ਮਿਹਨਤ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਭਾਗ ਦੀ ਇਸ ਮਾਣਮੱਤੀ ਪ੍ਰਾਪਤੀ ਤੋਂ ਬਾਅਦ ਹਰ ਕੋਈ ਹੋਰ ਲਗਨ ਤੇ ਸਮਰਪਣ ਨਾਲ ਕੰਮ ਕਰੇਗਾ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਸਵੱਛ ਸਰਵੇਖਣ ਗ੍ਰਾਮੀਣ 2022 ਵਿਚ ਉੱਤਰੀ ਜ਼ੋਨ ਵਿਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਇਨਾਮ ਤਹਿਤ ਭਾਰਤ ਸਰਕਾਰ ਨੇ ਸੂਬੇ ਨੂੰ 1 ਕਰੋੜ ਰੁਪਏ ਦੀ ਰਾਸ਼ੀ ਨਾਲ ਸਨਮਾਨਤ ਕੀਤਾ ਸੀ।

ਇਸ ਸਰਵੇਖਣ ਵਿਚ ਇਸ ਤੋਂ ਇਲਾਵਾ ਵੀ ਪੰਜਾਬ ਨੇ 3 ਹੋਰ ਐਵਾਰਡ ਹਾਸਲ ਕੀਤੇ ਸਨ ਜਿਨ੍ਹਾਂ ਵਿਚ ਬਾਇਓਗ੍ਰੇਡੇਬਲ ਕੂੜਾ ਪ੍ਰਬੰਧਨ ਤਹਿਤ ਬਣਾਈ ਵਾਲ ਪੇਂਟਿੰਗ ਲਈ ਪਹਿਲਾ ਇਨਾਮ ਜਦਕਿ ਪਲਾਸਟਿਕ ਕੂੜੇ ਅਤੇ ਗੰਦੇ ਪਾਣੀ ਦੇ ਪ੍ਰਬੰਧਨ ਲਈ ਤੀਜਾ ਸਥਾਨ ਹਾਸਲ ਕੀਤਾ।

The post ਪੰਜਾਬ ਸਰਕਾਰ ਨੇ 100 ਫੀਸਦੀ ਪੇਂਡੂ ਘਰਾਂ ਨੂੰ ਪੀਣ ਵਾਲੇ ਪਾਣੀ ਦੀ ਪਾਈਪਾਂ ਰਾਹੀਂ ਸਪਲਾਈ ਕਰਵਾਈ ਮੁਹੱਈਆ: ਜਿੰਪਾ appeared first on TheUnmute.com - Punjabi News.

Tags:
  • aam-aadmi-party
  • brahm-shankar-jimpa
  • latest-news
  • news
  • punjab
  • punjab-government
  • punjab-water-issue
  • water-issue

ਮਾਨ ਸਰਕਾਰ ਵੱਖ-ਵੱਖ ਖੇਤੀ ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ

Sunday 26 February 2023 06:07 PM UTC+00 | Tags: aam-aadmi-party agricultural-machines cm-bhagwant-mann kuldeep-singh-dhaliwal mann-government punajb-aggriculture the-unmute-breaking-news the-unmute-punjabi-news

ਚੰਡੀਗੜ੍ਹ, 26 ਫ਼ਰਵਰੀ 2023: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਾਂ ਦੀ ਖਰੀਦ ਅਤੇ ਕਸਟਮ ਹਾਇੰਰਿੰਗ ਸੈਂਟਰ ਸਥਾਪਿਤ ਕਰਨ ਲਈ ਸਬਸਿਡੀ ਦੇਵੇਗੀ।

ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਸੂਬੇ ਦੇ ਕਿਸਾਨ ਨਿੱਜੀ ਤੌਰ 'ਤੇ ਅਤੇ ਕਸਟਮ ਹਾਇਰਿੰਗ ਸੈਂਟਰ ਸਥਾਪਿਤ ਕਰਨ ਲਈ 28 ਫ਼ਰਵਰੀ, 2023 ਤੱਕ ਵਿਭਾਗ ਦੀ ਵੈਬਸਾਈਟ agrimachinerypb.com 'ਤੇ ਆਨਲਾਈਨ ਅਰਜ਼ੀਆਂ ਦੇ ਕੇ ਇਸ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਹ ਕਦਮ ਸਬ-ਮਿਸ਼ਨ ਆਨ ਐਗਰੀਕਲਚਰਲ ਮੈਕਾਨਾਈਜੇਸ਼ਨ (ਸਮੈਮ) ਸਕੀਮ ਅਧੀਨ ਸੂਬੇ ਵਿੱਚ ਖੇਤੀ ਮਸ਼ੀਨਰੀ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਕਿਸਾਨ ਨਿੱਜੀ ਤੌਰ 'ਤੇ ਅਤੇ ਕਸਟਮ ਹਾਇਰਿੰਗ ਸੈਂਟਰਾਂ ਦੇ ਅਧੀਨ ਪੰਚਾਇਤਾਂ, ਸਹਿਕਾਰੀ ਸੁਸਾਇਟੀਆਂ, ਪੇਂਡੂ ਉੱਦਮੀ, ਕਿਸਾਨ ਉਤਪਾਦਕ ਸੰਸਥਾਵਾਂ (ਐਫ.ਪੀ.ਓ.), ਰਜਿਸਟਰਡ ਕਿਸਾਨ ਗਰੁੱਪ ਆਦਿ ਮਸ਼ੀਨਾਂ 'ਤੇ ਸਬਸਿਡੀ ਲੈ ਸਕਦੇ ਹਨ।

ਸ. ਧਾਲੀਵਾਲ ਨੇ ਦੱਸਿਆ ਕਿ ਵਿਅਕਤੀਗਤ ਕਿਸਾਨਾਂ ਲਈ ਲੇਜ਼ਰ ਲੈਂਡ ਲੈਵਲਰ, ਪੋਟੈਟੋ ਪਲਾਂਟਰ (ਆਟੋਮੈਟਿਕ), ਪੋਟੈਟੋ ਪਲਾਂਟਰ (ਸੈਮੀ ਆਟੋਮੈਟਿਕ), ਏਅਰ ਐਸਿਸਟਿਡ ਸਪਰੇਅਰ, ਨੁਮੈਟਿਕ ਪਲਾਂਟਰ, ਪਾਵਰ ਵੀਡਰ (ਇੰਜਨ/ਪੀ.ਟੀ.ਓ. ਆਪਰੇਪਟਿਡ), ਟਰੈਕਟਰ ਓਪਰੇਟਿਡ ਫਰਟੀਲਾਈਜ਼ਰ ਬਰਾਡਕਾਸਟਰ, ਪੈਡੀ ਟਰਾਂਸਪਲਾਂਟਰ (ਸੈਲਫ ਪ੍ਰੋਪੇਲਡ ਰਾਈਡ ਆਨ ਅਤੇ ਵਾਕ ਬਿਹਾਈਂਡ), ਰੇਜ਼ਡ ਬੈਡ ਪਲਾਂਟਰ, ਸਬ ਸੁਆਇਲਰ, ਸਿੰਗਲ ਰੋਅ ਫੋਰੇਜ਼ ਹਾਰਵੈਸਟਰ, ਪੋਟੈਟੋ ਡਿਗਰ, ਡੀ.ਐਸ.ਆਰ ਡਰਿੱਲ, ਟਰੈਕਟਰ ਓਪਰੇਟਿਡ ਸਪਰੇਅਰ (ਬੂਮ ਸਪਰੇਅਰ), ਪਾਵਰ ਹੈਰੋ, ਟਰੈਕਟਰ ਡਰਾਨ ਇਨਕਲਾਇਡ ਪਲੇਟ ਪਲਾਂਟਰ ਵਿਦ ਪ੍ਰੀ-ਇਮਰਜੈਂਸ ਹਰਬੀਸਾਈਡ ਸਟਰਿਪ ਐਪਲੀਕੇਟਰ (ਲੱਕੀ ਸੀਡ ਡਰਿੱਲ) ਆਦਿ ਮਸ਼ੀਨਾਂ 'ਤੇ ਸਬਸਿਡੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਕੈਬਨਿਟ ਮੰਤਰੀ ਨੇ ਦੱਸਿਆ ਕਿ ਕਸਟਮ ਹਾਇਰਿੰਗ ਸੈਂਟਰ ਦੀਆਂ ਵੱਖ-ਵੱਖ ਸ਼੍ਰੇਣੀਆਂ, ਜੋ 10 ਲੱਖ, 25 ਲੱਖ, 40 ਲੱਖ ਅਤੇ 60 ਲੱਖ ਆਦਿ ਦੀ ਲਾਗਤ ਨਾਲ ਸਥਾਪਿਤ ਹਨ, ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਲੈ ਸਕਣਗੀਆਂ।ਉਨ੍ਹਾਂ ਦੱਸਿਆ ਕਿ ਸਬਸਿਡੀ ਦੀਆਂ ਦਰਾਂ ਜਨਰਲ ਵਰਗ ਲਈ 40 ਫੀਸਦੀ, ਸਪੈਸ਼ਲ ਕੰਪੋਨੈਂਟ ਲਈ 50 ਫੀਸਦੀ ਅਤੇ ਕਸਟਮ ਹਾਇਰਿੰਗ ਸੈਂਟਰਾਂ ਲਈ 40 ਫੀਸਦੀ ਹੋਣਗੀਆਂ।

ਸ. ਧਾਲੀਵਾਲ ਨੇ ਸੂਬੇ ਦੇ ਕਿਸਾਨਾਂ ਅਤੇ ਕਿਸਾਨਾਂ ਨਾਲ ਸਬੰਧਤ ਵੱਖ-ਵੱਖ ਗਰੁੱਪਾਂ ਨੂੰ ਮਸ਼ੀਨਾਂ ਦੀ ਖਰੀਦ 'ਤੇ ਸਬਸਿਡੀ ਦਾ ਲਾਭ ਲੈਣ ਅਤੇ ਖੇਤੀਬਾੜੀ ਵਿੱਚ ਮਸ਼ੀਨੀਕਰਨ ਆਪਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਮਸ਼ੀਨੀਕਰਨ ਅਪਣਾ ਕੇ ਕਿਸਾਨ ਆਪਣੀ ਆਮਦਨ ਵਿੱਚ ਵਾਧਾ ਕਰ ਸਕਦੇ ਹਨ।ਉਨ੍ਹਾਂ ਕਿਹਾ ਕਿ ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲਈ ਕਿਸਾਨ ਆਪਣੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਨੂੰ ਵੀ ਮਿਲ ਸਕਦੇ ਹਨ।

The post ਮਾਨ ਸਰਕਾਰ ਵੱਖ-ਵੱਖ ਖੇਤੀ ਮਸ਼ੀਨਾਂ ਦੀ ਖਰੀਦ ਲਈ ਸਬਸਿਡੀ ਦੇਵੇਗੀ: ਕੁਲਦੀਪ ਸਿੰਘ ਧਾਲੀਵਾਲ appeared first on TheUnmute.com - Punjabi News.

Tags:
  • aam-aadmi-party
  • agricultural-machines
  • cm-bhagwant-mann
  • kuldeep-singh-dhaliwal
  • mann-government
  • punajb-aggriculture
  • the-unmute-breaking-news
  • the-unmute-punjabi-news

ਸੂਬੇ 'ਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ 'ਤੇ ਕਾਇਮ ਰੱਖਾਂਗੇ: CM ਭਗਵੰਤ ਮਾਨ

Sunday 26 February 2023 06:14 PM UTC+00 | Tags: aam-aadmi-party bhagwant-mann latest-news law-and-order news punjab-news punjab-police the-unmute-breaking-news the-unmute-punjabi-news

ਭਾਵਨਗਰ (ਗੁਜਰਾਤ), 26 ਫਰਵਰੀ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਣ ਕਰਦੇ ਹੋਏ ਕਿਹਾ ਕਿ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ ਉਤੇ ਕਾਇਮ ਰੱਖੀ ਜਾਵੇਗੀ ਅਤੇ ਕਿਸੇ ਨੂੰ ਵੀ ਸੂਬੇ ਵਿਚ ਸਖ਼ਤ ਘਾਲਣਾ ਘਾਲ ਕੇ ਹਾਸਲ ਕੀਤੀ ਸ਼ਾਂਤੀ ਨੂੰ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਅਤੇ ਇੱਥੋਂ ਦੇ ਲੋਕਾਂ ਨੂੰ ਅਤੀਤ ਵਿਚ ਕਾਲੇ ਦੌਰ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈ ਜਿਸ ਕਰਕੇ ਲੋਕ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਸੂਬੇ ਦੀ ਅਮਨ-ਸ਼ਾਂਤੀ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਭਗਵੰਤ ਮਾਨ ਨੇ ਕਿਹਾ ਕਿ ਕੁਝ ਫੁੱਟਪਾਊ ਤਾਕਤਾਂ ਸੂਬੇ ਦੀ ਅਮਨ-ਸ਼ਾਂਤੀ ਅਤੇ ਵਿਕਾਸ ਨੂੰ ਲੀਹੋਂ ਲਾਉਣ ਦੀਆਂ ਕੋਝੀਆਂ ਚਾਲਾਂ ਚੱਲ ਰਹੀਆਂ ਹਨ ਪਰ ਅਜਿਹੇ ਲੋਕਾਂ ਦੇ ਨਾਪਾਕ ਮਨਸੂਬੇ ਸਫਲ ਨਹੀਂ ਹੋਣ ਦੇਵਾਂਗੇ।

ਮੁੱਖ ਮੰਤਰੀ ਨੇ ਸਖ਼ਤ ਲਹਿਜ਼ੇ ਵਿਚ ਕਿਹਾ ਕਿ ਪੁਲਿਸ ਥਾਣੇ ਵਿਚ ਦਾਖਲ ਹੋਣ ਲਈ ਸ਼ਰਮਨਾਕ ਢੰਗ ਨਾਲ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਸਰਾ ਲੈਣ ਵਾਲੇ ਲੋਕ ਪੰਜਾਬ ਦੇ ਵਾਰਸ ਨਹੀਂ ਹੋ ਸਕਦੇ। ਮੁੱਖ ਮੰਤਰੀ ਨੇ ਕਿਹਾ ਕਿ ਇਹ ਨਾ-ਮੁਆਫੀਯੋਗ ਅਪਰਾਧ ਹੈ ਜਿਸ ਦੀ ਸਾਰਿਆਂ ਵੱਲੋਂ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹਨ ਅਤੇ ਪਾਵਨ ਗ੍ਰੰਥ ਨੂੰ ਢਾਲ ਬਣਾ ਕੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਦੀ ਬਜਾਏ ਪ੍ਰੇਰਨਾ ਲੈਣੀ ਚਾਹੀਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੁਝ ਲੋਕ ਸਰਹੱਦ ਪਾਰ ਤੋਂ ਫੰਡ ਹਾਸਲ ਕਰਕੇ ਸੂਬੇ ਦੀ ਸ਼ਾਂਤੀ ਤੇ ਤਰੱਕੀ ਨੂੰ ਅਸਥਿਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਲੋਕ ਸੂਬੇ ਨੂੰ ਤਬਾਹ ਕਰਨ ਦੇ ਮਨਸੂਬੇ ਨਾਲ ਪਾਕਿਸਤਾਨ ਦੇ ਹੱਥਾਂ ਵਿੱਚ ਕਠਪੁਤਲੀਆਂ ਬਣ ਕੇ ਨੱਚ ਰਹੇ ਹਨ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਸੂਬੇ ਦੀ ਉਪਜਾਊ ਧਰਤੀ ‘ਤੇ ਨਫ਼ਰਤ ਅਤੇ ਫੁੱਟ ਨੂੰ ਛੱਡ ਕੇ ਹੋਰ ਕੁਝ ਵੀ ਪੈਦਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਵਿਵਸਥਾ ਠੀਕ ਹੈ ਜਿਸ ਕਾਰਨ ਦੁਨੀਆਂ ਭਰ ਦੀਆਂ ਕੰਪਨੀਆਂ ਸੂਬੇ ਵਿੱਚ ਨਿਵੇਸ਼ ਕਰਨ ਲਈ ਤਿਆਰ ਹਨ।

ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਆਉਣ ਵਾਲੇ ਛੇ ਮਹੀਨਿਆਂ ਦੌਰਾਨ ਪੰਜਾਬ ਹਰ ਖੇਤਰ ਵਿੱਚ ਤਰੱਕੀ ਕਰੇਗਾ।ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਵੱਲੋਂ ਨਿਯੁਕਤ ਰਾਜਪਾਲ ਸਬੰਧਤ ਸੂਬਿਆਂ ਵਿੱਚ ਭਗਵਾਂ ਪਾਰਟੀ ਦੇ ਸਟਾਰ ਪ੍ਰਚਾਰਕ ਵਜੋਂ ਕੰਮ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਬਦਕਿਸਮਤੀ ਦੀ ਗੱਲ ਹੈ ਕਿ ਚੁਣੀਆਂ ਹੋਈਆਂ ਸਰਕਾਰਾਂ ਨੂੰ 'ਤਾਨਸ਼ਾਹੀ ਢੰਗ ਨਾਲ ਹੁਕਮ ਚਾੜ੍ਹਨ' ਲਈ ਰਾਜ ਭਵਨ ਭਾਜਪਾ ਦੇ ਮੁੱਖ ਦਫ਼ਤਰ ਬਣ ਗਏ ਹਨ। ਭਗਵੰਤ ਮਾਨ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਲੋਕਤੰਤਰ ਵਿੱਚ ਕੇਂਦਰ ਵੱਲੋਂ ਨਿਯੁਕਤ ਕੀਤੇ ਵਿਅਕਤੀ ਨਹੀਂ ਸਗੋਂ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹੀ ਸਰਵਉਚ ਹੁੰਦੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪਹਿਲਾਂ ਰਵਾਇਤੀ ਪਾਰਟੀਆਂ ਫੁੱਟ ਪਾਊ ਏਜੰਡੇ ਤਹਿਤ ਵੋਟਾਂ ਮੰਗਦੀਆਂ ਸਨ। ਉਨ੍ਹਾਂ ਕਿਹਾ ਕਿ ਸਿਆਸੀ ਖੇਤਰ ਵਿਚ ‘ਆਪ’ ਦੇ ਦਾਖਲੇ ਤੋਂ ਬਾਅਦ ਰਾਜਨੀਤਿਕ ਪ੍ਰਣਾਲੀ ਵਿੱਚ ਵਰਨਣਯੋਗ ਬਦਲਾਅ ਦੇਖਿਆ ਗਿਆ ਹੈ, ਜਿਸ ਨੇ ਰਵਾਇਤੀ ਪਾਰਟੀਆਂ ਨੂੰ ਆਪਣਾ ਏਜੰਡਾ ਮੁੜ ਤੈਅ ਕਰਨ ਲਈ ਮਜਬੂਰ ਕੀਤਾ ਹੈ। ਭਗਵੰਤ ਮਾਨ ਨੇ ਕਿਹਾ ਕਿ 'ਆਪ' ਦੇ ਯਤਨਾਂ ਸਦਕਾ ਪਹਿਲੀ ਵਾਰ ਏਜੰਡਾ ਮਿਆਰੀ ਸਿੱਖਿਆ ਅਤੇ ਸਿਹਤ ਸੇਵਾਵਾਂ 'ਤੇ ਆਧਾਰਿਤ ਹੈ।

ਮੁੱਖ ਮੰਤਰੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ‘ਆਪ’ ਬਹਾਦਰ ਲੋਕਾਂ ਦੀ ਪਾਰਟੀ ਹੈ ਜੋ ਲੋਕ ਭਲਾਈ ਲਈ ਕੁਝ ਵੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਕੇਂਦਰ ਸਰਕਾਰ ਵੱਲੋਂ ਸੀ.ਬੀ.ਆਈ. ਅਤੇ ਈ.ਡੀ. ਦੀ ਦੁਰਵਰਤੋਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਬਿਨਾਂ ਕਿਸੇ ਡਰ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ। ਭਗਵੰਤ ਮਾਨ ਨੇ ਕਿਹਾ ਕਿ ਜਮਹੂਰੀਅਤ ਦੀ ਆਵਾਜ਼ ਨੂੰ ਦਬਾਉਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ‘ਆਪ’ ਅਤੇ ਇਸ ਦੇ ਆਗੂਆਂ ‘ਤੇ ਸਫਲ ਨਹੀਂ ਹੋਣ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਹੁਦਾ ਸੰਭਾਲਣ ਤੋਂ ਬਾਅਦ ਉਨ੍ਹਾਂ ਦੀ ਸਰਕਾਰ ਸੂਬੇ ਦੀ ਸ਼ਾਨ ਬਹਾਲ ਕਰਨ ਅਤੇ ਸਾਡੇ ਮਹਾਨ ਕੌਮੀ ਆਗੂਆਂ ਦੇ ਸੁਪਨੇ ਸਾਕਾਰ ਕਰਨ ਲਈ ਠੋਸ ਉਪਰਾਲੇ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਆਪਣੇ ਕਾਰਜਕਾਲ ਦੇ ਮਹਿਜ਼ 11 ਮਹੀਨਿਆਂ ਵਿੱਚ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰ ਦਿੱਤੇ ਹਨ ਅਤੇ ਸਿਹਤ, ਸਿੱਖਿਆ ਅਤੇ ਰੁਜ਼ਗਾਰ ਦੇ ਖੇਤਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਹੁਣ ਤੱਕ 500 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਜਾ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਸਰਕਾਰ ਦੇ ਬਣਨ ਦੇ ਪਹਿਲੇ ਕੁਝ ਮਹੀਨਿਆਂ ਵਿੱਚ ਹੀ 26,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਸਾਰੀ ਭਰਤੀ ਨਿਰੋਲ ਯੋਗਤਾ ਅਤੇ ਪਾਰਦਰਸ਼ਤਾ ਦੇ ਆਧਾਰ ‘ਤੇ ਕੀਤੀ ਗਈ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਪੰਜਾਬ ਪੁਲਿਸ ਵਿੱਚ 2100 ਅਸਾਮੀਆਂ ਭਰਨ ਦੀ ਨਿਰਧਾਰਤ ਪ੍ਰਕਿਰਿਆ ਜਾਰੀ ਕੀਤੀ ਗਈ ਹੈ ਅਤੇ ਆਉਣ ਵਾਲੇ ਚਾਰ ਸਾਲਾਂ ਵਿੱਚ ਹਰ ਸਾਲ ਕਾਂਸਟੇਬਲਾਂ ਦੀਆਂ 1800 ਅਤੇ ਸਬ-ਇੰਸਪੈਕਟਰਾਂ ਦੀਆਂ 300 ਅਸਾਮੀਆਂ ਭਰਨ ਦਾ ਫੈਸਲਾ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਲਈ ਸੂਬੇ ਨੂੰ ਉਦਯੋਗਿਕ ਵਿਕਾਸ ਦੇ ਲੀਹ ‘ਤੇ ਲਿਆਉਣ ‘ਤੇ ਜ਼ੋਰ ਦੇ ਰਹੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਬਿਜਲੀ ਦੇ ਲੰਮੇ ਕੱਟ ਲੱਗਣ ਦੇ ਦਿਨ ਪੁੱਗ ਚੁੱਕੇ ਹਨ ਕਿਉਂਕਿ ਪੰਜਾਬ ਵਾਧੂ ਬਿਜਲੀ ਪੈਦਾ ਕਰਨ ਵਾਲਾ ਸੂਬਾ ਬਣਨ ਵੱਲ ਵਧ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇ ਯਤਨਾਂ ਸਦਕਾ ਸੂਬੇ ਵਿੱਚ ਬਿਜਲੀ ਉਤਪਾਦਨ ਵਿੱਚ 83 ਫੀਸਦੀ ਦਾ ਵਾਧਾ ਹੋਇਆ ਹੈ। ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਕੀਤੇ ਗਏ ਅਣਥੱਕ ਯਤਨਾਂ ਸਦਕਾ ਪਛਵਾੜਾ ਕੋਲਾ ਖਾਣ ਤੋਂ ਬਿਜਲੀ ਉਤਪਾਦਨ ਲਈ ਕੋਲੇ ਦੀ ਸਪਲਾਈ ਲੰਬੇ ਸਮੇਂ ਬਾਅਦ ਮੁੜ ਸ਼ੁਰੂ ਹੋਈ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ 1 ਜੁਲਾਈ ਤੋਂ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਗਰੰਟੀ ਪੂਰੀ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਇਹ ਬੜੀ ਸੰਤੁਸ਼ਟੀ ਵਾਲੀ ਗੱਲ ਹੈ ਕਿ ਸੂਬੇ ਦੇ 87 ਫੀਸਦੀ ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਖੁਦ ਸਧਾਰਨ ਪਰਿਵਾਰ ਤੋਂ ਹਨ ਅਤੇ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਨੂੰ ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਡੇ ਯਤਨਾਂ ਸਦਕਾ ਉੱਦਮੀਆਂ ਨੇ ਸੂਬੇ ਵਿੱਚ ਨਿਵੇਸ਼ ਲਈ ਭਾਰੀ ਉਤਸ਼ਾਹ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸਟੀਲ ਦੀ ਪ੍ਰਸਿੱਧ ਕੰਪਨੀ ਟਾਟਾ ਸਟੀਲ ਨੇ ਵੀ ਸੂਬੇ ਵਿੱਚ ਨਿਵੇਸ਼ ਕੀਤਾ ਹੈ ਜੋ ਜਮਸ਼ੇਦਪੁਰ ਤੋਂ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸਟੀਲ ਪਲਾਂਟ ਲੁਧਿਆਣਾ ਵਿਖੇ ਸਥਾਪਤ ਕਰ ਰਹੀ ਹੈ। ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਕਈ ਆਲਮੀ ਕੰਪਨੀਆਂ ਵੀ ਵੱਡੇ ਪੱਧਰ ‘ਤੇ ਨਿਵੇਸ਼ ਕਰਨ ਲਈ ਆ ਰਹੀਆਂ ਹਨ।
ਮੁੱਖ ਮੰਤਰੀ ਨੇ ਵਿਅੰਗ ਕੱਸਦਿਆਂ ਕਿਹਾ ਕਿ ਪਹਿਲਾਂ ਉਦਯੋਗ ਸੱਤਾ ਵਿੱਚ ਰਹਿੰਦੇ ਪਰਿਵਾਰਾਂ ਨਾਲ ਸਮਝੌਤਿਆਂ ‘ਤੇ ਦਸਤਖਤ ਕਰਦੇ ਸਨ ਪਰ ਜਦੋਂ ਤੋਂ ਉਨ੍ਹਾਂ ਨੇ ਅਹੁਦਾ ਸੰਭਾਲਿਆ ਹੈ, ਸੂਬੇ ਦੇ ਲੋਕਾਂ ਲਈ ਸਮਝੌਤਿਆਂ ‘ਤੇ ਦਸਤਖਤ ਕੀਤੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਮੀਰ ਪਰਿਵਾਰਾਂ ਨੂੰ ਇਨ੍ਹਾਂ ਸਮਝੌਤਿਆਂ ਦਾ ਲਾਭ ਮਿਲਦਾ ਸੀ ਪਰ ਹੁਣ ਪੰਜਾਬੀਆਂ ਨੂੰ ਇਸ ਦਾ ਲਾਭ ਮਿਲੇਗਾ। ਭਗਵੰਤ ਮਾਨ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਉਨ੍ਹਾਂ ਦੀ ਸਰਕਾਰ ਸਮਾਜ ਦੇ ਹਰ ਵਰਗ ਦੀ ਭਲਾਈ ਲਈ ਅਣਥੱਕ ਕੰਮ ਕਰ ਰਹੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਸੂਬੇ ਦੇ 23 ਜ਼ਿਲ੍ਹਿਆਂ ਵਿੱਚ 117 ਸਕੂਲ ਆਫ਼ ਐਮੀਨੈਂਸ ਸਥਾਪਤ ਕੀਤੇ ਜਾ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਲਈ ਚੰਗੀ ਤਰ੍ਹਾਂ ਤਿਆਰੀ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਪੁਰਾਤਨ ਸ਼ਾਨ ਬਹਾਲ ਹੋ ਜਾਵੇਗੀ।

The post ਸੂਬੇ ‘ਚ ਅਮਨ-ਕਾਨੂੰਨ ਦੀ ਵਿਵਸਥਾ ਹਰ ਕੀਮਤ 'ਤੇ ਕਾਇਮ ਰੱਖਾਂਗੇ: CM ਭਗਵੰਤ ਮਾਨ appeared first on TheUnmute.com - Punjabi News.

Tags:
  • aam-aadmi-party
  • bhagwant-mann
  • latest-news
  • law-and-order
  • news
  • punjab-news
  • punjab-police
  • the-unmute-breaking-news
  • the-unmute-punjabi-news
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form