ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਪੰਜ ਤੱਤਾਂ ਵਿਚ ਵਿਲੀਨ ਹੋ ਗਏ। ਵਰਿੰਦਰ ਘੁੰਮਣ ਦਾ ਅੰਤਿਮ ਸਸਕਾਰ ਜਲੰਧਰ ਦੇ ਮਾਡਲ ਟਾਊਨ ਵਿਖੇ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਕਾਫੀ ਵੱਡੀ ਗਿਣਤੀ ਵਿਚ ਲੋਕ ਵਰਿੰਦਰ ਸਿੰਘ ਘੁੰਮਣ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚੇ ਸਨ। ਇਸ ਤੋਂ ਇਲਾਵਾ ਕਈ ਸਿਆਸੀ ਆਗੂ ਵੀ ਪਹੁੰਚੇ ਹੋਏ ਸਨ। ਜਿਥੇ ਦੋਸਤਾਂ ਨੇ ਘੁੰਮਣ ਦੀ ਅਰਥੀ ਨੂੰ ਮੋਢਾ ਦਿੱਤਾ ਉਥੇ ਪਤਨੀ ਸਣੇ ਪੂਰੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ। ਸਾਰਾ ਪਰਿਵਾਰ ਭੁੱਬਾਂ ਮਾਰ ਰੋ ਰਿਹਾ ਹੈ। ਕਿਸੇ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਘੁੰਮਣ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਰੋਂਦੇ-ਕੁਰਲਾਉਂਦੇ ਪਰਿਵਾਰਕ ਮੈਂਬਰ ਸ਼ਮਸ਼ਾਨ ਘਾਟ ਪਹੁੰਚੇ ਤੇ ਅੰਤਿਮ ਸਸਕਾਰ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਬੀਤੇ ਦਿਨੀਂ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਵਿਚ ਆਪ੍ਰੇਸ਼ਨ ਦੌਰਾਨ 2 ਹਾਰਟ ਅਟੈਕ ਆਉਣ ਨਾਲ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦੋਸਤਾਂ ਦਾ ਦੋਸ਼ ਹੈ ਕਿ ਘੁੰਮਣ ਦਾ ਸਰੀਰ ਨੀਲਾ ਪੈ ਗਿਆ ਸੀ ਤੇ ਹਸਪਤਾਲ ਪ੍ਰਸ਼ਾਸਨ ਨੇ ਲਾਪ੍ਰਵਾਹੀ ਕੀਤੀ ਹੈ। ਦੋਸਤਾਂ ਤੇ ਡਾਕਟਰਾਂ ਵਿਚ ਇਸ ਮਾਮਲੇ ਨੂੰ ਲੈ ਕੇ ਬਹਿਸ ਵੀ ਹੋਈ। ਜਦੋਂ ਦੋਸਤਾਂ ਨੇ ਸੀਸੀਟੀਵੀ ਦੀ ਮੰਗ ਕੀਤੀ ਤਾਂ ਹਸਪਤਾਲ ਵਾਲਿਆਂ ਨੇ ਦੱਸਿਆ ਕਿ ਆਪ੍ਰੇਸ਼ਨ ਥੀਏਟਰ ਵਿਚ ਕੈਮਰਾ ਨਹੀਂ ਹੈ ਸਿਰਫ ਬਾਹਰ ਦੀ ਫੁਟੇਜ ਉਪਲਬਧ ਹੈ ਜਿਸ ਵਿਚ ਘੁੰਮਣ ਦਾ ਬੈੱਡ ਨਜ਼ਰ ਨਹੀਂ ਆਉਂਦਾ।
ਵਰਿੰਦਰ ਘੁੰਮਣ ਜਲੰਧਰ ਦੇ ਮਾਡਲ ਹਾਊਸ ਵਿਖੇ ਆਪਣੇ ਜਿਮ ਵਿੱਚ ਕਸਰਤ ਕਰ ਰਿਹਾ ਸੀ, ਜਦੋਂ ਅਚਾਨਕ ਉਸਦੇ ਮੋਢੇ ਦੀ ਇੱਕ ਨਸ ਦਬ ਗਈ। ਉਸ ਦੀ ਹਾਲਤ ਵਿਗੜ ਗਈ ਅਤੇ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਹਾਲਾਂਕਿ, ਡਾਕਟਰਾਂ ਨੇ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮੂਲ ਤੌਰ ‘ਤੇ ਜਲੰਧਰ, ਪੰਜਾਬ ਦੇ ਰਹਿਣ ਵਾਲੇ, ਵਰਿੰਦਰ ਸਿੰਘ ਘੁੰਮਣ ਨੂੰ ਭਾਰਤ ਦੇ ਹੀ-ਮੈਨ ਵਜੋਂ ਵੀ ਜਾਣਿਆ ਜਾਂਦਾ ਸੀ। ਉਸ ਨੇ 2009 ਵਿੱਚ ਮਿਸਟਰ ਇੰਡੀਆ ਦਾ ਖਿਤਾਬ ਜਿੱਤਿਆ ਸੀ। ਉਹ ਇੱਕ ਪ੍ਰਮੁੱਖ ਭਾਰਤੀ ਪ੍ਰੋਫੈਸ਼ਨਲ ਬਾਡੀ ਬਿਲਡਰ, ਅਦਾਕਾਰ ਅਤੇ ਡੇਅਰੀ ਕਿਸਾਨ ਸੀ। ਉਸ ਨੂੰ ਦੁਨੀਆ ਦਾ ਪਹਿਲਾ ਸ਼ੁੱਧ ਸ਼ਾਕਾਹਾਰੀ ਪ੍ਰੋਫੈਸ਼ਨਲ ਬਾਡੀ ਬਿਲਡਰ ਮੰਨਿਆ ਜਾਂਦਾ ਸੀ ਅਤੇ ਭਾਰਤ ਦੇ ਬਾਡੀ ਬਿਲਡਿੰਗ ਦ੍ਰਿਸ਼ ਵਿੱਚ ਪ੍ਰੇਰਨਾ ਦਾ ਸਰੋਤ ਰਹੇ ਹਨ। ਵਰਿੰਦਰ ਭੁੱਲਰ ਦੀ ਮੌਤ ‘ਤੇ ਪੰਜਾਬ ਦੀਆਂ ਵੱਡੀਆ ਸ਼ਖਸੀਅਤਾਂ ਨੇ ਦੁੱਖ ਪ੍ਰਗਟਾਇਆ।
ਘੁੰਮਣ ਨੇ ਨਾ ਸਿਰਫ ਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਬਣਾਇਆ, ਬਲਕਿ ਅੰਤਰਰਾਸ਼ਟਰੀ ਪੱਧਰ ‘ਤੇ ਭਾਰਤ ਦਾ ਨਾਮ ਵੀ ਰੌਸ਼ਨ ਕੀਤਾ। ਵਰਿੰਦਰ ਘੁੰਮਣ ਨੇ ਕਈ ਪੰਜਾਬੀ ਅਤੇ ਹਿੰਦੀ ਫਿਲਮਾਂ ਵਿੱਚ ਕੰਮ ਕੀਤਾ ਹੈ। ਉਸ ਨੇ ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਸਣੇ ਕਈ ਵੱਡੇ ਸਿਤਾਰਿਆਂ ਨਾਲ ਵੀ ਕੰਮ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
The post ਪੰਜ ਤੱਤਾਂ ‘ਚ ਵਿਲੀਨ ਹੋਏ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ, ਹਰ ਕਿਸੇ ਦੀ ਅੱਖ ਹੋਈ ਨਮ appeared first on Daily Post Punjabi.

