ਬਠਿੰਡਾ ਦੇ ਪਿੰਡ ਜੀਦਾ ਵਿਖੇ ਘਰ ਵਿਚ ਬੰਬ ਬਲਾਸਟ ਦੇ ਮਾਮਲੇ ’ਚ ਗ੍ਰਿਫਤਾਰ ਦੋਸ਼ੀ ਗੁਰਪ੍ਰੀਤ ਸਿੰਘ ਨੂੰ ਮੁੜ ਬਠਿੰਡਾ ਅਦਾਲਤ ‘ਚ ਪੇਸ਼ ਕੀਤਾ ਗਿਆ, ਜਿੱਥੇ ਦੋਸ਼ੀ ਨੇ ਆਪਣਾ ਜੁਰਮ ਕਬੂਲ ਕਰ ਲਿਆ। ਇਸ ਮਗਰੋਂ ਮਾਣਯੋਗ ਅਦਾਲਤ ਨੇ ਦੋਸ਼ੀ ਗੁਰਪ੍ਰੀਤ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਗੁਰਪ੍ਰੀਤ ਸਿੰਘ ਆਪਣੇ ਘਰ ‘ਚ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਦੌਰਾਨ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਦੋਸ਼ੀ ਗੁਰਪ੍ਰੀਤ ਸਿੰਘ ਦਾ ਪੁਲਿਸ ਰਿਮਾਂਡ 30 ਸਤੰਬਰ ਨੂੰ ਖਤਮ ਹੋਣਾ ਸੀ ਪਰ ਦੋਸ਼ੀ ਨੇ ਆਪਣਾ ਜੁਰਮ ਕਬੂਲ ਲਿਆ ਸੀ ਤਾਂ ਪੁਲਿਸ ਨੇ ਇੱਕ ਦਿਨ ਪਹਿਲਾਂ ਹੀ 29 ਸਤੰਬਰ ਨੂੰ ਦੋਸ਼ੀ ਨੂੰ ਅਦਾਲਤ ‘ਚ ਪੇਸ਼ ਕੀਤਾ ਸੀ। ਗੁਰਪ੍ਰੀਤ ਸਿੰਘ ਨੂੰ ਅੱਜ 30 ਸਤੰਬਰ ਨੂੰ ਬਠਿੰਡਾ ਦੀ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ ਹੈ, ਜਿੱਥੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿੱਚ ਰੱਖਿਆ ਜਾਵੇਗਾ।
ਦੱਸ ਦੇਈਏ ਮਾਮਲਾ 10 ਸਤੰਬਰ ਦਾ ਹੈ ਜਦੋਂ ਪਿੰਡ ਜੀਦਾ ਵਿਖੇ ਗੁਰਪ੍ਰੀਤ ਸਿੰਘ ਆਨਲਾਈਨ ਧਮਾਕੇਖੇਜ਼ ਸਮੱਗਰੀ ਮੰਗਵਾ ਕੇ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਵਿਚ ਅਚਾਨਕ ਧਮਾਕਾ ਹੋ ਗਿਆ ਤੇ ਉਹ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ ਸੀ। ਉਸਨੂੰ ਤੁਰੰਤ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਸ਼ਾਮ ਵੇਲੇ ਉਸ ਦਾ ਪਿਤਾ ਜਦੋਂ ਇਸ ਸਮੱਗਰੀ ਨੂੰ ਸਮੇਟਣ ਲੱਗਾ ਤਾਂ ਫਿਰ ਧਮਾਕਾ ਹੋਇਆ, ਜਿਸ ਵਿਚ ਉਹ ਵੀ ਜਖਮੀ ਹੋ ਗਿਆ।
ਬਲਾਸਟ ਮਾਮਲੇ ‘ਚ ਪੁਲਿਸ ਵੱਲੋਂ ਗੁਰਪ੍ਰੀਤ ਸਿੰਘ ਨਾਮ ਦੇ ਆਰੋਪੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਕਿਉਂਕਿ ਗੁਰਪ੍ਰੀਤ ਸਿੰਘ ਵੱਲੋਂ ਆਨਲਾਈਨ ਕੈਮੀਕਲ ਪਦਾਰਥ ਮੰਗਵਾਏ ਗਏ ਸਨ ਅਤੇ ਵੱਡੀ ਘਟਨਾ ਨੂੰ ਅੰਜਾਮ ਦੇਣਾ ਸੀ। ਯੂਟਿਊਬ ਦੇ ਜ਼ਰੀਏ ਗੁਰਪ੍ਰੀਤ ਸਿੰਘ ਵੱਲੋਂ ਘਰ ਦੇ ਵਿੱਚ ਕੈਮੀਕਲ ਨਾਲ ਸਮਾਨ ਤਿਆਰ ਕੀਤਾ ਜਾ ਰਿਹਾ ਸੀ, ਜਿਸ ਦੇ ਚਲਦੇ ਬਲਾਸਟ ਹੋਣ ‘ਤੇ ਉਹ ਜ਼ਖ਼ਮੀ ਹੋਇਆ। ਜਿਸ ਮਗਰੋਂ ਗੁਰਪ੍ਰੀਤ ਸਿੰਘ ਨੂੰ ਪਹਿਲਾਂ 7 ਦਿਨ ਦੇ ਅਤੇ ਫ਼ਿਰ 5 ਦਿਨ ਦੇ ਪੁਲਸ ਰਿਮਾਂਡ ‘ਤੇ ਭੇਜਿਆ ਸੀ
ਇਹ ਵੀ ਪੜ੍ਹੋ : ਰਾਜਵੀਰ ਜਵੰਦਾ ਦੀ ਹਾਲਤ ਨਾਜ਼ੁਕ, ਹਸਪਤਾਲ ਦਾ ਨਵਾਂ Update, ਜੱਦੀ ਪਿੰਡ ‘ਚ ਅਰਦਾਸਾਂ ਦਾ ਦੌਰ
ਗੁਰਪ੍ਰੀਤ ਸਿੰਘ ਮਨੁੱਖੀ ਬੰਬ ਬਣਨ ਬਾਰੇ ਸੋਚ ਰਿਹਾ ਸੀ ਅਤੇ ਆਪਣੇ ਘਰ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ। ਦੋਸ਼ੀ ਗੁਰਪ੍ਰੀਤ ਸਿੰਘ ਨੇ ਬੰਬ ਬਣਾਉਣ ਲਈ ਕਈ ਕੈਮੀਕਲਾਂ ਦੀ ਵਰਤੋਂ ਕੀਤੀ ਸੀ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਦੋਸ਼ੀ ਨੇ ਕਈ ਜੇਬਾਂ ਵਾਲੀ ਬੈਲਟ ਆਨਲਾਈਨ ਆਰਡਰ ਕੀਤੀ ਸੀ ਅਤੇ ਬੰਬ ਬਣਾਉਣ ਲਈ ਲੋੜੀਂਦੀ ਸਾਰੀ ਸਮੱਗਰੀ ਅਤੇ ਕੈਮੀਕਲ ਵੀ ਮੰਗਵਾਏ ਸਨ। ਦੋਸ਼ੀ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
The post ਪਿੰਡ ਜੀਦਾ ਬਲਾ/ਸ.ਟ ਕੇਸ ‘ਚ ਵੱਡੀ ਅਪਡੇਟ, ਦੋਸ਼ੀ ਗੁਰਪ੍ਰੀਤ ਸਿੰਘ ਨੇ ਕਬੂਲਿਆ ਜੁਰਮ appeared first on Daily Post Punjabi.