External Affairs Minister : ਕੇਂਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ 350 ਨੌਜਵਾਨਾਂ ਨੂੰ ਵਾਪਸ ਲਿਆਉਣ ਲਈ ਮਲੇਸ਼ੀਆ ਸਰਕਾਰ ਨਾਲ ਗੱਲਬਾਤ ਕਰਨ ਜੋ ਗੈਰ ਕਾਨੂੰਨੀ ਤੌਰ ‘ਤੇ ਰਹਿਣ ਕਾਰਨ ਜੇਲ੍ਹ ਭੇਜ ਦਿੱਤੇ ਗਏ ਸਨ ਤੇ ਹੁਣ ਸਜ਼ਾਵਾਂ ਪੂਰੀਆਂ ਹੋਣ ਮਗਰੋਂ ਵੀ ਮਲੇਸ਼ੀਆਂ ਵਿਚ ਫਸੇ ਹੋਏ ਹਨ। ਇਹ ਪ੍ਰਭਾਵਤ ਨੌਜਵਾਨਾਂ ਦੇ ਪਰਿਵਾਰਾਂ ਨੇ ਅੱਜ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਬੰਸ ਸਿੰਘ ਰੋਮਾਣਾ ਤੇ ਸਕੱਤਰ ਜਨਰਲ ਸਰਬਜੋਤ ਸਿੰਘ ਸਾਬੀ ਨੂੰ ਨਾਲ ਲੈ ਕੇ ਇਥੇ ਪਿੰਡ ਬਾਦਲ ਵਿਚਲੀ ਰਿਹਾਇਸ਼ ‘ਤੇ ਹਰਸਿਮਰਤ ਕੌਰ ਬਾਦਲ ਨਾਲ ਮੁਲਾਕਾਤ ਕੀਤੀ। ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰੀ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਮਲੇਸ਼ੀਆ ਵਿਚ ਗੈਰ ਕਾਨੂੰਨੀ ਤੌਰ ‘ਤੇ ਰਹਿਣ ਕਾਰਨ ਮਿਲੀਆਂ ਸਜ਼ਾਵਾਂ ਪੂਰੀਆਂ ਕਰਨ ਮਗਰੋਂ ਹੁਣ ਕੈਂਪਾਂ ਵਿਚ ਨਜ਼ਰਬੰਦ ਕੀਤੇ ਹੋਏੇ ਹਨ। ਬਾਦਲ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨਾਲ ਟਰੈਵਲ ਏਜੰਟ ਠੱਗੀ ਮਾਰ ਗਏ ਹਨ ਜੋ ਇਹਨਾਂ ਨੂੰ ਕੰਮ ਦੁਆਉਣ ਦਾ ਲਾਅਰਾ ਲਗਾ ਕੇ ਮਲੇਸ਼ੀਆ ਲੈ ਗਏ ਸਨ। ਉਨ੍ਹਾਂ ਕਿਹਾ ਕਿ ਇਹਨਾਂ ਨੌਜਵਾਨਾਂ ਨੂੰ ਆਪਣਾ ਖਰਚਾ ਆਪ ਕਰਨਾ ਪਿਆ ਤੇ ਇਸ ਦੌਰਾਨ ਹੀ ਇਹ ਵੀਜ਼ੇ ਖਤਮ ਹੋਣ ਤੋਂ ਬਾਅਦ ਵੀ ਮਲੇਸ਼ੀਆ ਵਿਚ ਫਸੇ ਰਹੇ।
ਬਾਦਲ ਨੇ ਮੌਕੇ ‘ਤੇ ਹੀ ਮਲੇਸ਼ੀਆ ਵਿਚ ਭਾਰਤੀ ਹਾਈ ਕਮਿਸ਼ਨਰ ਨੂੰ ਫੋਨ ਕੀਤਾ ਤੇ ਉਨ੍ਹਾਂ ਨੂੰ ਇਨ੍ਹਾਂ ਨੌਜਵਾਨਾਂ ਦੀ ਹਰ ਸੰਭਵ ਮਦਦ ਕਰਨ ਵਾਸਤੇ ਇਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਕਿਹਾ। ਉਨ੍ਹਾਂ ਨੇ ਹਾਈ ਕਮਿਸ਼ਨਰ ਨੂੰ ਇਹ ਵੀ ਬੇਨਤੀ ਕੀਤੀ ਕਿ ਸਫਾਰਤਖਾਨੇ ਤੋਂ ਕਿਸੇ ਅਫਸਰ ਦੀ ਡਿਊਟੀ ਇਨ੍ਹਾਂ ਨੌਜਵਾਨਾਂ ਨੂੰ ਮਿਲ ਕੇ ਇਨ੍ਹਾਂ ਦੀ ਇਨ੍ਹਾਂ ਦੇ ਪੰਜਾਬ ਵਿਚ ਪਰਿਵਾਰਾਂ ਨਾਲ ਗੱਲਬਾਤ ਕਰਵਾਉਣ ਵਾਸਤੇ ਲਗਾਈ ਜਾਵੇ। ਬਾਦਲ ਨੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਮਾਮਲਾ ਵਿਦੇਸ਼ ਮੰਤਰੀ ਕੋਲ ਵੀ ਚੁੱਕਣਗੇ ਤੇ ਯਕੀਨੀ ਬਣਾਉਣਗੇ ਕਿ ਇਹ ਨੌਜਵਾਨ ਜਿੰਨੀ ਛੇਤੀ ਹੋ ਸਕੇ ਵਾਪਸ ਲਿਆਂਦੇ ਜਾਣ।
ਇਸ ਮਾਮਲੇ ਦੀ ਜਾਣਕਾਰੀ ਸਾਂਝੀ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਪਰਮਬੰਸ ਸਿੰਘ ਰੋਮਾਣਾ ਨੇ ਦੱਸਿਆ ਕਿ ਪ੍ਰਭਾਵਤ ਪਰਿਵਾਰਾਂ ਨੇ ਯੂਥ ਅਕਾਲੀ ਦਲ ਕੋਲ ਪਹੁੰਚ ਕੀਤੀ ਸੀ ਤੇ ਬਾਦਲ ਨਾਲ ਮੁਲਾਕਾਤ ਕਰਵਾਉਣ ਦੀ ਬੇਨਤੀ ਕੀਤੀ ਸੀ ਕਿਉਂਕਿ ਇਨ੍ਹਾਂ ਦੇ ਆਪਣੇ ਪੁੱਤਰਾਂ ਨੂੰ ਵਾਪਸ ਲਿਆਉਣ ਲਈ ਕੀਤੇ ਸਾਰੇ ਯਤਨਾਂ ਨੂੰ ਬੂਰ ਨਹੀਂ ਪਿਆ। ਰੋਮਾਣਾ ਨੇ ਦੱਸਿਆ ਕਿ ਯੂਥ ਅਕਾਲੀ ਦਲ ਇਨ੍ਹਾਂ ਨੌਜਵਾਨਾਂ ਨੂੰ ਪੰਜਾਬ ਵਾਪਸ ਲਿਆਉਣ ਲਈ ਮਦਦ ਕਰਨ ਵਾਸਤੇ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਯੂਥ ਵਿੰਗ ਨੂੰ ਇਹ ਵੀ ਜਾਣਕਾਰੀ ਮਿਲੀ ਹੈ ਕਿ ਕਈ ਨੌਜਵਾਨਾਂ ਕੋਲ ਵਾਪਸੀ ਦੀ ਟਿਕਟ ਖਰੀਦਣ ਜੋਗੇ ਪੈਸੇ ਵੀ ਨਹੀਂ ਹਨ, ਅਜਿਹੇ ਨੌਜਵਾਨਾਂ ਦੇ ਵਾਪਸੀ ਦੇ ਸਫਰ ਦਾ ਖਰਚ ਯੂਥ ਅਕਾਲੀ ਦਲ ਚੁੱਕੇਗਾ।
The post ਹਰਸਿਮਰਤ ਬਾਦਲ ਨੇ ਮਲੇਸ਼ੀਆ ‘ਚ ਫਸੇ ਪੰਜਾਬੀਆਂ ਨੂੰ ਵਾਪਸ ਲਿਆਉਣ ਲਈ ਵਿਦੇਸ਼ੀ ਮੰਤਰੀ ਨੂੰ ਕੀਤੀ ਅਪੀਲ appeared first on Daily Post Punjabi.