
ਪੱਛਮੀ ਬੰਗਾਲ ਵਿਧਾਨ ਸਭਾ ਦੇ ਬਜਟ ਸੈਸ਼ਨ ਵਿਚ ਟੀਐਮਸੀ ਤੇ ਭਾਜਪਾ ਵਿਧਾਇਕ ਇਕ-ਦੂਜੇ ਨਾਲ ਹੱਥੋਪਾਈ ਹੋ ਗਏ। ਬੀਰਭੂਮ ਹੱਤਿਆ ਕਾਂਡ ’ਤੇ ਸੱਤਾਧਾਰੀ ਤੇ ਵਿਰੋਧੀ ਧਿਰਾਂ ਵਿਚਾਲੇ ਤਿੱਖੀ ਤਕਰਾਰ ਹੋਈ। ਇਸ ਦੌਰਾਨ ਸਪੀਕਰ ਨੇ ਵਿਰੋਧੀ ਧਿਰ ਦੇ ਆਗੂ ਸ਼ੁਵੇਂਦੂ ਅਧਿਕਾਰੀ ਸਣੇ ਭਾਜਪਾ ਦੇ ਪੰਜ ਵਿਧਾਇਕਾਂ ਨੂੰ ਮੁਅੱਤਲ ਕਰ ਦਿੱਤਾ। ਸ਼ੁਵੇਂਦੂ ਉਤੇ ਇਕ ਵਿਰੋਧੀ ਵਿਧਾਇਕ ਦਾ ਨੱਕ ਭੰਨ੍ਹਣ ਦਾ ਦੋਸ਼ ਹੈ। ਜਿਵੇਂ ਹੀ 11 ਵਜੇ ਸਦਨ ਜੁੜਿਆ ਤਾਂ ਭਾਜਪਾ ਦੇ ਵਿਧਾਇਕ ਸਦਨ ਵਿਚਕਾਰ ਇਕੱਠੇ ਹੋ ਗਏ। ਉਹ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ‘ਵਿਗੜ’ ਰਹੀ ਕਾਨੂੰਨ-ਵਿਵਸਥਾ ਬਾਰੇ ਬਿਆਨ ਜਾਰੀ ਕਰਨ ਦੀ ਮੰਗ ਕਰਨ ਲੱਗੇ। ਜ਼ਿਕਰਯੋਗ ਹੈ ਕਿ ਬੀਰਭੂਮ ਜ਼ਿਲ੍ਹੇ ਵਿਚ ਪਿਛਲੇ ਹਫ਼ਤੇ ਹੋਈ ਅੱਗਜ਼ਨੀ ’ਚ ਅੱਠ ਜਣੇ ਸੜ ਕੇ ਮਰ ਗਏ ਸਨ। ਸਪੀਕਰ ਬਿਮਨ ਬੈਨਰਜੀ ਨੇ ਨਾਅਰੇਬਾਜ਼ੀ ਕਰ ਰਹੇ ਭਾਜਪਾ ਦੇ ਵਿਧਾਇਕਾਂ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ ਪਰ ਇਸੇ ਦੌਰਾਨ ਵਿਰੋਧੀ ਧਿਰ ਦੇ ਵਿਧਾਇਕ ਸੱਤਾਧਾਰੀਆਂ ਨਾਲ ਹੱਥੋਪਾਈ ਹੋ ਗਏ। ਸ਼ੁਵੇਂਦੂ ਅਧਿਕਾਰੀ ਮਗਰੋਂ ਸਦਨ ਵਿਚੋਂ ਬਾਹਰ ਚਲੇ ਗਏ ਤੇ ਦਾਅਵਾ ਕੀਤਾ ਕਿ ਟੀਐਮਸੀ ਦੇ ਵਿਧਾਇਕਾਂ ਨੇ ਭਾਜਪਾ ਮੈਂਬਰਾਂ ਦੀ ਕੁੱਟਮਾਰ ਕੀਤੀ ਹੈ। ਅਧਿਕਾਰੀ ਨੇ ਕਿਹਾ ਕਿ ਵਿਧਾਇਕ ਸਦਨ ਦੇ ਅੰਦਰ ਵੀ ਸੁਰੱਖਿਅਤ ਨਹੀਂ ਹਨ, ਸਾਡੇ ਕਰੀਬ 8-10 ਵਿਧਾਇਕਾਂ ਨੂੰ ਕੁੱਟਿਆ ਗਿਆ ਹੈ। ਟੀਐਮਸੀ ਆਗੂ ਤੇ ਮੰਤਰੀ ਫਰਹਾਦ ਹਕੀਮ ਨੇ ਦਾਅਵਾ ਕੀਤਾ ਕਿ ਭਾਜਪਾ ਵਿਧਾਨ ਸਭਾ ਵਿਚ ਡਰਾਮਾ ਕਰ ਕੇ ਹੰਗਾਮਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਟੀਐਮਸੀ ਦੇ ਕੁਝ ਵਿਧਾਇਕ ਵਿਧਾਨ ਸਭਾ ਵਿਚ ਫੱਟੜ ਹੋ ਗਏ ਹਨ। ਟੀਐਮਸੀ ਵਿਧਾਇਕ ਅਸਿਤ ਮਜੂਮਦਾਰ ਤੇ ਭਾਜਪਾ ਦੇ ਚੀਫ ਵਿਪ੍ਹ ਮਨੋਜ ਟਿੱਗਾ ਨੂੰ ਹਸਪਤਾਲ ਲਿਜਾਣਾ ਪਿਆ। ਸਪੀਕਰ ਨੇ ਕਿਹਾ ਕਿ ਅੱਜ ਜੋ ਹੋਇਆ ‘ਉਹ ਬਰਦਾਸ਼ਤ ਤੋਂ ਬਾਹਰ ਹੈ ਤੇ ਲੋਕਤੰਤਰ ਲਈ ਸ਼ਰਮਨਾਕ ਹੈ।’ ਬੈਨਰਜੀ ਨੇ ਮਗਰੋਂ ਵਿਧਾਨ ਸਭਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ। ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਸਦਨ ਦੇ ਮਹਿਲਾ ਸਟਾਫ਼ ਨਾਲ ਦੁਰਵਿਹਾਰ ਕਰਨ ਦਾ ਦੋਸ਼ ਵੀ ਲਾਇਆ। ਅਧਿਕਾਰੀ ਨੇ ਕਿਹਾ ਕਿ ਮਮਤਾ ਸਰਕਾਰ ਤਾਨਾਸ਼ਾਹ ਢੰਗ ਨਾਲ ਚੱਲ ਰਹੀ ਹੈ ਤੇ ਉਹ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।
The post ਪੱਛਮੀ ਬੰਗਾਲ ਵਿਧਾਨ ਸਭਾ ’ਚ ਵਿਧਾਇਕ ਛਿੱਤਰੋ-ਛਿੱਤਰੀ, ਕਈ ਜਖ਼ਮੀ first appeared on Punjabi News Online.
source https://punjabinewsonline.com/2022/03/29/%e0%a8%aa%e0%a9%b1%e0%a8%9b%e0%a8%ae%e0%a9%80-%e0%a8%ac%e0%a9%b0%e0%a8%97%e0%a8%be%e0%a8%b2-%e0%a8%b5%e0%a8%bf%e0%a8%a7%e0%a8%be%e0%a8%a8-%e0%a8%b8%e0%a8%ad%e0%a8%be-%e0%a8%9a-%e0%a8%b5/