ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਬਾਈਕ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ

ਆਂਧਰਾ ਪ੍ਰਦੇਸ਼ ਵਿੱਚ ਇੱਕ ਵੱਡਾ ਬੱਸ ਹਾਦਸਾ ਵਾਪਰ ਗਿਆ। ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਕੁਰਨੂਲ ਵਿੱਚ ਇੱਕ ਬਾਈਕ ਨਾਲ ਟਕਰਾਉਣ ਤੋਂ ਬਾਅਦ ਇੱਕ ਬੱਸ ਨੂੰ ਅੱਗ ਲੱਗ ਗਈ, ਇਸ ਮਗਰੋਂ ਚੀਕ-ਚਿਹਾੜਾ ਮਚ ਗਿਆ। ਹੁਣ ਤੱਕ, ਬੱਸ ਵਿੱਚ ਅੱਗ ਲੱਗਣ ਕਾਰਨ 20 ਲੋਕਾਂ ਦੀ ਮੌਤ ਹੋ ਗਈ ਹੈ। ਕਈ ਹੋਰ ਲੋਕਾਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੋਕ ਬੱਸ ਨੂੰ ਅੱਗ ਲੱਗਣ ਤੋਂ ਬਾਅਦ ਬਾਹਰ ਨਹੀਂ ਨਿਕਲ ਸਕੇ ਅਤੇ ਜਿਊਂਦੇ ਸੜ ਗਏ। ਇਸ ਵੇਲੇ 20 ਮੌਤਾਂ ਦੀ ਪੁਸ਼ਟੀ ਹੋਈ ਹੈ। ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ, ਕਿਉਂਕਿ ਬੱਸ ਵਿੱਚ 40 ਯਾਤਰੀ ਸਵਾਰ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਅਤੇ ਮੁਆਵਜ਼ਾ ਰਾਸ਼ੀ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ, “ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ ਵਿੱਚੋਂ ਹਰੇਕ ਮ੍ਰਿਤਕ ਦੇ ਰਿਸ਼ਤੇਦਾਰ ਨੂੰ 2 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਦਿੱਤੀ ਜਾਵੇਗੀ। ਜ਼ਖਮੀਆਂ ਨੂੰ 50,000 ਰੁਪਏ ਦਿੱਤੇ ਜਾਣਗੇ।”

ਇਹ ਹਾਦਸਾ ਸ਼ੁੱਕਰਵਾਰ ਸਵੇਰੇ ਤੜਕੇ ਉਦੋਂ ਵਾਪਰਿਆ ਜਦੋਂ ਹੈਦਰਾਬਾਦ-ਬੈਂਗਲੁਰੂ ਹਾਈਵੇਅ ‘ਤੇ ਇੱਕ ਤੇਜ਼ ਰਫ਼ਤਾਰ ਬੱਸ ਇੱਕ ਬਾਈਕ ਨਾਲ ਟਕਰਾ ਗਈ। ਇਸ ਤੋਂ ਬਾਅਦ ਬੱਸ ਨੂੰ ਅੱਗ ਲੱਗ ਗਈ। ਲੋਕਾਂ ਨੇ ਬਾਹਰ ਨਿਕਲਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਤੇਜ਼ ਸੀ ਕਿ ਉਹ ਅੰਦਰ ਫਸ ਗਏ। ਜਿਸ ਬੱਸ ਨੂੰ ਅੱਗ ਲੱਗੀ ਉਹ ਕਾਵੇਰੀ ਟਰੈਵਲਜ਼ ਦੀ ਨਿੱਜੀ ਬੱਸ ਸੀ।

ਚਸ਼ਮਦੀਦਾਂ ਮੁਤਾਬਕ ਬੱਸ ਨੂੰ ਅੱਗ ਲੱਗਣ ਮਗਰੋਂ ਕੁਝ ਯਾਤਰੀ ਭੱਜਣ ਵਿੱਚ ਕਾਮਯਾਬ ਹੋ ਗਏ, ਜਦੋਂ ਕਿ ਬਾਕੀ ਅੰਦਰ ਹੀ ਸੜ ਕੇ ਮਰ ਗਏ। ਹਨੇਰਾ ਹੋਣ ਕਾਰਨ ਸਮੇਂ ਸਿਰ ਮਦਦ ਨਹੀਂ ਮਿਲ ਸਕੀ, ਜਿਸ ਕਾਰਨ ਕਾਫ਼ੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਬਚਾਅ ਅਤੇ ਅੱਗ ਬੁਝਾਉਣ ਦੇ ਕੰਮ ਇਸ ਸਮੇਂ ਚੱਲ ਰਹੇ ਹਨ ਅਤੇ ਅਧਿਕਾਰੀਆਂ ਨੇ ਅਜੇ ਤੱਕ ਜਾਨੀ ਨੁਕਸਾਨ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਕੀਤੀ ਹੈ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਪੀੜਤਾਂ ਦੇ ਪਰਿਵਾਰਾਂ ਨਾਲ ਆਪਣੀ ਹਮਦਰਦੀ ਪ੍ਰਗਟ ਕੀਤੀ ਹੈ।

ਟਵਿੱਟਰ ‘ਤੇ ਇੱਕ ਪੋਸਟ ਵਿੱਚ, ਮੁੱਖ ਮੰਤਰੀ ਚੰਦਰਬਾਬੂ ਨਾਇਡੂ ਨੇ ਕਿਹਾ, “ਕੁਰਨੂਲ ਜ਼ਿਲ੍ਹੇ ਦੇ ਚਿਨਾ ਟੇਕੁਰ ਪਿੰਡ ਨੇੜੇ ਵਾਪਰੇ ਭਿਆਨਕ ਬੱਸ ਅੱਗ ਹਾਦਸੇ ਬਾਰੇ ਜਾਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ। ਆਪਣੇ ਅਜ਼ੀਜ਼ਾਂ ਨੂੰ ਗੁਆਉਣ ਵਾਲਿਆਂ ਦੇ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ। ਸਰਕਾਰੀ ਅਧਿਕਾਰੀ ਜ਼ਖਮੀਆਂ ਅਤੇ ਪ੍ਰਭਾਵਿਤ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨਗੇ।” ਉਨ੍ਹਾਂ ਨੇ ਘਟਨਾ ਦੇ ਵੇਰਵੇ ਇਕੱਠੇ ਕਰਨ ਲਈ ਰਾਜ ਦੇ ਮੁੱਖ ਸਕੱਤਰ ਅਤੇ ਹੋਰ ਅਧਿਕਾਰੀਆਂ ਨਾਲ ਵੀ ਗੱਲ ਕੀਤੀ ਹੈ ਅਤੇ ਸਾਰੇ ਸੀਨੀਅਰ ਅਧਿਕਾਰੀਆਂ ਨੂੰ ਘਟਨਾ ਸਥਾਨ ‘ਤੇ ਪਹੁੰਚਣ ਅਤੇ ਬਚਾਅ ਕਾਰਜਾਂ ਵਿੱਚ ਹਿੱਸਾ ਲੈਣ ਦੇ ਨਿਰਦੇਸ਼ ਦਿੱਤੇ ਹਨ।

ਇਹ ਵੀ ਪੜ੍ਹੋ : ਮਾਨ ਸਰਕਾਰ ਦਾ ਇਤਿਹਾਸਕ ਕਦਮ, ਪਿੰਡਾਂ ‘ਚ ਬਣਨਗੇ 3117 ਆਦਰਸ਼ ਖੇਡ ਦੇ ਮੈਦਾਨ

ਮੁੱਖ ਮੰਤਰੀ ਨੇ ਇਹ ਵੀ ਨਿਰਦੇਸ਼ ਦਿੱਤੇ ਕਿ ਜ਼ਖਮੀਆਂ ਅਤੇ ਪ੍ਰਭਾਵਿਤ ਲੋਕਾਂ ਨੂੰ ਲੋੜੀਂਦੀ ਸਹਾਇਤਾ ਪ੍ਰਦਾਨ ਕੀਤੀ ਜਾਵੇ। ਉਨ੍ਹਾਂ ਨੇ ਮੌਤਾਂ ਦੀ ਗਿਣਤੀ ਵਧਣ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਸਲਾਹ ਦਿੱਤੀ।

ਵੀਡੀਓ ਲਈ ਕਲਿੱਕ ਕਰੋ -:

The post ਆਂਧਰਾ ਪ੍ਰਦੇਸ਼ ‘ਚ ਵੱਡਾ ਹਾਦਸਾ, ਬਾਈਕ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 20 ਲੋਕਾਂ ਦੀ ਮੌਤ appeared first on Daily Post Punjabi.



source https://dailypost.in/breaking/20-dies-as-bus-catches-fire/
Previous Post Next Post

Contact Form