ਲੁਧਿਆਣਾ ਵਿਚ ਥਾਰ ਨੇ ਤੜਥੱਲੀ ਮਚਾ ਦਿੱਤੀ। ਥਾਰ ਚਲਾ ਰਹੀ ਇੱਕ ਔਰਤ ਨੇ ਇੱਕ ਬਾਈਕ ਸਵਾਰ ਨੌਜਵਾਨ ਨੂੰ ਕੁਚਲ ਦਿੱਤਾ ਅਤੇ ਉਸ ਨੂੰ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਈ। ਇਸ ਘਟਨਾ ਵਿੱਚ ਨੌਜਵਾਨ ਦੀ ਮੌਤ ਹੋ ਗਈ।
ਬੁੱਧਵਾਰ ਨੂੰ ਲੁਧਿਆਣਾ ਦੇ ਆਰਤੀ ਚੌਕ ਨੇੜੇ ਸੱਗੂ ਚੌਕ ‘ਤੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਇੱਕ ਤੇਜ਼ ਰਫ਼ਤਾਰ ਥਾਰ ਨੇ ਇੱਕ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ, ਥਾਰ ਨੇ ਬਾਈਕ ਨੂੰ ਕਾਫ਼ੀ ਦੂਰ ਤੱਕ ਘਸੀਟਿਆ। ਇਸ ਤੋਂ ਬਾਅਦ ਥਾਰ ਨੇ ਇੱਕ ਬੰਦ ਦੁਕਾਨ ਵਿਚ ਜਾ ਵੜੀ। ਥਾਰ ਦੀ ਟੱਕਰ ਕਾਰਨ ਬੰਦ ਦੁਕਾਨ ਦਾ ਪੂਰਾ ਸ਼ਟਰ ਨੁਕਸਾਨਿਆ ਗਿਆ ਅਤੇ ਉੱਥੇ ਲਗਾਈਆਂ ਗਈਆਂ ਪੌੜੀਆਂ ਵੀ ਟੁੱਟ ਗਈਆਂ।
ਹਿਮਾਚਲ ਨੰਬਰ ਵਾਲੀ ਥਾਰ ਨੂੰ ਇੱਕ ਔਰਤ ਚਲਾ ਰਹੀ ਸੀ। ਹਾਦਸੇ ਤੋਂ ਤੁਰੰਤ ਬਾਅਦ, ਦੋਸ਼ੀ ਔਰਤ ਥਾਰ ਨੂੰ ਮੌਕੇ ‘ਤੇ ਛੱਡ ਕੇ ਉੱਥੋਂ ਭੱਜ ਗਈ। ਥਾਰ ਨਾਲ ਟੱਕਰ ਵਿੱਚ ਜ਼ਖਮੀ ਹੋਏ ਬਾਈਕ ਸਵਾਰ ਨੂੰ ਲੋਕਾਂ ਨੇ ਡੀਐਮਸੀ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਜਾਣਕਾਰੀ ਮੁਤਾਬਕ ਸੱਗੂ ਚੌਕ ਨੇੜੇ ਇੱਕ ਔਰਤ ਚਿੱਟੀ ਥਾਰ ਨੂੰ ਚਲਾ ਰਹੀ ਸੀ। ਜਦੋਂ ਉਹ ਯੂ-ਟਰਨ ਲੈਣ ਲੱਗੀ, ਤਾਂ ਉਸ ਨੇ ਤੇਜ਼ ਰਫ਼ਤਾਰ ਨਾਲ ਗੱਡੀ ਮੋੜ ਲਈ। ਇਸ ਦੌਰਾਨ, ਉਸ ਨੇ ਬਾਈਕ ਸਵਾਰ ਨੂੰ ਟੱਕਰ ਮਾਰ ਦਿੱਤੀ ਅਤੇ ਉਸ ਨੂੰ ਕਾਫ਼ੀ ਦੂਰ ਤੱਕ ਘਸੀਟ ਕੇ ਲੈ ਗਈ। ਬੇਕਾਬੂ ਥਾਰ ਸਿੱਧਾ ਇੱਕ ਬੰਦ ਦੁਕਾਨ ਵਿੱਚ ਵੜ ਗਈ। ਲੋਕਾਂ ਨੇ ਕਿਸੇ ਤਰ੍ਹਾਂ ਥਾਰ ਹੇਠ ਫਸੇ ਬਾਈਕ ਸਵਾਰ ਨੂੰ ਬਾਹਰ ਕੱਢਿਆ। ਥਾਰ ਸਵਾਰ ਔਰਤ ਮੌਕਾ ਦੇਖ ਕੇ ਭੱਜ ਗਈ। ਉਹ ਕਾਰ ਅਤੇ ਆਪਣਾ ਸਾਰਾ ਸਮਾਨ ਗੱਡੀ ਵਿੱਚ ਹੀ ਛੱਡ ਗਈ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ-8 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਜਾਂਚ ਤੋਂ ਬਾਅਦ, ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਮ੍ਰਿਤਕ ਦੀ ਅਜੇ ਪਛਾਣ ਨਹੀਂ ਹੋ ਸਕੀ ਹੈ। ਦੂਜੇ ਪਾਸੇ, ਪੁਲਿਸ ਨੇ ਥਾਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਦੋਸ਼ੀ ਮਹਿਲਾ ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਦੇ ਸੰਗਤ ਪੁਲਿਸ ਥਾਣੇ ‘ਚੋਂ ਦੋਸ਼ੀ ਹੋਏ ਫਰਾਰ! ਸੋਸ਼ਲ ਮੀਡੀਆ ‘ਤੇ ਪਾਈ ਪੋਸਟ
ਥਾਣਾ ਡਿਵੀਜ਼ਨ ਅੱਠ ਦੇ ਐਸਐਚਓ ਅੰਮ੍ਰਿਤਪਾਲ ਸ਼ਰਮਾ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ। ਉਸਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾ ਲਿਆ ਗਿਆ ਹੈ। ਦੋਸ਼ੀ ਔਰਤ ਅਜੇ ਵੀ ਫਰਾਰ ਹੈ। ਗੱਡੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਦੋਸ਼ੀ ਔਰਤ ਦੀ ਪਛਾਣ ਕੀਤੀ ਜਾ ਰਹੀ ਹੈ। ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਔਰਤ ਦੀ ਥਾਰ ਨੇ ਮਚਾਈ ਤੜਥੱਲੀ, U-Turn ਕੱਟਦਿਆਂ ਬਾਈਕ ਸਵਾਰ ਦ.ਰ/ੜਿਆ, ਫਿਰ ਦੁਕਾਨ ‘ਚ ਜਾ ਵੜੀ appeared first on Daily Post Punjabi.