ਘਰ ਦੀ ਮਾੜੀ ਹਾਲਤ ਬਦਲਣ ਦੇ ਸੁਪਨੇ ਸਜਾ ਕੇ ਆਪਣੀ ਸਹੇਲੀ ਦੇ ਕਹਿਣ ‘ਤੇ ਓਮਾਨ ਗਈ ਜਲੰਧਰ ਜਿਲੇ ਦੀ ਇਕ ਕੁੜੀ ਲਈ ਵਿਦੇਸ਼ ਜਾਣਾ ਜਿੰਦਗੀ ਦਾ ਸਭ ਤੋਂ ਵੱਡਾ ਦੁੱਖਦਾਈ ਅਨੁਭਵ ਸਾਬਤ ਹੋਇਆ। ਮਸਕਟ (ਓਮਾਨ) ‘ਚੋਂ ਮੁਸ਼ਕਲ ਨਾਲ ਵਾਪਸ ਪਰਤੀ ਇਸ ਪੀੜਤ ਕੁੜੀ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੀ ਮਦਦ ਨਾਲ ਉਸਨੂੰ ਦੂਜਾ ਜਨਮ ਮਿਲਿਆ ਹੈ।
ਪੀੜਤਾ ਨੇ ਦੱਸਿਆ ਕਿ ਉਹ 15 ਜੂਨ ਨੂੰ ਅੰਮ੍ਰਿਤਸਰ ਤੋਂ ਮੁੰਬਈ ਰਾਹੀਂ ਮਸਕਟ ਪਹੁੰਚੀ ਸੀ। ਉੱਥੇ ਪਹੁੰਚਦਿਆਂ ਹੀ ਉਸ ਨੂੰ ਅਹਿਸਾਸ ਹੋ ਗਿਆ ਕਿ ਉਹ ਕਿਸੇ ਫੰਦੇ ‘ਚ ਫਸ ਗਈ ਹੈ। ਦਫਤਰ ਵਰਗੀ ਇਕ ਥਾਂ ‘ਤੇ ਉਸ ਨੂੰ ਰੱਖਿਆ ਗਿਆ ਜਿੱਥੇ 10 ਤੋਂ ਵੱਧ ਹੋਰ ਭਾਰਤੀ ਕੁੜੀਆਂ ਵੀ ਕੈਦ ਵਰਗੇ ਹਾਲਤਾਂ ‘ਚ ਸਨ। ਹਰ ਰੋਜ਼ 12 ਘੰਟੇ ਤੱਕ ਬਿਨਾਂ ਰੁਕਾਵਟ ਕੰਮ ਕਰਵਾਇਆ ਜਾਂਦਾ ਤੇ ਥੋੜ੍ਹੀ ਜਿਹੀ ਗਲਤੀ ‘ਤੇ ਬੇਰਹਿਮੀ ਨਾਲ ਕੁੱਟਿਆ ਜਾਂਦਾਲ ਸੀ। ਖਾਣ ਲਈ ਢੰਗ ਦਾ ਭੋਜਨ ਵੀ ਨਹੀਂ ਮਿਲਦਾ ਸੀ। ਉਸ ਨੇ ਦੱਸਿਆ ਕਿ 1 ਮਹੀਨੇ ਤੱਕ ਸਿਰਫ ਉਸਨੇ ਪਾਣੀ ਪੀ ਕੇ ਗੁਜ਼ਾਰਾ ਕੀਤਾ।
5 ਮਹੀਨੇ ਨਰਕ ਵਰਗੀ ਜ਼ਿੰਦਗੀ ਬਤੀਤ ਕਰ ਕੇ ਵਾਪਸ ਆਈ ਪੀੜਤਾ ਨੇ ਓਮਾਨ ‘ਚ ਚੱਲ ਰਹੀ ਮਨੁੱਖੀ ਤਸਕਰੀ ਦੀ ਪੋਲ ਖੋਲ੍ਹੀ। ਉਸ ਨੇ ਦੱਸਿਆ ਕਿ ਲੜਕੀਆਂ ਨੂੰ ਪਹਿਲਾਂ ਵੱਡੇ ਸੁਪਨੇ ਦਿਖਾ ਕੇ ਓਥੇ ਬੁਲਾਇਆ ਜਾਂਦਾ ਹੈ, ਪਰ ਵੀਜ਼ਾ ਖਤਮ ਹੋਣ ’ਤੇ ਅਸਲੀਅਤ ਸਾਹਮਣੇ ਆਉਂਦੀ ਹੈ। ਏਜੰਟ ਉਨ੍ਹਾਂ ਨੂੰ ਜਬਰਦਸਤੀ ਗਲਤ ਕੰਮ ਲਈ ਮਜਬੂਰ ਕਰਦੇ ਹਨ ਜਾਂ ਹੋਰ ਲੜਕੀਆਂ ਲਿਆਉਣ ਦੀ ਸ਼ਰਤ ਰੱਖਦੇ ਹਨ ਜਾਂ ਫਿਰ ਲੱਖਾਂ ਵਿੱਚ ਪੈਸਿਆਂ ਦੀ ਮੰਗ ਕਰਦੇ ਹਨ। ਇਸੇ ਤਰ੍ਹਾਂ ਹੀ ਉਹ ਵੀ ਆਪਣੀ ਸਹੇਲੀ ਰਾਹੀਂ ਇਸ ਜਾਲ ‘ਚ ਫਸ ਗਈ ਸੀ।
ਉਸ ਨੇ ਦੱਸਿਆ ਕਿ ਕੁਝ ਕੁੜੀਆਂ ਤੋਂ ਗਲਤ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਤੇ ਇਨਕਾਰ ਕਰਨ ‘ਤੇ ਉਹਨਾਂ ਨੂੰ ਬੇਹੱਦ ਤਸ਼ੱਦਦ ਦਾ ਸ਼ਿਕਾਰ ਬਣਾਇਆ ਜਾਂਦਾ ਸੀ। ਕਈ ਵਾਰ ਤਾਂ ਕੁੱਟਮਾਰ ਕਰਕੇ ਅੱਧਮੋਈ ਹਾਲਤ ਵਿੱਚ ਸੁੱਟ ਦਿੱਤਾ ਜਾਂਦਾ ਸੀ। “ਉਹਨਾਂ ਨੂੰ ਕਿਸੇ ਤੇ ਤਰਸ ਨਹੀਂ ਸੀ ਆਉਂਦਾ, ਗਰੀਬ ਕੁੜੀਆਂ ਦੀ ਮਜ਼ਬੂਰੀ ਦਾ ਨਾਜਾਇਜ਼ ਫਾਇਦਾ ਚੁੱਕਿਆ ਜਾਂਦਾ ਸੀ।
ਉਸ ਦਾ ਪਾਸਪੋਰਟ ਤੇ ਮੋਬਾਈਲ ਵੀ ਉਥੇ ਪਹੁੰਚਦਿਆਂ ਹੀ ਖੋਹ ਲਿਆ ਗਿਆ ਸੀ। ਉਸ ਦੀ ਮਾਤਾ ਵੱਲੋਂ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਸੰਪਰਕ ਕੀਤਾ ਗਿਆ, ਜਿਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਇਸ ਮਾਮਲੇ ਨੂੰ ਉੱਥੇ ਪਹੁੰਚਾਇਆ। ਉਨ੍ਹਾਂ ਦੇ ਯਤਨਾਂ ਅਤੇ ਵਿਦੇਸ਼ ਮੰਤਰਾਲੇ ਨਾਲ ਨਾਲ ਓਮਾਨ ਵਿੱਚ ਭਾਰਤੀ ਦੂਤਾਵਾਸ ਦੇ ਸਹਿਯੋਗ ਨਾਲ ਇਹ ਲੜਕੀ ਅਖੀਰਕਾਰ ਸੁਰੱਖਿਅਤ ਤੌਰ ‘ਤੇ ਵਾਪਸ ਆ ਸਕੀ।
ਸੰਤ ਸੀਚੇਵਾਲ ਨੇ ਇਸ ਮੌਕੇ ‘ਤੇ ਅਪੀਲ ਕੀਤੀ ਕਿ ਅਰਬ ਦੇਸ਼ਾਂ ਜਾਂ ਹੋਰ ਵਿਦੇਸ਼ ਜਾਣ ਤੋਂ ਪਹਿਲਾਂ ਨੌਜਵਾਨ ਆਪਣਾ ਵੀਜ਼ਾ ਜਰੂਰ ਚੈੱਕ ਕਰਨ ਕਿ ਉਹ ਵਰਕ ਵੀਜ਼ਾ ਹੈ ਜਾਂ ਟੂਰਿਸਟ ਵੀਜ਼ਾ। ਉਨ੍ਹਾਂ ਕਿਹਾ ਕਿ ਬਹੁਤੇ ਟ੍ਰੈਵਲ ਏਜੰਟ ਟੂਰਿਸਟ ਵੀਜ਼ੇ ‘ਤੇ ਕੁੜੀਆਂ ਨੂੰ ਲੈ ਜਾਂਦੇ ਹਨ ਤੇ ਉੱਥੇ ਜਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਵੱਡੀ ਅਪਡੇਟ, ਗਾਇਕ ਦੀ ਹਾਲਤ ਅਜੇ ਵੀ ਬਣੀ ਹੋਈ ਨਾਜ਼ੁਕ
ਕੰਬੋਡੀਆ ਵਿੱਚ ਭਾਰਤੀ ਨੌਜਵਾਨਾਂ ਤੋਂ ਕਰਵਾਏ ਜਾ ਰਹੇ ਹਨ ਗੈਰ-ਕਾਨੂੰਨੀ ਕੰਮ
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਕੁਝ ਦਿਨ ਪਹਿਲਾਂ ਕੰਬੋਡੀਆ ਤੋਂ ਵਾਪਸ ਪਰਤੇ ਜਲੰਧਰ ਦੇ ਇਕ ਨੌਜਵਾਨ ਨੇ ਖੁਲਾਸਾ ਕੀਤਾ ਕਿ ਉੱਥੇ ਭਾਰਤੀਆਂ ਤੋਂ ਸਾਇਬਰ ਸੰਬੰਧੀ ਗੈਰ-ਕਾਨੂੰਨੀ ਕੰਮ ਕਰਵਾਏ ਜਾ ਰਹੇ ਹਨ। ਏਜੰਟਾਂ ਵੱਲੋਂ ਥਾਈਲੈਂਡ ਵਿੱਚ ਉੱਚ ਤਨਖਾਹ ਵਾਲੇ ਕੰਮ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਕੰਬੋਡੀਆ ਦੀਆਂ ਕੰਪਨੀਆਂ ਵਿੱਚ ਵੇਚ ਦਿੱਤਾ ਜਾਂਦਾ ਹੈ। ਉੱਥੇ ਇਨਕਾਰ ਕਰਨ ਵਾਲਿਆਂ ਨਾਲ ਬੇਹੱਦ ਕੁੱਟਮਾਰ ਕੀਤੀ ਜਾਂਦੀ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸੰਤ ਸੀਚੇਵਾਲ ਜੀ ਦੇ ਯਤਨਾਂ ਨਾਲ ਮਿਆਂਮਾਰ ‘ਚੋਂ ਚਾਰ ਨੌਜਵਾਨਾਂ ਦੀ ਵਾਪਸੀ ਹੋ ਚੁੱਕੀ ਹੈ ਜੋ ਇਸੇ ਤਰ੍ਹਾਂ ਦੇ ਗੈਰ-ਕਾਨੂੰਨੀ ਗਿਰੋਹਾਂ ਦੇ ਜਾਲ ਵਿੱਚ ਫਸੇ ਹੋਏ ਸਨ।
ਵੀਡੀਓ ਲਈ ਕਲਿੱਕ ਕਰੋ -:
The post ‘ਬੇਰਹਿਮੀ ਨਾਲ ਕੁੱਟਦੇ, 12-12 ਘੰਟੇ ਕਰਾਉਂਦੇ ਕੰਮ’, ਮਸਕਟ ਤੋਂ ਪਰਤੀ ਜਲੰਧਰ ਦੀ ਕੁੜੀ ਨੇ ਸੁਣਾਈ ਹੱਡਬੀਤੀ appeared first on Daily Post Punjabi.