ਪੰਜਾਬ ਦੇ ਇੱਕ ਪਿੰਡ ਵਿੱਚ “ਸਾਡਾ ਪਿੰਡ ਵਿਕਾਊ ਹੈ” ਦੇ ਪੋਸਟਰ ਲਗਾਏ ਜਾਣ ਤੋਂ ਬਾਅਦ ਮਾਮਲਾ ਭਖ ਗਿਆ ਹੈ। ਪਿੰਡ ਭਾਈ ਬਖਤੌਰ ਵਿੱਚ ਹਾਲਾਤ ਉਸ ਵੇਲੇ ਗਰਮਾ ਗਏ ਜਦੋਂ ‘ਪਿੰਡ ਵਿਕਾਊ ਹੈ’ ਦਾ ਪੋਸਟਰ ਲਾਉਣ ਵਾਲੇ ਨੌਜਵਾਨ ਲਖਬੀਰ ਸਿੰਘ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਉਸ ਨੂੰ ਮਿਲ ਰਹੀਆਂ ਪੁਲਿਸ ਧਮਕੀਆਂ ਦਾ ਖੁਲਾਸਾ ਕੀਤਾ। ਉਸ ਨੇ ਕੋਟ ਫੱਤਾ ਥਾਣੇ ਦੇ ਐਸਐਚਓ ਮਨੀਸ਼ ਕੁਮਾਰ ‘ਤੇ ਪੁਲਿਸ ਐਨਕਾਊਂਟਰ ਦੀ ਧਮਕੀ ਦੇਣ ਵਰਗੇ ਗੰਭੀਰ ਦੋਸ਼ ਲਗਾਏ। ਵੀਡੀਓ ਵਿੱਚ ਲਖਬੀਰ ਦੀ 4 ਮਹੀਨੇ ਦੀ ਧੀ ਵੀ ਮੌਜੂਦ ਸੀ, ਜਿਸ ਨੇ ਪੂਰੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ।
ਜਿਵੇਂ ਹੀ ਇਹ ਵੀਡੀਓ ਵਾਇਰਲ ਹੋਇਆ, ਲੋਕਾਂ ਵਿੱਚ ਗੁੱਸਾ ਭਰ ਗਿਆ ਅਤੇ ਐਸਐਸਪੀ ਅਮਨੀਤ ਕੌਡਲ ਨੇ ਤੁਰੰਤ ਕਾਰਵਾਈ ਕਰਦਿਆਂ ਐਸਐਚਓ ਮਨੀਸ਼ ਕੁਮਾਰ ਨੂੰ ਲਾਈਨ ਹਾਜ਼ਰ ਕਰ ਦਿੱਤਾ। ਜਾਣਕਾਰੀ ਮੁਤਾਬਕ ਐਸਐਸਪੀ ਅਮਨੀਤ ਕੌਡਲ ਨੇ ਖੁਦ ਦੇਰ ਰਾਤ ਲਖਬੀਰ ਸਿੰਘ ਨਾਲ ਫੋਨ ‘ਤੇ ਗੱਲ ਕੀਤੀ ਅਤੇ ਉਸ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਉਨ੍ਹਾਂ ਦੇ ਨਾਲ ਹੈ।
ਇਸ ਤੋਂ ਬਾਅਦ ਲਖਬੀਰ ਨੇ ਇੱਕ ਹੋਰ ਵੀਡੀਓ ਜਾਰੀ ਕਰਕੇ ਕਿਹਾ ਕਿ ਉਹ ਪੁਲਿਸ ਪ੍ਰਸ਼ਾਸਨ ਤੋਂ ਸੰਤੁਸ਼ਟ ਹੈ ਅਤੇ ਹੁਣ ਉਹ ਪੁਲਿਸ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗਾ।
ਜ਼ਿਕਰਯੋਗ ਹੈ ਕਿ, 2 ਦਿਨ ਪਹਿਲਾਂ ਪਿੰਡ ਵਿੱਚ ਸਾਬਕਾ ਫੌਜੀ ‘ਤੇ ਤਸਕਰਾਂ ਨੇ ਹਮਲਾ ਕਰ ਦਿੱਤਾ ਸੀ। ਸਿਰਫ਼ ਇਸ ਲਈ ਕਿਉਂਕਿ ਉਹ ਪਿੰਡ ਵਿੱਚ ਚੱਲ ਰਹੀ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਵਿਰੋਧ ਕਰਦਾ ਸੀ। ਤਸਕਰਾਂ ਨੇ ਉਸ ਦੀਆਂ ਲੱਤਾਂ ਤੋੜ ਦਿੱਤੀਆਂ। ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ 3 ਵਿੱਚੋਂ 2 ਮੁਲਜ਼ਮਾਂ ਨੂੰ ਫੜ ਲਿਆ, ਜਿਸ ਕਾਰਨ ਲੋਕਾਂ ਵਿੱਚ ਕੁਝ ਰਾਹਤ ਦੀ ਭਾਵਨਾ ਦਿਖਾਈ ਦਿੱਤੀ। ਕਾਂਗਰਸੀ ਆਗੂ ਅਤੇ ਵਿਧਾਇਕ ਪ੍ਰਗਟ ਸਿੰਘ ਮੰਗਲਵਾਰ ਨੂੰ ਹਸਪਤਾਲ ਗਏ ਅਤੇ ਜ਼ਖਮੀ ਫੌਜੀ ਰਣਵੀਰ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੂਰੀ ਜਾਣਕਾਰੀ ਲਈ। ਉਨ੍ਹਾਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਅਤੇ ਬਠਿੰਡਾ ਦੇ ਐਸਐਸਪੀ ਨੂੰ ਫ਼ੋਨ ਕਰਕੇ ਐਸਐਚਓ ਮਨੀਸ਼ ਕੁਮਾਰ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -:
The post ਨਸ਼ਾ ਰੋਕਣ ‘ਤੇ ਨੌਜਵਾਨ ਨੂੰ ਧਮਕਾਉਣ ਵਾਲੇ SHO ‘ਤੇ ਹੋਇਆ ਸਖਤ ਐਕਸ਼ਨ, ਵੀਡੀਓ ਹੋਈ ਸੀ ਵਾਇਰਲ appeared first on Daily Post Punjabi.