ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਮਣੇ ਵੱਡੀ ਸਿਆਸੀ ਚੁਣੌਤੀ : ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼

ਪਾਕਿਸਤਾਨ ’ਚ ਵਿਰੋਧੀ ਧਿਰ ਦੇ ਆਗੂ ਅਤੇ ਪੀਐਮਐਲ-ਐੱਨ ਦੇ ਪ੍ਰਧਾਨ ਸ਼ਾਹਬਾਜ਼ ਸ਼ਰੀਫ਼ ਨੇ ਅੱਜ ਕੌਮੀ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁੱਧ ਬੇਭਰੋਸਗੀ ਮਤਾ ਪੇਸ਼ ਕਰ ਦਿੱਤਾ। 2018 ਵਿਚ ਸੱਤਾ ਸੰਭਾਲਣ ਤੋਂ ਬਾਅਦ ਇਮਰਾਨ ਆਪਣੇ ਕਾਰਜਕਾਲ ਦੇ ਸਭ ਤੋਂ ਵੱਡੇ ਸਿਆਸੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਜਿਹੜੇ ਮਤਾ ਪੇਸ਼ ਕਰਨ ਦੇ ਹੱਕ ਵਿਚ ਹਨ, ਉਹ ਖੜ੍ਹੇ ਹੋ ਜਾਣ ਤਾਂ ਕਿ ਗਿਣਤੀ ਕੀਤੀ ਜਾ ਸਕੇ। ਸ਼ਰੀਫ਼ ਨੇ ਪਹਿਲਾਂ ਹੇਠਲੇ ਸਦਨ ਵਿਚ ਮਤਾ ਪੇਸ਼ ਕਰਨ ਦੀ ਇਜਾਜ਼ਤ ਮੰਗੀ ਜਿੱਥੇ ਇਸ ਨੂੰ 161 ਵੋਟਾਂ ਨਾਲ ਮਨਜ਼ੂਰੀ ਮਿਲੀ। ਇਸ ਤੋਂ ਬਾਅਦ ਸ਼ਰੀਫ਼ ਵੱਲੋਂ ਬੇਭਰੋਸਗੀ ਮਤਾ ਪੇਸ਼ ਕੀਤਾ ਗਿਆ ਜੋ ਕਿ ਸੰਵਿਧਾਨਕ ਪ੍ਰਕਿਰਿਆ ਦਾ ਪਹਿਲਾ ਹਿੱਸਾ ਸੀ। ਇਸ ਮਤੇ ਵਿਚ ਕਿਹਾ ਗਿਆ ਹੈ ਕਿ ਸਦਨ ਮੰਨਦਾ ਹੈ ਕਿ ਇਸ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਿਆਜ਼ੀ ਉਤੇ ਭਰੋਸਾ ਨਹੀਂ ਹੈ, ਇਸ ਲਈ ਉਨ੍ਹਾਂ ਨੂੰ ਹੁਣ ਅਹੁਦੇ ’ਤੇ ਬਣੇ ਰਹਿਣ ਦਾ ਹੱਕ ਨਹੀਂ ਹੈ। ਇਸ ਮਤੇ ਉਤੇ ਵੋਟਿੰਗ ਤਿੰਨ ਤੋ ਸੱਤ ਦਿਨਾਂ ਵਿਚ ਹੋਣੀ ਜ਼ਰੂਰੀ ਹੈ, ਇਸ ਲਈ ਡਿਪਟੀ ਸਪੀਕਰ ਨੇ ਸੈਸ਼ਨ ਨੂੰ 31 ਮਾਰਚ ਸ਼ਾਮ 4 ਵਜੇ ਤੱਕ ਮੁਲਤਵੀ ਕਰ ਦਿੱਤਾ। ਹੁਣ 31 ਨੂੰ ਸੈਸ਼ਨ ਮੁੜ ਜੁੜੇਗਾ ਤੇ ਵੋਟਿੰਗ ਹੋਵੇਗੀ। ਪ੍ਰਧਾਨ ਮੰਤਰੀ ਇਮਰਾਨ ਨੂੰ ਅਹੁਦੇ ਉਤੇ ਬਣੇ ਰਹਿਣ ਲਈ 172 ਵੋਟਾਂ ਦੀ ਲੋੜ ਹੈ ਜਦਕਿ ਕੁੱਲ ਮੈਂਬਰ 342 ਹਨ। ਜ਼ਿਕਰਯੋਗ ਹੈ ਕਿ ਖਾਨ ਦੇ ਸਹਿਯੋਗੀ 23 ਮੈਂਬਰ ਉਨ੍ਹਾਂ ਨੂੰ ਸਮਰਥਨ ਨਹੀਂ ਦੇ ਰਹੇ ਤੇ ਨਾਲ ਹੀ ਸੱਤਾਧਾਰੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਵੀ ਕਈ ਮੈਂਬਰਾਂ ਨੇ ਬਗਾਵਤ ਕਰ ਦਿੱਤੀ ਹੈ। ਪਰ ਸਥਿਤੀ ਹਾਲੇ ਵੀ ਸਪੱਸ਼ਟ ਨਹੀਂ ਹੈ। ਜ਼ਿਕਰਯੋਗ ਹੈ ਕਿ ਵਿਰੋਧੀ ਧਿਰਾਂ ਨੇ 8 ਮਾਰਚ ਨੂੰ ਕੌਮੀ ਅਸੈਂਬਲੀ ਵਿਚ ਇਮਰਾਨ ਖ਼ਿਲਾਫ਼ ਮਤਾ ਦਾਖਲ ਕੀਤਾ ਸੀ।
ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਭਾਈਵਾਲ ਪਾਕਿਸਤਾਨ ਮੁਸਲਿਮ ਲੀਗ-ਕਿਊ ਦੇ ਆਗੂ ਚੌਧਰੀ ਪਰਵੇਜ਼ ਇਲਾਹੀ ਨੂੰ ਪੰਜਾਬ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸਮਰਥਨ ਦੇਣਗੇ। ਪੀਟੀਆਈ ਦੇ ਇਸ ਯਤਨ ਨੂੰ ਸੱਤਾਧਾਰੀ ਗੱਠਜੋੜ ਦੇ ਅਹਿਮ ਭਾਈਵਾਲ ਨੂੰ ਮਨਾਉਣ ਦੇ ਯਤਨਾਂ ਵਜੋਂ ਦੇਖਿਆ ਜਾ ਰਿਹਾ ਹੈ। ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਨੇ ਪ੍ਰਧਾਨ ਮੰਤਰੀ ਨੂੰ ਅਸਤੀਫ਼ਾ ਸੌਂਪ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪੀਐਮਐਲ-ਕਿਊ, ਇਮਰਾਨ ਦੀ ਪਾਰਟੀ ਪੀਟੀਆਈ ਦੀ ਕੇਂਦਰ ਤੇ ਪੰਜਾਬ ਵਿਚ ਅਹਿਮ ਭਾਈਵਾਲ ਹੈ। ਇਸ ਦੇ ਕੌਮੀ ਅਸੈਂਬਲੀ ਵਿਚ ਪੰਜ ਮੈਂਬਰ ਹਨ।

The post ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਹਮਣੇ ਵੱਡੀ ਸਿਆਸੀ ਚੁਣੌਤੀ : ਇਮਰਾਨ ਖਾਨ ਖ਼ਿਲਾਫ਼ ਬੇਭਰੋਸਗੀ ਮਤਾ ਪੇਸ਼ first appeared on Punjabi News Online.



source https://punjabinewsonline.com/2022/03/29/%e0%a8%aa%e0%a8%be%e0%a8%95%e0%a8%bf%e0%a8%b8%e0%a8%a4%e0%a8%be%e0%a8%a8-%e0%a8%a6%e0%a9%87-%e0%a8%aa%e0%a9%8d%e0%a8%b0%e0%a8%a7%e0%a8%be%e0%a8%a8-%e0%a8%ae%e0%a9%b0%e0%a8%a4%e0%a8%b0%e0%a9%80/
Previous Post Next Post

Contact Form