
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਸੋਮਵਾਰ ਨੂੰ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ‘ਤੇ ਜੰਗੀ ਅਪਰਾਧਾਂ ਦਾ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਯੂਕਰੇਨ ‘ਚ ਅੱਤਿਆਚਾਰਾਂ ਦੀਆਂ ਖਬਰਾਂ ਤੋਂ ਬਾਅਦ ਹੋਰ ਪਾਬੰਦੀਆਂ ਲਗਾਉਣਾ ਚਾਹੁੰਦੇ ਹਨ। ਬਾਇਡਨ ਨੇ ਕਿਹਾ, “ਤੁਸੀਂ ਦੇਖਿਆ ਕਿ ਬੁਚਾ ਵਿੱਚ ਕੀ ਹੋਇਆ।” ਉਨ੍ਹਾਂ ਨੇ ਕਿਹਾ ਕਿ ਪੁਤਿਨ “ਜੰਗੀ ਅਪਰਾਧੀ” ਹੈ।
ਪੱਤਰਕਾਰਾਂ ਨਾਲ ਗੱਲ ਕਰਦਿਆਂ ਬਾਇਡਨ ਨੇ ਇਹ ਟਿੱਪਣੀ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਦੇ ਬੁਚਾ ਦੌਰੇ ਤੋਂ ਬਾਅਦ ਕੀਤੀ। ਬੁਚਾ ਰਾਜਧਾਨੀ ਕੀਵ ਦੇ ਆਲੇ-ਦੁਆਲੇ ਦੇ ਕਸਬਿਆਂ ਵਿੱਚੋਂ ਇੱਕ ਹੈ ਜਿੱਥੇ ਯੂਕਰੇਨੀ ਅਧਿਕਾਰੀਆਂ ਨੇ ਨਾਗਰਿਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਜ਼ੇਲੇਨਸਕੀ ਨੇ ਰੂਸ ਦੇ ਇਸ ਕਦਮ ਨੂੰ ‘ਨਸਲਕੁਸ਼ੀ’ ਕਰਾਰ ਦਿੱਤਾ ਅਤੇ ਪੱਛਮੀ ਦੇਸ਼ਾਂ ਨੂੰ ਰੂਸ ਵਿਰੁੱਧ ਹੋਰ ਸਖ਼ਤ ਪਾਬੰਦੀਆਂ ਦੀ ਅਪੀਲ ਕੀਤੀ। ਬਾਇਡਨ, ਹਾਲਾਂਕਿ, ਇਸ ਨੂੰ ਨਸਲਕੁਸ਼ੀ ਦੀ ਕਾਰਵਾਈ ਕਹਿਣ ਤੋਂ ਪਰਹੇਜ਼ ਕਰਦਾ ਦਿਖਾਈ ਦਿੱਤਾ। ਯੂਕਰੇਨ ਦੇ ਪ੍ਰੌਸੀਕਿਊਟਰ ਜਨਰਲ ਇਰੀਆਨਾ ਵੇਨੇਡਿਕਟੋਵਾ ਨੇ ਕਿਹਾ ਕਿ ਕੀਵ ਖੇਤਰ ਦੇ ਕਸਬਿਆਂ ਤੋਂ ਹੁਣ ਤੱਕ 410 ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਇਨ੍ਹਾਂ ਕਸਬਿਆਂ ਨੂੰ ਹਾਲ ਹੀ ਵਿੱਚ ਰੂਸੀ ਫ਼ੌਜਾਂ ਤੋਂ ਆਜ਼ਾਦ ਕਰਵਾਇਆ ਗਿਆ ਸੀ। ਐਸੋਸੀਏਟਿਡ ਪ੍ਰੈਸ ਦੇ ਪੱਤਰਕਾਰਾਂ ਨੇ ਰਾਜਧਾਨੀ ਦੇ ਉੱਤਰ-ਪੱਛਮ ਵਿੱਚ ਬੁਚਾ ਦੇ ਆਲੇ ਦੁਆਲੇ ਘੱਟੋ-ਘੱਟ 21 ਲਾਸ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖਿਆ।
ਬਾਇਡਨ ਨੇ ਕਿਹਾ, “ਅਸੀਂ ਯੂਕਰੇਨ ਨੂੰ ਉਹ ਹਥਿਆਰ ਦਿੰਦੇ ਰਹਾਂਗੇ ਜੋ ਉਨ੍ਹਾਂ ਨੂੰ ਲੜਦੇ ਰਹਿਣ ਲਈ ਲੋੜੀਂਦੇ ਹਨ। ਅਸੀਂ ਇਸ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਾਂ ਇਹ ਵੇਖਣ ਲਈ ਕਿ ਕੀ ਇਸ ‘ਤੇ ਅਸਲ ਵਿੱਚ ਯੁੱਧ ਅਪਰਾਧਾਂ ਲਈ ਮੁਕੱਦਮਾ ਚਲਾਇਆ ਜਾ ਸਕਦਾ ਹੈ।” ਬਾਇਡਨ ਨੇ ਪੁਤਿਨ ਨੂੰ “ਬੇਰਹਿਮ” ਕਹਿੰਦੇ ਹੋਏ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ “ਬੂਚਾ ਵਿੱਚ ਜੋ ਵੀ ਹੋਇਆ ਉਹ ਬੇਰਹਿਮ ਸੀ ਅਤੇ ਹਰ ਕਿਸੇ ਨੇ ਦੇਖਿਆ ਹੈ।” ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਯੂਰਪੀਅਨ ਯੂਨੀਅਨ ਸਥਾਨਕ ਪ੍ਰੌਸੀਕਿਊਟਰ ਜਨਰਲ ਨੂੰ “ਯੁੱਧ ਅਪਰਾਧ ਦੇ ਦਸਤਾਵੇਜ਼” ਵਿੱਚ ਮਦਦ ਕਰਨ ਲਈ ਜਾਂਚਕਰਤਾਵਾਂ ਨੂੰ ਯੂਕਰੇਨ ਭੇਜੇਗਾ।
The post ਪੁਤਿਨ “ਜੰਗੀ ਅਪਰਾਧੀ” ਹੈ :-ਬਾਇਡਨ first appeared on Punjabi News Online.
source https://punjabinewsonline.com/2022/04/05/%e0%a8%aa%e0%a9%81%e0%a8%a4%e0%a8%bf%e0%a8%a8-%e0%a8%9c%e0%a9%b0%e0%a8%97%e0%a9%80-%e0%a8%85%e0%a8%aa%e0%a8%b0%e0%a8%be%e0%a8%a7%e0%a9%80-%e0%a8%b9%e0%a9%88-%e0%a8%ac%e0%a8%be/