
ਭਗਵੰਤ ਸਿੰਘ ਮਾਨ ਸਰਕਾਰ ਨੂੰ ਮੁੱਢਲੇ ਸਿਹਤ ਕੇਂਦਰ ਸੇਖਾ ਕਲਾਂ ਦੀ ਖੰਡਰ ਪਈ ਇਮਾਰਤ ਦੀ ਸਾਰ ਲੈਣ ਦੀ ਅਪੀਲ
ਸਮਾਲਸਰ(PNO) ਜ਼ਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲਾਂ ‘ਚੋਂ ਵੱਡੇ ਖੇਤਰ ਭਾਵ ਅੱਠ ਏਕੜ ‘ਚ ਕਸਬਾ ਸਮਾਲਸਰ ਤੋਂ ਕਰੀਬ 6 ਕਿਲੋਮੀਟਰ ਦੂਰ ਸੇਖਾ ਕਲਾਂ-ਬੰਬੀਹਾ ਭਾਈ, ਸੇਖਾ ਖੁਰਦ-ਠੱਠੀ ਭਾਈ ਦੇ ਵਿਚਕਾਰ ਬਣਿਆ 25 ਬਿਸਤਰਿਆਂ ਵਾਲਾ ਮੁਢਲਾ ਸਿਹਤ ਕੇਂਦਰ (ਹਸਪਤਾਲ) ਆਪਣੀ ਹੋਣੀ ‘ਤੇ ਦਹਾਕਿਆਂ ਤੋ ਝੂਰ ਰਿਹਾ ਹੈ ਸੰਨ 1952 ‘ਚ ਬਣੇ ਅਤੇ ਕਰੀਬ 50-55 ਪਿੰਡਾਂ ਨੂੰ ਸਿਹਤ ਸੇਵਾਵਾਂ ਦੇਣ ਵਾਲੇ ਇਸ ਹਸਪਤਾਲ ਦੀ ਹਾਲਤ ਖੰਡਰ ਦਾ ਰੂਪ ਧਾਰ ਚੁੱਕੀ ਹੈ | ਡਾਕਟਰਾਂ ਸਮੇਤ 22 ਕਰਮਚਾਰੀਆਂ ਵਾਲੇ ਇਸ ਹਸਪਤਾਲ ਵਿਚ ਡਾਕਟਰਾਂ ਅਤੇ ਦੂਜੇ ਮੁਲਾਜ਼ਮਾਂ ਲਈ ਰਿਹਾਇਸ਼ੀ ਮਕਾਨ ਵੀ ਬਣੇ ਹੋਏ ਹਨ, ਪਰ ਪਤਾ ਨਹੀਂ ਇਹ ਇੱਟਾਂ ਜਾਂ ਮਕਾਨ ਕਿਸ ਮਿੱਟੀ ਦੇ ਬਣੇ ਹਨ ਕਿ ਇੰਨ੍ਹਾਂ ਵਿਚ ਕੋਈ ਇਨਸਾਨੀ ਜ਼ਿੰਦਗੀ ਇਕ ਪਲ ਵੀ ਨਹੀਂ ਠਹਿਰ ਸਕੀ | ਇਸ ਹਸਪਤਾਲ ਨੂੰ ਚਲਾਉਣ ਲਈ ਲੰਬੇ ਸਮੇਂ ਤੋਂ ਇਲਾਕੇ ਦੇ ਲੋਕ ਅਤੇ ਸਮਾਜ ਸੇਵੀ ਲਗਾਤਰ ਕੋਸ਼ਿਸ਼ਾਂ ਕਰਦੇ ਰਹੇ ਹਨ ਪਰ ਇਸ ਸਬੰਧੀ ਕਿਸੇ ਦੀ ਆਸ ਨੂੰ ਬੂਰ ਨਹੀਂ ਪਿਆ | ਪਿਛਲੇ ਕਈ ਸਾਲਾਂ ਤੋਂ ਅਲਾਇੰਸ ਇੰਟਰਨੈਸ਼ਨਲ ਕਲੱਬ ਨਾਲ ਜੁੜੇ ਸਮਾਜ ਸੇਵੀਆਂ ਨੇ ਬੇਹੱਦ ਹਿੰਮਤ ਕੀਤੀ ਤੇ ਉਨ੍ਹਾਂ ਇਸ ਹਸਪਤਾਲ ਨੂੰ ਚਲਾਉਣ ਦਾ ਬੀੜਾ ਚੁੱਕਿਆ ਹੈ | ਇਸ ਕਲੱਬ ਦੇ ਆਗੂਆਂ ਰਾਜਦੁਲਾਰ ਸਿੰਘ ਸੇਖਾ, ਕਾਕਾ ਹਰਨਿੰਦਰ ਸਿੰਘ ਬਰਾੜ, ਭੁਪਿੰਦਰ ਸਿੰਘ ਸੰਧੂ, ਮੇਜਰ ਸਿੰਘ ਸ਼ਾਹੀ, ਕੁਲਵੰਤ ਸਿੰਘ, ਮਨਦੀਪ ਸਿੰਘ ਲੰਡੇ, ਕਿਰਨਦੀਪ ਸਿੰਘ ਬੰਬੀਹਾ, ਸਰਬਜੀਤ ਸਿੰਘ ਸਿੱਧੂ, ਇੰਦਰਜੀਤ ਸਿੰਘ ਬੰਬੀਹਾ ਭਾਈ, ਬਿੱਟੂ ਬਰੇਟਾ, ਮਹਿਤਾਬ ਸਿੰਘ ਸੰਧੂ ਸਮਾਲਸਰ, ਇਕਬਾਲ ਸਿੰਘ ਬਰਾੜ ਪੰਜਗਰਾਂਈ ,ਬਲਜਿੰਦਰ ਸੇਖਾ ਕਨੇਡਾ ਅਤੇ ਹੋਰ ਸਾਥੀਆਂ ਨੇ ਹਿੰਮਤ ਕਰਕੇ ਯਤਨ ਕਰਕੇ ਅਤੇ ਮੀਡੀਆ ਦੇ ਸਹਿਯੋਗ ਨਾਲ 21 ਸਾਲ ਬਾਅਦ ਇਸ ਹਸਪਤਾਲ ਦੀ ਬਿਜਲੀ ਚਾਲੂ ਕਰਵਾਈ |ਹੁਣ ਫਿਰ ਦੇ ਅਲਾਇੰਸ ਕਲੱਬ ਸਮਾਲਸਰ ਦੇ ਕਾਰਕੁੰਨਾਂ ਨੇ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ, ਯੂਨੀਸਿਫ, ਯੂ.ਐਨ.ਓ ਅਤੇ ਹੋਰ ਸੰਸਥਾਵਾਂ ਨੂੰ ਪੱਤਰ ਲਿਖ ਕੇ ਇਸ ਹਸਪਤਾਲ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ ਹੈ | ਕਲੱਬ ਮੈਂਬਰਾਂ ਵੱਲੋਂ ਇਸ ਹਸਪਤਾਲ ਵਿਚ ਪੱਕੇ ਡਾਕਟਰ ਤਾਇਨਾਤ ਕਰਨ, ਸਾਰੀਆਂ ਖਾਲੀ ਅਸਾਮੀਆਂ ਪੁਰ ਕਰਨ, ਰਿਹਾਇਸ਼ੀ ਇਮਾਰਤਾਂ ਵਿਚ ਪੱਕੇ ਤੌਰ ‘ਤੇ ਡਾਕਟਰਾਂ ਅਤੇ ਹੋਰ ਅਮਲੇ ਨੂੰ ਰਹਿਣਾ ਯਕੀਨੀ ਬਣਾਉਣ | ਇਸ ਤੋਂ ਇਲਾਵਾ ਇਸ ਹਸਪਤਾਲ ਦੇ ਖੇਤਾਂ ਵਿਚ ਭਾਵ ਰਿਹਾਇਸ਼ੀ ਖੇਤਰ ਤੋਂ ਦੂਰ ਹੋਣ ਕਾਰਨ ਇੱਥੇ ਸਕਿਊਰਟੀ ਲਈ ਪੱਕੀ ਪੁਲਿਸ ਚੌਕੀ ਬਣਾਉਣ ਆਦਿ ਹੋਰ ਮੰਗਾਂ ਲਈ ਲਿਖਿਆ ਸੀ | ਜਿਸ ‘ਤੇ ਕਾਰਵਾਈ ਕਰਦਿਆਂ ਇੰਨ੍ਹਾਂ ਉੱਚ ਅਥਾਰਟੀਆਂ ਨੇ ਪੰਜਾਬ ਸਰਕਾਰ ਦੇ ਸੈਕਟਰੀ ਸਿਹਤ ਵਿਭਾਗ ਤੋਂ 20 ਮਈ 2017 ਤੱਕ ਜਵਾਬ ਮੰਗਿਆ ਸੀ | ਅਲਾਇੰਸ ਕਲੱਬ ਦੇ ਕਾਰਕੁੰਨਾਂ ਡਾਕਟਰ ਰਾਜਦੁਲਾਰ ਸਿੰਘ ਸੇਖਾ, ਭੁਪਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਲਗਦਾ ਹੈ ਕਿ ਉਨ੍ਹਾਂ ਦੇ ਸਾਥੀਆਂ ਨਾਲ ਮਿਲ ਕੇ ਆਰੰਭ ਕੀਤੀ ਮਿਹਨਤ ਨੂੰ ਬੂਰ ਪੈਣ ਵਾਲਾ ਹੈ | ਯਾਦ ਰਹੇ ਕਿ ਇਸ ਅਲਾਇੰਸ ਕਲੱਬ ਦੀ ਸਖਤ ਮਿਹਨਤ ਨਾਲ ਪਹਿਲਾਂ ਇਸ ਹਸਪਤਾਲ ਵਿਚ ਦੋ ਸਰਕਾਰੀ ਡਾਕਟਰ ਹਫਤੇ ਵਿਚ ਵਾਰੀ-ਵਾਰੀ ਡਿਊਟੀ ਦੇਣ ਆਉਂਦੇ ਹਨ ਅਤੇ ਇਸ ਹਸਪਤਾਲ ਵਿਚ ਲੋਕਾਂ ਨੂੰ ਸਸਤੀਆਂ ਸਿਹਤ ਸਹੂਲਤਾਂ ਕੁੱਝ ਸਮੇਂ ਤੋਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਹਨ |
The post ਕਿਸੇ ਨੇ ਸਾਡੀ ਗੱਲ ਨਾ ਸੁਣੀ… first appeared on Punjabi News Online.
source https://punjabinewsonline.com/2022/04/05/%e0%a8%95%e0%a8%bf%e0%a8%b8%e0%a9%87-%e0%a8%a8%e0%a9%87-%e0%a8%b8%e0%a8%be%e0%a8%a1%e0%a9%80-%e0%a8%97%e0%a9%b1%e0%a8%b2-%e0%a8%a8%e0%a8%be-%e0%a8%b8%e0%a9%81%e0%a8%a3%e0%a9%80/