TheUnmute.com – Punjabi News: Digest for May 08, 2023

TheUnmute.com – Punjabi News

Punjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com

ਹਰਪ੍ਰੀਤ ਸਿੰਘ ਕਾਹਲੋਂ
Sr. Executive Editor

The Unmute

ਅੰਬਰਦੀਪ ਸਿੰਘ ਆਪਣੀ ਹੁਣ ਤੱਕ ਦੀ ਸਭ ਤੋਂ ਬੇਹਤਰੀਨ ਬੁਣਤ ਨਾਲ ਪਰਦਾਪੇਸ਼ ਹੋਇਆ ਹੈ।ਕਹਾਣੀ,ਮਾਹੌਲ,ਸੰਵਾਦ ਅਤੇ ਸਭ ਦੀ ਇਕਸੁਰਤਾ ਨੂੰ ਵੇਖਦਿਆਂ ਫਿਲਮ ਜੋੜੀ ਤੁਹਾਨੂੰ ਆਪਣੇ ਨਾਲ ਤੋਰਦੀ ਹੈ ਅਤੇ ਅੰਤ ਸੁੰਨ ਕਰਦੀ ਹੈ।ਇਹ ਸੁੰਨ ਪੂਰੀ ਫਿਲਮ ਵਿੱਚ ਨਹੀਂ ਹੈ।ਇਹ ਸਿਰਫ ਅੰਤ ਖਤਮ ਹੁੰਦਿਆਂ ਸਿਨੇਮਾ ਤੋਂ ਬਾਹਰ ਆ ਮਹਿਸੂਸ ਹੁੰਦੀ ਹੈ।ਕਿਸੇ ਵੀ ਹਦਾਇਤਕਾਰ ਦਾ ਇਹ ਹਾਸਲ ਸਭ ਤੋਂ ਕਮਾਲ ਹੁੰਦਾ ਹੈ ਜਦੋਂ ਵੇਖਣ ਵਾਲੇ ਨੂੰ ਕਹਾਣੀ ਦਾ ਅੰਤ ਪਹਿਲਾਂ ਹੀ ਪਤਾ ਹੋਵੇ ਅਤੇ ਫਿਰ ਵੀ ਫਿਲਮ ਵਿਚਲੀ ਕਹਾਣੀ ਨਾਲ ਵਹਿੰਦਾ ਜਾਵੇ।

ਇਸ ਤੋਂ ਪਹਿਲਾਂ ਵੀ ਮੈਂ ਇਹ ਗੱਲ ਕਈ ਵਾਰ ਕਹਿ ਚੁੱਕਾ ਹਾਂ ਕਿ ਅੰਬਰਦੀਪ ਸਿੰਘ ਦੀਆਂ ਫਿਲਮਾਂ ਨੂੰ ਬਕਾਇਦਾ ਮਿੱਥਕੇ ਵੇਖਣ ਦੀ ਲੋੜ ਹੈ।ਉਹ ਅੰਗਰੇਜ਼ ਨੂੰ ਲਿਖਦਿਆਂ ਪੰਜਾਬੀ 'ਚ ਇੱਕ ਸ਼ੈਲੀ ਨੂੰ ਉਭਾਰਦਾ ਹੈ ਜਿਸ ਰਾਹੀਂ ਪੰਜਾਬੀ ਸਿਨੇਮਾ ਵਿੱਚ ਅਣਗਿਣਤ ਫਿਲਮਾਂ ਨੇ ਉਸ ਸ਼ੈਲੀ ਦਾ ਦੁਹਰਾਓ ਕੀਤਾ ਹੈ।ਅੰਬਰਦੀਪ ਸਿੰਘ ਨਾਲ ਕੰਮ ਕਰਦੇ ਜਾਣਦੇ ਹਨ ਕਿ ਉਹਦੀ ਇੱਕ ਸਭ ਤੋਂ ਵੱਡੀ ਘਾਟ ਹੈ ਕਿ ਉਹ ਸ਼ੂਟਿੰਗ ਦੌਰਾਨ ਅਨੁਸ਼ਾਸ਼ਨ ਦਾ ਪਾਬੰਧ ਨਹੀਂ ਹੈ।ਉਹਦੇ ਇਸ ਢੰਗ ਤੋਂ ਕਈ ਵਾਰ ਕਲਾਕਾਰ ਅਸਹਿਜ ਵੀ ਹੁੰਦੇ ਹਨ।

ਖੁੱਲ੍ਹਾ ਸਕ੍ਰੀਨਪਲੇ ਲੈਕੇ ਫਿਲਮ ਬਣਾਉਣ ਦਾ ਇਹੋ ਢੰਗ ਬਾਲੀਵੁੱਡ ਵਿੱਚ ਅਨੁਰਾਗ ਬਾਸੂ ਦਾ ਵੀ ਹੈ।ਹੁਣ ਇਹ ਉਹਦੀ ਘਾਟ ਹੈ ਜਾਂ ਖੂਬੀ ਪਰ ਅੰਬਰਦੀਪ ਦੀ ਇਹ ਸ਼ੈਲੀ ਉਹਦੀ ਬਣਾਈ ਫਿਲਮ ਨੂੰ ਉਹਦੀ ਮੂਲ ਬੁਣਤ ਬਣਾਉਂਦੀ ਹੈ।ਇਸ ਤੋਂ ਇਲਾਵਾ ਜੋ ਫਿਲਮ ਜੋੜੀ ਤੱਕ ਆਉਂਦੇ ਮੈਨੂੰ ਜਾਪਿਆ ਉਹ ਹੈ ਕਿ ਉਹਦੀਆਂ ਇਸ ਤੋਂ ਪਹਿਲਾਂ ਦੀਆਂ ਫਿਲਮਾਂ ਆਪਣੀ ਸ਼ੁਰੂਆਤ ਤੋਂ ਅੰਤ ਤੱਕ ਬੇਹੱਦ ਖੂਬਸੂਰਤ ਲੈਅ ਅਤੇ ਸਹਿਜ ਨਾਲ ਚੱਲਦੀਆਂ ਹਨ ਪਰ ਅੰਤ ਸਮੇਟਨ ਦੀ ਕਾਹਲ ਬਹੁਤੀਆਂ ਫਿਲਮਾਂ ਵਿੱਚ ਵਿਖਦੀ ਹੈ।

ਇਹ ਅੰਗਰੇਜ਼ ਫਿਲਮ ਵਿੱਚ ਵੀ ਸੀ।ਅੰਤ ਤੋਂ ਪਹਿਲਾਂ ਗਾਣਿਆਂ ਦਾ ਜਿਵੇਂ ਭੜੌਲਾ ਖਾਲੀ ਕਰਨ ਦੇ ਮਕਸਦ ਨਾਲ ਥੌੜ੍ਹੇ ਥੌੜ੍ਹੇ ਵਕਫੇ 'ਤੇ ਗੀਤ ਅਤੇ ਗੀਤਾਂ ਵਿੱਚ ਗੀਤਕਾਰਾਂ ਦਾ ਨਾਮ ਤੱਕ ਸ਼ਾਮਲ ਸੀ।ਫਿਲਮ ਲਹੌਰੀਏ ਹੋਵੇ ਜਾਂ ਭੱਜੋ ਵੀਰੋ ਵੇ ਜਾਂ ਕੋਈ ਵੀ ਹੋਰ ਅੰਤ ਸਦਾ ਸ਼ੁਰੂਆਤ ਦੀ ਸਹਿਜ ਚਾਲ ਨੂੰ ਤੋੜਦਿਆਂ ਕਾਹਲ ਦਾ ਹੀ ਹੁੰਦਾ ਸੀ।ਫਿਲਮ ਜੋੜੀ ਵਿੱਚ ਅੰਤ ਹੀ ਫਿਲਮ ਦਾ ਅਸਲ ਸਿਖਰ ਹੈ।

ਅੰਬਰਦੀਪ ਸਿੰਘ ਦੀ ਇਹ ਕੋਈ ਪਹਿਲੀ ਸੰਗੀਤ ਖੇਤਰ ਨੂੰ ਅਧਾਰ ਬਣਾਕੇ ਪੇਸ਼ ਕੀਤੀ ਫਿਲਮ ਨਹੀਂ ਹੈ।ਇਸ ਤੋਂ ਪਹਿਲਾਂ ਲੌਂਗ ਲਾਚੀ ਫਿਲਮ ਵੀ ਹੈ।ਲੌਂਗ ਲਾਚੀ ਆਪਣੇ ਗੀਤਾਂ ਕਰਕੇ ਜਾਣੀ ਗਈ ਫਿਲਮ ਹੈ ਪਰ ਹਦਾਇਤਕਾਰ ਦੀ ਬੁਣਤ ਵਜੋਂ ਦੋਵਾਂ ਫਿਲਮਾਂ ਨੂੰ ਵੇਖਦਿਆਂ ਤੁਸੀਂ ਸਮਝ ਸਕਦੇ ਹੋ ਕਿ ਇਹ ਫਿਲਮ ਬਤੌਰ ਹਦਾਇਤਕਾਰ ਅੰਬਰਦੀਪ ਸਿੰਘ ਜੋ ਪੇਸ਼ ਕਰ ਗਿਆ ਹੈ ਉਹ ਯਾਦ ਕੀਤਾ ਜਾਵੇਗਾ।ਇਹ ਫਿਲਮ ਇਸ ਕਰਕੇ ਵੀ ਖਾਸ ਹੈ ਕਿਉਂ ਕਿ ਅਗਲੀ ਫਿਲਮ ਮਰਹੂਮ ਅਮਰ ਸਿੰਘ ਚਲਕੀਲਾ ਦੀ ਜ਼ਿੰਦਗੀ 'ਤੇ ਇਮਤਿਆਜ਼ ਅਲੀ ਦੀ ਬਣਾਈ ਚਮਕੀਲਾ ਵੀ ਆਉਣ ਵਾਲੀ ਹੈ।

ਇਸ ਫਿਲਮ ਦੀ ਫਿਲਹਾਲ ਸੰਭਾਵਨਾ ਹੈ ਕਿ ਇਹ ਓਟੀਟੀ ਮੰਚ ਨੈੱਟਫਲਿਕਸ 'ਤੇ ਆਵੇਗੀ।ਦੋਵੇਂ ਫਿਲਮਾਂ ਵਿੱਚ ਦਿਲਜੀਤ ਹੀ ਭੂਮਿਕਾ ਵਿੱਚ ਹੈ।ਫਿਲਮ ਚਮਕੀਲਾ ਆਉਣ 'ਤੇ ਜੋੜੀ ਨਾਲ ਦਰਸ਼ਕ ਤੁਲਨਾ ਵੀ ਕਰੇਗਾ ਅਤੇ ਪੜਚੋਲ ਵੀ ਕਰੇਗਾ।ਮੇਰਾ ਮੰਨਣਾ ਹੈ ਕਿ ਦੋਵਾਂ ਫਿਲਮਾਂ ਨੂੰ ਆਪੋ ਆਪਣੀ ਥਾਂਵੇ ਵੇਖਿਆ ਜਾਵੇ ਪਰ ਜੋੜੀ ਫਿਲਮ ਕਹਾਣੀ ਅਤੇ ਕਹਾਣੀ ਦੇ ਸਮੇਂ,ਸਥਾਨ,ਕਿਰਦਾਰ,ਜ਼ੁਬਾਨ ਅਤੇ ਬੁਣਤ ਕਰਕੇ ਲੰਮੇ ਸਮੇਂ ਤੱਕ ਯਾਦ ਰੱਖਣ ਵਾਲੀ ਫਿਲਮ ਹੈ।ਇਹ ਮੇਰਾ ਨਜ਼ਰੀਆ ਹੈ ਕਿ ਜੋੜੀ ਦੀ ਅਦਾਕਾਰਾ ਨਿਮਰਤ ਖਹਿਰਾ ਅਤੇ ਚਮਕੀਲਾ ਦੀ ਪਰਣੀਤੀ ਦੀ ਤੁਲਨਾ ਵਿੱਚ ਨਿਮਰਤ ਵਧੇਰੇ ਯਾਦਗਾਰ ਰਹੇਗੀ।ਨਿਮਰਤ ਦੀ ਅਦਾਕਾਰੀ ਦਾ ਅੰਦਾਜ ਭੋਲਾ ਹੈ ਅਤੇ ਇਹੋ ਉਹਦੀ ਖੂਬੀ ਹੈ।ਪਰਣੀਤੀ ਦੀ ਅਦਾਕਾਰੀ 'ਚ ਸਮਰਪਣ ਮਹਿਸੂਸ ਨਹੀਂ ਹੁੰਦਾ।

ਫਿਲਮ ਜੋੜੀ ਅਤੇ ਇਸ ਤੋਂ ਪਹਿਲਾਂ ਆਈ ਫਿਲਮ ਬਾਜਰੇ ਦਾ ਸਿੱਟਾ ਦੋਵੇਂ ਫਿਲਮਾਂ ਸਾਨੂੰ ਪੰਜਾਬੀ ਸੰਗੀਤ ਖੇਤਰ ਦੇ ਤਵਾ ਰਿਕਾਰਡ ਤੋਂ ਕੈਸੇਟ ਇੰਡਸਟਰੀ ਵਿਚਕਾਰ ਦੀ ਕਹਾਣੀਆਂ ਨਾਲ ਰੂਬਰੂ ਕਰਵਾਉਂਦੀਆਂ ਹਨ।ਪੰਜਾਬੀ ਸਿਨੇਮਾ ਵਿੱਚ ਇਹ ਕਹਾਣੀਆਂ ਪੰਜਾਬ ਦੀ ਕਹਾਣੀਆਂ ਦੀ ਬੁਣਤ ਪੇਸ਼ ਕਰਦੀਆਂ ਇਸ ਸਿਨੇਮਾ ਦੀ ਤੈਅਸ਼ੁੱਦਾ ਲੀਕ ਤੋਂ ਵੱਖਰੀਆਂ ਪੇਸ਼ ਹੁੰਦੀਆਂ ਹਨ।ਜੋੜੀ ਫਿਲਮ ਇਸ ਕਰਕੇ ਵੀ ਖਾਸ ਹੈ ਕਿ ਇਹਨੂੰ ਪੰਜਾਬ ਦੇ ਘਰ,ਬੰਦਿਆਂ,ਬਜ਼ਾਰਾਂ ਦੇ ਰੰਗ ਢੰਗ ਦੀ ਬਾਰੀਕੀ ਤੋਂ ਵੀ ਵੇਖੋ ਕਿ ਬਤੌਰ ਆਰਟ ਡਾਇਰੈਕਟਰ ਇਹਦਾ ਕੰਮ ਕਰਨ ਵਾਲੇ ਨੇ ਕਿੰਨੀ ਬਾਰੀਕੀ ਨਾਲ ਇਸ ਨੂੰ ਬੁਣਿਆ ਹੈ।

ਜੋੜੀ ਜੇ ਸੰਗੀਤ ਖੇਤਰ ਦੀ ਫਿਲਮ ਹੈ ਤਾਂ ਇਹਦੇ ਗੀਤਾਂ ਦੀ ਇਮਾਨਦਾਰੀ ਇਸ ਕਹਾਣੀ ਦੇ ਅਸਲ ਸੂਤਰਧਾਰ ਹਨ। ਰਾਜ ਰਣਜੋਧ,ਹੈਪੀ ਰਾਏਕੋਟੀ ਅਤੇ ਹਰਮਨਜੀਤ ਸਿੰਘ ਨੇ ਫਿਲਮ ਦੇ ਗੀਤਾਂ ਨੂੰ ਫਿਲਮ ਦਾ ਮੂਲ ਕਥਾਨਕ ਹੀ ਬਣਾ ਦਿੱਤਾ ਹੈ।ਮੇਰੀ ਕਲਮ ਨਾ ਬੋਲੇ ਹੈਪੀ ਰਾਏਕੋਟੀ ਦਾ ਗੀਤ,ਹਰਮਨਜੀਤ ਸਿੰਘ ਦਾ ਜਿੰਦੇ,ਰਾਜ ਰਣਜੋਧ ਦਾ ਜੋੜੀ ਤੇਰੀ ਮੇਰੀ ਅਤੇ ਬਾਕੀ ਗੀਤ ਫਿਲਮ ਦੇ ਪਾਤਰ ਸਿਤਾਰੇ ਅਤੇ ਕਮਲਜੋਤ ਜਿਹੇ ਕਿਰਦਾਰਾਂ ਦਾ ਉਹ ਢਾਂਚਾ ਜਾ ਬਣੇ ਹਨ ਜਿਸ ਨਾਲ ਇਹ ਕਹਾਣੀ ਦਰਸ਼ਕਾਂ ਦੇ ਮਨਾਂ ਵਿੱਚ ਉੱਤਰਦੀ ਹੈ।

ਅੰਬਰਦੀਪ ਸਿੰਘ ਨੇ ਇਸ ਫਿਲਮ ਨੂੰ ਬਣਾਉਣ ਵੇਲੇ ਕਲਾਕਾਰ ਦੀ ਜ਼ਿੰਦਗੀ,ਮਾਹੌਲ ਨੂੰ ਅਤੇ ਇਸ ਖੇਤਰ ਦੀਆਂ ਬਾਰੀਕੀਆਂ ਨੂੰ ਨਿੱਕੇ ਨਿੱਕੇ ਵਿਸਥਾਰਾਂ ਨਾਲ ਪੂਰਾ ਕੀਤਾ ਹੈ।ਉਹਦੀ ਇਹ ਈਮਾਨਦਾਰੀ ਵੀ ਹੈ ਕਿ ਉਹ ਇਸ ਕਹਾਣੀ ਨੂੰ ਪੰਜਾਬ ਦੇ ਏਲਵਿਸ ਕਹੇ ਜਾਂਦੇ ਅਮਰ ਸਿੰਘ ਚਮਕੀਲਾ ਤੋਂ ਪ੍ਰੇਰਿਤ ਹੋਕੇ ਵੀ ਕਲਾਕਾਰਾਂ ਦੇ ਕਤਲ ਦੀ ਅਣਸੁਲਝੀ ਗੁੱਥੀ ਨੂੰ ਕੋਈ ਚਿਹਰਾ ਮੋਹਰਾ ਨਹੀਂ ਦਿੰਦਾ।ਪੰਜਾਬ 'ਚ ਜਿਹੋ ਜਹੀ ਅਣਸੁਲਝੀ ਕਹਾਣੀ ਹੈ ਉਹੋ ਜਿਹੀ ਉਹਨੇ ਰਹਿਣ ਦਿੱਤੀ ਹੈ ਬਿਨਾਂ ਕੋਈ ਫੈਸਲਾ ਸੁਣਾਏ।ਸਿਨੇਮਾ ਨੇ ਆਪਣੀ ਕਹਾਣੀ ਇੰਝ ਵੀ ਕਹਿਣੀ ਹੁੰਦੀ ਹੈ।

ਰਿਦਮ ਬੁਆਏ ਨੇ ਲਗਾਤਾਰ ਇਹ ਬਤੌਰ ਪ੍ਰੋਡਕਸ਼ਨ ਹਾਊਸ ਕਹਾਣੀਆਂ ਦੀ ਵੰਨ ਸੁਵੰਨਤਾ ਅਤੇ ਵੰਨਗੀ ਤੋਂ ਅੰਨੀ ਦਿਆ ਮਜ਼ਾਕ ਤੋਂ ਬਾਅਦ ਇਹ ਫਿਲਮ ਦਿੱਤੀ ਹੈ।ਬਤੌਰ ਨਿਰਮਾਤਾ ਉਹ ਐਮੀ ਵਿਰਕ ਅਤੇ ਦਿਲਜੀਤ ਵਰਗੇ ਅਦਾਕਾਰਾਂ ਨਾਲ ਕੰਮ ਕਰ ਰਹੇ ਹਨ।ਅਗਲੀ ਫਿਲਮ ਜਿਓਣਾ ਮੌੜ ਉਹ ਹਦਾਇਤਕਾਰ ਜਤਿੰਦਰ ਮੌਹਰ ਨਾਲ ਕਰ ਰਹੇ ਹਨ।ਇਹ ਫਿਲਮ ਦੇ ਸਫਲ ਅਸਫਲ ਦੇ ਮਾਪਦੰਡ ਤੋਂ ਪਰਾਂ ਬਤੌਰ ਪ੍ਰੋਡਕਸ਼ਨ ਹਾਊਸ ਵੇਖਣ ਵਾਲੀ ਗੱਲ ਹੈ।

ਫਿਲਮ ਜੋੜੀ ਦਿਲਜੀਤ ਦੀ ਵੀ ਯਾਦਗਾਰ ਫਿਲਮ ਹੈ।ਦਿਲਜੀਤ ਨੇ ਆਪਣੀ ਅਦਾਕਾਰੀ 'ਚ ਜੱਟ ਐਂਡ ਜੂਲੀਅਟ ਨੁੰਮਾ ਖਾਕੇ ਨੂੰ ਤੋੜਦਿਆਂ ਨਿਰੰਤਰ ਜਦੋਂ ਮੌਕਾ ਮਿਿਲਆ ਆਪਣੇ ਕੰਮ ਦੀ ਗੁਣਵੱਤਾ ਨੂੰ ਪੇਸ਼ ਕੀਤਾ ਹੈ।ਪੰਜਾਬ ਹਾਸਰਸ ਤੋਂ ਇਲਾਵਾ ਆਪਣੇ ਅਤੀਤ ਅਤੇ ਵਰਤਮਾਨ ਦੇ ਹਲਾਤ ਨਾਲ ਅਣਗਿਣਤ ਕਹਾਣੀਆਂ ਨਾਲ ਭਰਿਆ ਹੈ।ਇਹਨਾਂ ਕਹਾਣੀ ਨੂੰ ਬੁਣਨਾ ਜ਼ਰੂਰੀ ਹੈ।ਪੰਜਾਬ ਆਪਣੀ ਜ਼ਮੀਨ ਤੋਂ ਬਹੁਤ ਉਪਜਾਊ ਹੈ।

ਇੱਥੇ ਹਰ ਸਮੇਂ ਵਿੱਚ ਨਵੀਂ ਕਹਾਣੀ ਬਣੀ ਹੈ।ਫਿਰ ਹੁਣ ਇਹਨਾਂ ਬਣੀਆਂ ਕਹਾਣੀਆਂ ਦੀ ਬੁਣਤ ਕਰਨੀ ਹੀ ਚਾਹੀਦੀ ਹੈ।ਹਰ ਸਿਨੇਮਾ ਖੇਤਰ ਦੀ ਆਪਣੀ ਖੂਬੀ ਹੈ।ਸਾਨੂੰ ਦੱਖਣ ਜਾਂ ਕਿਸੇ ਹੋਰ ਸਿਨੇਮਾ ਦੀ ਰੀਸ ਕਰਨ ਦੀ ਲੋੜ ਨਹੀਂ ਹੈ।ਭਾਂਵੇ ਅਜਿਹੀ ਮਿਸਾਲਾਂ ਚੌਣਵੀਆਂ ਹੀ ਹਨ ਪਰ ਹਦਾਇਤਕਾਰ ਅਤੇ ਕਥਾਕਾਰ ਦੀਆਂ ਅਜਿਹੀਆਂ ਕਹਾਣੀਆਂ ਦੀ ਘਾੜਤ ਇਹ ਇਸ਼ਾਰਾ ਤਾਂ ਕਰਦੀ ਹੈ ਕਿ ਸਿਨੇਮਾ ਅਖੀਰ ਕਹਾਣੀ ਕਹਿਣ ਵਿੱਚ ਹੀ ਹੈ।

The post ਜੋੜੀ: ਕਹਾਣੀ ਦੀ ਬੁਣਤ ਅਤੇ ਹਦਾਇਤਕਾਰ ਦੀ ਬੇਹਤਰੀਨ ਬੁਣਤੀ appeared first on TheUnmute.com - Punjabi News.

Tags:
  • daljit-dosanjh
  • latest-movie
  • news

ਚੰਡੀਗੜ੍ਹ, 07 ਮਈ 2023: ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੰਟਰਨੈਸ਼ਨਲ ਰਾਜਪੂਤ ਫ਼ਰੰਟ ਦੇ ਨੁਮਾਇੰਦੇ ਜੱਥੇਦਾਰ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੂੰ ਮਿਲੇ ਅਤੇ ਉਹਨਾਂ ਉੱਥੇ ਬੇਨਤੀ ਕੀਤੀ ਕੇ ਪੰਜਾਬ ਵਿਚ ਪਿੱਛਲੇ ਕਈ ਸਾਲਾਂ ਤੋਂ ਕੁਝ ਪੰਜਾਬ ਵਿਰੋਧੀ ਸ਼ਕਤੀਆਂ ਨੇ ਰਾਜਪੂਤ ਅਤੇ ਸਿੱਖਾਂ ਵਿਚ ਟਕਰਾਓ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕੀਤੀ ਹੈ |

ਰਾਜਪੂਤ ਸਮਾਜ ਜੋ ਕੇ ਗੁਰੂ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਘਰ ਦੇ ਸ਼ਰਧਾਲੂ ਰਹੇ ਹਨ, ਉਹਨਾਂ ਨੂੰ ਸਿੱਖ ਵਿਰੋਧੀ ਪੇਸ਼ ਕਰਨ ਦੀ ਕੋਝੀ ਕੋਸ਼ਿਸ਼ ਹੁੰਦੀ ਰਹੀ ਹੈ, ਸੋ ਇਸ ਮਸਲੇ ਦੇ ਮਾੜ੍ਹੇ ਅਸਰ ਨੂੰ ਦੇਖਦੇ ਹੋਏ ਜੱਥੇਦਾਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਕੇ ਸਿੱਖਾਂ ਅਤੇ ਰਾਜਪੂਤ ਸਮਾਜ ਦੇ ਸਾਂਝੇ ਇਤਿਹਾਸਕ ਪਾਤਰਾਂ ਜਿਸ ਵਿਚ ਚਮਕੌਰ ਦੇ ਰਾਏ ਬੁੱਧੀ ਚੰਦ ਅਤੇ ਬਾਬਾ ਰਾਮ ਸਿੰਘ ਪਠਾਨੀਆਂ ਵਰਗੇ ਇਤਿਹਾਕਸ ਪਾਤਰਾ ਅਤੇ ਗੁਰੂ ਸਾਹਿਬ ਦੇ ਸ਼ਰਧਾਲੂ ਰਹੇ ਰਾਜਪੂਤ ਸਮਾਜ ਦਾ ਵੀ ਇਤਿਹਾਸ ਦਰਜ ਕੀਤੀ ਜਾਵੇ |

ਇੱਥੇ ਦੱਸਣ ਯੋਗ ਹੈ ਕੇ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ੍ਹ ਮੇਲੇ ਵਿਚ ਰਾਜਪੂਤ ਸਮਾਜ ਹਾਜ਼ਰੀ ਭਰਦਾ ਰਿਹਾ ਹੈ, ਪਰ 50-60 ਸਾਲ ਤੋਂ ਇੱਕ ਦੂਰੀ ਜਿਹੀ ਖੜ੍ਹੀ ਹੋਈ ਹੈ ਸੋ ਮੁੜ ਤੋਂ ਸਿਖ ਇਤਿਹਾਸ ਅਤੇ ਗੁਰੂ ਘਰ ਨਾਲ ਸੁਹਿਰਦ ਰਿਸ਼ਤਿਆਂ ਦੀ ਭਾਵਨਾ ਨਾਲ ਉਹਨਾਂ ਦੀ ਸ਼ਰਧਾ ਨੂੰ ਥਾਂ ਦਿੱਤੀ ਜਾਵੇ |

ਇਸ ਵਾਰੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਨੇ ਹਾਂ ਪੱਖੀ ਹੁੰਗਾਰਾ ਦੇਂਦੇ ਹੋਏ ਕਿਹਾ ਕਿ ਸਿੱਖ ਧਰਮ ਕਿਸੇ ਜਾਤ ਧਰਮ ਅਤੇ ਖਿੱਤੇ ਲਈ ਕੋਈ ਵਿੱਤਕਰੇ ਭਰੀ ਭਾਵਨਾ ਨਹੀਂ ਰੱਖਦਾ, ਗੁਰੂ ਸਾਹਿਬਾਨ ਦੇ ਸ਼ਰਧਾਲੂ ਇਸ ਪੂਰੇ ਖਿੱਤੇ ਵਿਚ ਰਹੇ ਹਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਅਜਿਹੇ ਇਤਿਹਾਸਕ ਪੁਰਖਾਂ ਦਾ ਇਤਿਹਾਸ ਸਾਂਭਣ ਲਈ ਵਚਨ ਵੱਧ ਹੈ ਅਤੇ ਰਾਏ ਬੁੱਧੀ ਚੰਦ ਤੋਂ ਲੈਕੇ ਰਾਮ ਸਿੰਘ ਪਠਾਨੀਆ, ਬਾਬਾ ਬਜ਼ਰ ਸਿੰਘ ਰਾਠੌਰ , ਨਾਹਨ ਦੇ ਰਾਜਾ ਮੇਦਨੀ ਪਰਕਾਸ਼ ਵਰਗੇ ਗੁਰੂ ਘਰ ਦੇ ਪ੍ਰੇਮੀਆਂ ਦੀ ਇਤਿਹਾਸਕ ਜਾਣਕਾਰੀ ਆਮ ਲੋਕਾਂ ਤੱਕ ਪੁਜਾਉਣ ਅਤੇ ਸਿੱਖ ਇਤਿਹਾਸ ਵਿੱਚ ਦਰਜ ਕਰਵਾਉਣ ਲਈ ਉਪਰਾਲੇ ਕੀਤੇ ਜਾਣਗੇ ਅਤੇ ਭਵਿੱਖ ਵਿਚ ਇਸ ਇਤਿਹਾਸਕ ਰਿਸ਼ਤੇ ਵਾਰੇ ਸੈਮੀਨਾਰ ਅਤੇ ਧਾਰਮਿਕ ਸਮਾਗਮ ਵੀ ਉਲੀਕੇ ਜਾਣਗੇ ਅਤੇ ਉਹਨਾਂ ਟੱਬਰਾਂ ਨੂੰ ਵੀ ਇਹਨਾਂ ਸਮਾਗਮਾਂ ਦਾ ਹਿੱਸਾ ਬਣਾਇਆ ਜਾਵੇਗਾ |

The post ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਇੰਟਰਨੈਸ਼ਨਲ ਰਾਜਪੂਤ ਫ਼ਰੰਟ ਦੇ ਨੁਮਾਇੰਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ appeared first on TheUnmute.com - Punjabi News.

Tags:
  • giani-harpreet-singh
  • jathedar-giani-harpreet-singh
  • takht-sri-damdama-sahib
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription.
Previous Post Next Post

Contact Form