ਸ਼੍ਰੋਮਣੀ ਅਕਾਲੀ ਦਲ ਨੇ ਬਰਨਾਲਾ ਜ਼ਿਲ੍ਹੇ ਦੇ ਭਦੌੜ ਵਿਧਾਨ ਸਭਾ ਖੇਤਰ ਵਿਚ ‘ਪੰਜਾਬ ਬਚਾਓ’ ਰੈਲੀ ਕੀਤੀ। ਇਸ ਰੈਲੀ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਸ. ਬਿਕਰਮ ਸਿੰਘ ਮਜੀਠੀਆ ਸ਼ਾਮਲ ਹੋਏ। ਮੀਂਹ ਦੇ ਬਾਵਜੂਦ ਵਰਕਰਾਂ ਵਿਚ ਉਤਸ਼ਾਹ ਦੇਖਿਆ ਗਿਆ। ਇਸ ਮੌਕੇ ਸ. ਬਾਦਲ ਨੇ ਕਿਹਾ ਕਿ ਇਕ ਪਾਸੇ ਤੁਹਾਡੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਦੂਜੇ ਪਾਸੇ ਦਿੱਲੀ ਦੀਆਂ ਪਾਰਟੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਪੰਥ, ਜਮਾਤ ਤੇ ਇਕੋ ਇਕ ਖੇਤਰੀ ਪਾਰਟੀ ਹੈ।
ਉਨ੍ਹਾਂ ਨੇ ਦਾਅਵਾ ਕੀਤਾ ਕਿ ਪੰਜਾਬ ਨੇ ਹੁਣ ਤੱਕ ਜੋ ਵੀ ਵਿਕਾਸ ਕੀਤਾ ਹੈ ਉਹ ਅਕਾਲੀ ਸਰਕਾਰ ਦੇ ਕਾਰਜਕਾਲ ਵਿਚ ਹੀ ਹੋਇਆ ਹੈ। ਉਨ੍ਹਾਂ ਨੇ ਸੜਕਾਂ, ਨਹਿਰਾਂ, ਥਰਮਲ ਪਲਾਂਟ, ਕਾਲਜ, ਯੂਨੀਵਰਸਿਟੀ ਤੇ ਹੋਰ ਜਨਕਲਿਆਣਕਾਰੀ ਯੋਜਨਾਵਾਂ ਨੂੰ ਅਕਾਲੀ ਸਰਕਾਰ ਦੀ ਦੇਣ ਦੱਸਿਆ।
ਸੁਖਬੀਰ ਬਾਦਲ ਨੇ ਭਾਰੀ ਮੀਂਹ ਦੇ ਬਾਵਜੂਦ ਵਰਕਰਾਂ ਦੇ ਜ਼ਬਰਦਸਤ ਜੋਸ਼ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਇਕ ਵੀ ਵਰਕਰ ਰੈਲੀ ਵਾਲੀ ਥਾਂ ਤੋਂ ਨਹੀਂ ਗਿਆ ਜੋ ਕਿ ਦਰਸਾਉਂਦਾ ਹੈ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇਗੀ। ਉਨ੍ਹਾਂ ਨੇ ਬਰਨਾਲਾ ਦੇ ਲੋਕਾਂ ਨੂੰ ਸਰਕਾਰਾਂ ਤੈਅ ਕਰਨ ਵਾਲਾ ਦੱਸਿਆ ਤੇ ਕਿਹਾ ਕਿ ਅੱਜ ਦਾ ਇਕੱਠ 2027 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੀ ਨੀਂਹ ਰੱਖ ਰਿਹਾ ਹੈ।
ਇਹ ਵੀ ਪੜ੍ਹੋ : ਹੈਪੀ ਸਰਪੰਚ ਕ.ਤ/ਲ ਮਾਮਲੇ ‘ਚ ਮੁਲਜ਼ਮਾਂ ਦਾ 5 ਦਿਨਾਂ ਦਾ ਮਿਲਿਆ ਰਿਮਾਂਡ, DSP ਨੇ ਕੀਤੇ ਅਹਿਮ ਖੁਲਾਸੇ
ਉਨ੍ਹਾਂ ਕਿਹਾ ਕਿ ਜੇਕਰ 2027 ਵਿਚ ਸਾਡੀ ਸਰਕਾਰ ਆਈ ਤਾਂ ਪੰਜਾਬ ਦੇ ਦਰਿਆਵਾਂ ਵਿਚ ਇਕ ਵੀ ਕਿਸੇ ਫੈਕਟਰੀ, ਸੀਵਰੇਜ ਦਾ ਪਾਣੀ ਨਹੀਂ ਜਾਣ ਦਿੱਤਾ ਜਾਵੇਗਾ। ਸਾਡੀ ਸਰਕਾਰ ਆਉਣ ‘ਤੇ ਫਿਰ ਤੋਂ ਕਬੱਡੀ ਵਰਲਡ ਕੱਪ ਸ਼ੁਰੂ ਹੋਵੇਗਾ। ਪੰਜਾਬ ਦੇ ਹਰ ਪਿੰਡ ਦੀ ਗਲੀ ਸੀਮੈਂਟ ਨੂੰ ਪੱਕਾ ਕਰਕੇ ਬਣਾਇਆ ਜਾਵੇਗਾ। ਪੰਜਾਬ ਵਿਚ 75 ਫੀਸਦੀ ਨੌਕਰੀਆਂ ਪੰਜਾਬੀ ਨੌਜਵਾਨਾਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ। ਨੌਜਵਾਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਲਈ 10 ਲੱਖ ਰੁਪਏ ਤੱਕ ਦਾ ਵਿਆਜ ਮੁਕਤ ਲੋਨ ਦੇਣ ਦਾ ਵੀ ਐਲਾਨ ਕੀਤਾ।
ਵੀਡੀਓ ਲਈ ਕਲਿੱਕ ਕਰੋ -:
The post ‘ਪੰਜਾਬ ਬਚਾਓ’ ਰੈਲੀ ‘ਚ ਸੁਖਬੀਰ ਬਾਦਲ ਦੇ ਧਾਕੜ ਬੋਲ-‘ਪੰਜਾਬ ‘ਚ ਝੂਲੇਗਾ ਤਾਂ ਸਿਰਫ ਤੱਕੜੀ ਚੋਣ ਨਿਸ਼ਾਨ’ appeared first on Daily Post Punjabi.

