TheUnmute.com – Punjabi NewsPunjabi News, Breaking News in Punjabi, ਪੰਜਾਬੀ ਖ਼ਬਰਾਂ, ਪੰਜਾਬੀ 'ਚ ਮੁੱਖ ਖ਼ਬਰਾਂ, Punjab Latest News, Punjabi Documentary - TheUnmute.com |
ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬਰਸੀ 'ਤੇ ਵਿਸ਼ੇਸ਼ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ Sunday 02 April 2023 02:55 PM UTC+00 | Tags: bhai-nirmal-singh-khalsa featured-post kirtan kirtan-samagam punjab punjabi sikh theunmute waheguru ~ ਹਰਪ੍ਰੀਤ ਸਿੰਘ ਕਾਹਲੋਂ ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ ਭਾਈ ਨਿਰਮਲ ਸਿੰਘ ਖ਼ਾਲਸਾ ਵੱਲੋਂ ਅੰਮ੍ਰਿਤ ਵੇਲੇ ਗਾਈ ਜਾਂਦੀ ‘ਆਸਾ ਦੀ ਵਾਰ’ ਦਾ ਸੰਗਤ ਵਿੱਚ ਸੁਹਜ ਆਨੰਦ ਸੀ। ਰਾਗ ਆਸਾ ਦੀਆਂ ਧੁਨਾਂ ਨੂੰ ਉਨ੍ਹਾਂ ਨੇ ਸਹਿਜੇ ਹੀ ਛੂਹਣਾ ਅਤੇ ਸੰਗਤ ਵਿੱਚ ਰੂਹਾਨੀ ਕੀਰਤਨ ਦਾ ਆਨੰਦ ਵੇਖਣ ਵਾਲਾ ਹੁੰਦਾ ਸੀ। ਜਲੰਧਰ ਤੋਂ ਤੁਰਦੀ ਜ਼ਿੰਦਗੀ ਭਾਈ ਨਿਰਮਲ ਸਿੰਘ ਖ਼ਾਲਸਾ ਦਾ ਜਨਮ 12 ਅਪਰੈਲ 1952 ਨੂੰ ਉਨ੍ਹਾਂ ਦੇ ਨਾਨਕੇ ਪਿੰਡ ਜੰਡਵਾਲਾ ਭੀਮੇਸ਼ਾਹ ਜ਼ਿਲ੍ਹਾ ਫਿਰੋਜ਼ਪੁਰ ਚ ਹੋਇਆ। 1947 ਦੀ ਵੰਡ ਵੇਲੇ ਉਨ੍ਹਾਂ ਦੇ ਪੁਰਖੇ ਲਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵੱਲ ਆਉਂਦੇ ਹਨ। ਭਾਈ ਨਿਰਮਲ ਸਿੰਘ ਖਾਲਸਾ ਦੇ ਪਿਤਾ ਗਿਆਨੀ ਚੰਨਣ ਸਿੰਘ ਦਾ ਵੱਡਾ ਪਰਿਵਾਰ ਸੀ। ਇਸ ਪਰਿਵਾਰ ਚ ਉਨ੍ਹਾਂ ਦੇ ਪਿਤਾ ਦੇ 6 ਭਰਾ ਵੀ ਸਨ। ਉਹਨਾਂ ਨੂੰ ਜ਼ਿਲ੍ਹਾ ਜਲੰਧਰ ਦੇ ਲੋਹੀਆਂ ਖਾਸ ਦੇ ਨੇੜੇ ਮੰਡ ਖੇਤਰ ਵਿੱਚ ਜ਼ਮੀਨ ਮਿਲੀ ਸੀ। ਚਾਚੇ ਦਾ ਰੇਡੀਓ ਅਤੇ ਪਾਕਿਸਤਾਨ ਦਾ ਪੰਜਾਬੀ ਦਰਬਾਰ 1947 ਦੀ ਵੰਡ ਨੇ ਸਾਡੀਆਂ ਥਾਵਾਂ ਤਾਂ ਬਦਲ ਦਿੱਤੀਆਂ ਪਰ ਯਾਦਾਂ ਦੇ ਸਿਰਨਾਵੇਂ ਨਹੀਂ ਬਦਲ ਸਕੀ। ਰਫਿਊਜੀ ਪਰਿਵਾਰਾਂ ਦੀ ਇੱਕ ਤੰਦ ਸਦਾ ਪਿੱਛੇ ਛੁੱਟ ਗਈ ਮਿੱਟੀ,ਭਾਈਚਾਰੇ ਅਤੇ ਲੋਕਧਾਰਾ ਵਿੱਚ ਰਹੀ ਹੈ। ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਦਾ ਇੱਕ ਚਾਚਾ ਪਿੰਡ ਦਾ ਸਰਪੰਚ ਸੀ। ਉਨ੍ਹਾਂ ਕੋਲ ਇੱਕ ਵੱਡਾ ਰੇਡੀਓ ਹੁੰਦਾ ਸੀ। ਉਨ੍ਹਾਂ ਦਿਨਾਂ ਵਿੱਚ ਸ਼ਾਮ ਦੇ 6-7 ਵਜੇ ਪਾਕਿਸਤਾਨ ਤੋਂ ਆਉਂਦੇ ਪੰਜਾਬੀ ਦਰਬਾਰ ਨੂੰ ਸੁਣਨ ਦਾ ਪੱਕਾ ਨੇਮ ਸੀ। ਪੰਜਾਬੀ ਦਰਬਾਰ ਤੋਂ ਬਾਅਦ ਸ਼ਾਮ-ਏ-ਗ਼ਜ਼ਲ ਨੂੰ ਵੀ ਉਨ੍ਹਾਂ ਬਹੁਤ ਚਾਅ ਦੇ ਨਾਲ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਇਹਨੂੰ ਦੁੱਧ ਚ ਦਹੀਂ ਦੀ ਫੁੱਟੀ ਪੈਣਾ ਕਹਿੰਦੇ ਹੁੰਦੇ ਸਨ। ਇਸ ਪ੍ਰੋਗਰਾਮ ਵਿੱਚ ਉਨ੍ਹਾਂ ਨੇ ਮੇਹਦੀ ਹਸਨ, ਗੁਲਾਮ ਅਲੀ ਖਾਨ, ਨੂਰ ਜਹਾਂ, ਰੇਸ਼ਮਾ ਨੂੰ ਸੁਣਨਾ। ਭਾਈ ਨਿਰਮਲ ਸਿੰਘ ਖ਼ਾਲਸਾ ਦੇ ਦੂਜੇ ਉਸਤਾਦ ਪਾਕਿਸਤਾਨ ਦੇ ਗ਼ਜ਼ਲ ਗਵੱਈਏ ਉਸਤਾਦ ਗ਼ੁਲਾਮ ਅਲੀ ਖ਼ਾਨ ਸਨ। ਭਾਈ ਮਰਦਾਨਾ ਦੇ ਵਾਰਸਾਂ ਦੀ ਗੁੜ੍ਹਤੀ ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਸਨ ਕਿ ਇਹ ਅਜਬ ਅਹਿਸਾਸ ਸੀ ਕਿ ਉਨ੍ਹਾਂ ਨੂੰ ਪਿੰਡਾਂ ਵਿੱਚ ਗਾਉਂਦੇ ਹੋਏ ਮਰਾਸੀ ਬਹੁਤ ਵਧੀਆ ਲੱਗਣੇ। ਉਨ੍ਹਾਂ ਨੂੰ ਗਾਉਂਦਿਆਂ ਸੁਣਦਿਆਂ ਉਨ੍ਹਾਂ ਦਾ ਵੀ ਗਾਉਣ ਨੂੰ ਦਿਲ ਕਰਨਾ। ਪਾਕਿਸਤਾਨ ਦੇ ਪ੍ਰੋਗਰਾਮ ਪੰਜਾਬੀ ਦਰਬਾਰ ਵਿੱਚ ਉਨ੍ਹਾਂ ਭਾਈ ਮਰਦਾਨੇ ਦੀ ਪੀੜ੍ਹੀ ਚੋਂ ਭਾਈ ਲਾਲ ਜੀ ਅਤੇ ਹੋਰ ਰਾਗੀ ਸਿੰਘਾਂ ਨੂੰ ਸੁਣਨਾ। ਭਾਈ ਸਾਹਿਬ ਦੱਸਦੇ ਹਨ ਕਿ ਉਨ੍ਹਾਂ ਨੂੰ ਉਸ ਸਮੇਂ ਨਹੀਂ ਸੀ ਪਤਾ ਕਿ ਇਹ ਕਿੰਨੇ ਵੱਡੇ ਗਵੱਈਏ ਹਨ ਪਰ ਉਨ੍ਹਾਂ ਨੂੰ ਬਾਅਦ ਵਿੱਚ ਪਤਾ ਲੱਗਾ ਕਿ ਇਹ ਗਵੱਈਏ ਭਾਈ ਸੰਤਾ ਸਿੰਘ ਭਾਈ ਸਮੁੰਦ ਸਿੰਘ ਹਨ। ਮਾਂ ਦੀ ਮੁੰਦਰੀ ਅਤੇ ਗੁਰੂ ਘਰ ਦਾ ਸਫਰ
ਭਾਈ ਨਿਰਮਲ ਸਿੰਘ ਖ਼ਾਲਸਾ ਦੱਸਦੇ ਹਨ ਕਿ ਉਨ੍ਹਾਂ ਨੇ ਆਪਣੇ ਪਿਉ ਕੋਲ ਪਹਿਲੀ ਵਾਰ ਇਹ ਜ਼ਾਹਰ ਕੀਤਾ ਕਿ ਉਹ ਸੰਗੀਤ ਸਿੱਖਣਾ ਚਾਹੁੰਦੇ ਹਨ। ਉਨ੍ਹਾਂ ਦੇ ਪਿਤਾ ਸਾਧਾਰਨ ਕਿਸਾਨੀ ਪਰਿਵਾਰ ਦੇ ਸਨ ਉਨ੍ਹਾਂ ਮੁਤਾਬਕ ਇਹ ਕੰਮ ਖੇਤੀਬਾੜੀ ਕਰਨ ਵਾਲਿਆਂ ਦਾ ਨਹੀਂ ਹੁੰਦਾ। ਭਾਈ ਨਿਰਮਲ ਸਿੰਘ ਖ਼ਾਲਸਾ ਦੀ ਮਾਤਾ ਗੁਰਦੇਵ ਕੌਰ ਆਪਣੇ ਪੁੱਤ ਦੇ ਇਸ ਅਹਿਸਾਸ ਨੂੰ ਸਮਝਦੀ ਸੀ। ਉਨ੍ਹਾਂ ਦੀ ਮਾਤਾ ਨੇ ਕਿਸੇ ਵਿਆਹ ਵਿੱਚ ਮਿਲਣੀ ਵਜੋਂ ਪਈ ਮੁੰਦਰੀ ਆਪਣੇ ਪੁੱਤ ਨੂੰ ਦਿੱਤੀ। ਭਾਈ ਨਿਰਮਲ ਸਿੰਘ ਖ਼ਾਲਸਾ ਆਪਣੀ ਮਾਂ ਦੀ ਮੁੰਦਰੀ 30 ਰੁਪਏ ਵਿੱਚ ਵੇਚ ਕੇ 1 ਰੁਪਏ ਦੀ ਟਿਕਟ ਲੈ ਕੇ ਅੰਮ੍ਰਿਤਸਰ ਪੁੱਜੇ। ਉਨ੍ਹਾਂ ਮੁਤਾਬਕ ਉਨ੍ਹਾਂ ਦੇ ਚਾਚਾ ਗੁਰਬਚਨ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇ ਡਰਾਈਵਰ ਸਨ ਅਤੇ ਕੀਰਤਨ ਵੀ ਕਰਦੇ ਸਨ। ਗੁਰਮਤਿ ਸੰਗੀਤ ਸਿੱਖਣ ਵਿੱਚ ਉਨ੍ਹਾਂ ਨੇ ਭਾਈ ਨਿਰਮਲ ਸਿੰਘ ਖਾਲਸਾ ਨੂੰ ਵੱਡੀ ਹੱਲਾਸ਼ੇਰੀ ਦਿੱਤੀ। ਉਨ੍ਹਾਂ ਦੀਆਂ ਯਾਦਾਂ ਵਿੱਚ ਰਾਗੀ ਸਿੰਘਾਂ ਦੀ ਮੁਹੱਬਤ ਅਤੇ ਚਿੰਤਾ ਭਾਈ ਨਿਰਮਲ ਸਿੰਘ ਖ਼ਾਲਸਾ ਵੱਖ ਵੱਖ ਸਟੇਜਾਂ ਤੋਂ ਅਕਸਰ ਹੀ ਗੁਰਮਤਿ ਸੰਗੀਤ ਦੀ ਚੜ੍ਹਦੀ ਕਲਾ ਅਤੇ ਰਾਗੀ ਸਿੰਘਾਂ ਦੇ ਆਰਥਿਕ ਮਾਨਸਿਕ ਹੁਲਾਰੇ ਦੀ ਗੱਲ ਕਹਿੰਦੇ ਆਏ ਹਨ। ਭਾਈ ਨਿਰਮਲ ਸਿੰਘ ਖ਼ਾਲਸਾ ਚ ਮੁਲਾਕਾਤ ਵੇਲੇ ਇਹ ਕਿਹਾ ਸੀ ਕੇ ਰਾਗੀ ਸਿੰਘਾਂ ਨੂੰ ਗੁਰਮਤਿ ਸੰਗੀਤ ਦੀ ਰਾਗਾਤਮਕ ਰਵਾਇਤੀ ਵਿੱਦਿਆ ਬਾਰੇ ਵੱਧ ਤੋਂ ਵੱਧ ਜਾਣੂ ਹੋਣਾ ਚਾਹੀਦਾ ਹੈ। ਗੁਰਮਤਿ ਸੰਗੀਤ ਸਾਡੀ ਮਹਾਨ ਵਿਰਾਸਤ ਹੈ ਅਤੇ ਸੁਰਾਗ ਪਰੰਪਰਾ ਨੂੰ ਜਿਉਂਦੇ ਰੱਖਣ ਦੇ ਲਈ ਸਾਨੂੰ ਹਰ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਨੇ ਇਹ ਸਵਾਲ ਖੜ੍ਹਾ ਕੀਤਾ ਸੀ ਕਿ ਇਸ ਹੰਭਲੇ ਲਈ ਸਾਨੂੰ ਆਪਣੇ ਮਹਾਨ ਕੀਰਤਨੀਆਂ ਦੀ ਜ਼ਿੰਦਗੀ ਨੂੰ ਪੜ੍ਹਨਾ ਪਵੇਗਾ ਕਿ ਕਿਹੋ ਜਿਹੇ ਹੁੰਦੇ ਸਨ ਭਾਈ ਮਨਸ਼ਾ ਸਿੰਘ। ਉਨ੍ਹਾਂ ਇਹ ਵੀ ਕਿਹਾ ਸੀ ਕਿ ਇਸ ਦੌਰ ਦੇ ਅੰਦਰ ਜੇ ਭਾਈ ਮਨਸ਼ਾ ਸਿੰਘ ਵਰਗੇ ਕੀਰਤਨੀਏ ਨਹੀਂ ਹਨ ਤਾਂ ਇਸ ਦੌਰ ਅੰਦਰ ਮਹਾਰਾਜਾ ਰਣਜੀਤ ਸਿੰਘ ਵਰਗੇ ਬਾਦਸ਼ਾਹ ਵੀ ਨਹੀਂ ਹਨ ਜੋ ਗੁਰਮਤਿ ਸੰਗੀਤ ਨੂੰ ਹੁੰਗਾਰਾ ਦੇਣ ਦੇ ਲਈ ਰਾਗੀ ਸਿੰਘਾਂ ਦੀ ਮਦਦ ਕਰਨ। 6 ਅਕਤੂਬਰ 1991 ਭਾਈ ਨਿਰਮਲ ਸਿੰਘ ਖ਼ਾਲਸਾ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਮੇਜ ਸਿੰਘ ਦੇ ਸਹਾਇਕ ਰਾਗੀ ਵਜੋਂ ਸ਼ੁਰੂਆਤ ਕੀਤੀ ਸੀ। ਭਾਈ ਗੁਰਮੇਜ ਸਿੰਘ ਸੂਰਮੇ ਸਿੰਘ (ਦਿਵਿਆਂਗ) ਹਨ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਬ੍ਰੇਲ ਲਿਪੀ ਵਿਚ ਲਿਖਿਆ ਹੈ। ਆਸਾ ਦੀ ਵਾਰ ਅਤੇ ਗੁਰੂ ਘਰ ਦੇ ਕੀਰਤਨੀਏ ਦੀ ਸੋਭਾ ਭਾਈ ਨਿਰਮਲ ਸਿੰਘ ਖ਼ਾਲਸਾ ਵੱਲੋਂ ਸਰਵਣ ਕੀਤੀ ਹੋਈ ਆਸਾ ਦੀ ਵਾਰ ਗੁਰਮਤਿ ਸੰਗੀਤ ਨੂੰ ਸੁਣਨ ਵਾਲਿਆਂ ਵਿੱਚ ਬਹੁਤ ਚਰਚਿਤ ਰਹੀ ਹੈ। ਭਾਈ ਨਿਰਮਲ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਜਥੇ ਵੱਲੋਂ ਸਭ ਤੋਂ ਪਹਿਲਾਂ ਆਸਾ ਦੀ ਵਾਰ 1994 ਵਿੱਚ ਗਾਈ ਗਈ। ਇਸ ਤੋਂ ਬਾਅਦ ਉਨ੍ਹਾਂ ਨੂੰ ਟੀ ਸੀਰੀਜ਼ ਕੈਸੇਟ ਕੰਪਨੀ ਨੇ ਰਿਕਾਰਡ ਕੀਤਾ। ਆਸਾ ਦੀ ਵਾਰ ਦੀ ਉਨ੍ਹਾਂ ਦੀ ਕੈਸੇਟ ਰਿਕਾਰਡ 90 ਲੱਖ ਵਿਕੀ। ਭਾਈ ਨਿਰਮਲ ਸਿੰਘ ਖ਼ਾਲਸਾ ਨੇ ਆਪਣੀ ਜ਼ਿੰਦਗੀ ਨੂੰ ਆਮ ਸੱਥਾਂ ਵਿੱਚ ਬਹੁਤ ਖੁੱਲ੍ਹ ਕੇ ਬਿਆਨ ਕੀਤਾ ਹੈ । ਉਨ੍ਹਾਂ ਉਨ੍ਹਾਂ ਮੁਤਾਬਕ ਇਹ ਸਿੱਖੀ ਦਾ ਸੁਹੱਪਣ ਹੈ ਕਿ ਇੱਥੇ ਮੌਕੇ ਕਿਸੇ ਵੀ ਤਰ੍ਹਾਂ ਜਾਤ ਰੰਗ ਨਸਲ ਵੇਖ ਕੇ ਨਹੀਂ ਮਿਲਦੇ। ਉਨ੍ਹਾਂ ਕਿਹਾ ਸੀ :- “ਮੈਂ ਮਜ਼੍ਹਬੀ ਸਿੱਖਾਂ ਦਾ ਪੰਜਵੀਂ ਪਾਸ ਗਰੀਬ ਬੱਚਾ ਹਾਂ ਪਰ ਮੇਰੇ ਗੁਰੂ ਦੀ ਬਖ਼ਸ਼ ਸਦਕਾ ਮੇਰੀਆਂ ਲਿਖੀਆਂ ਦੋ ਕਿਤਾਬਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਲੇਬਸ ਦਾ ਹਿੱਸਾ ਹਨ ਤੇ ਗੁਰੂ ਦੇ ਨਿਮਾਣੇ ਤੇ ਗਰੀਬ ਸਿੱਖ ਤੇ ਵੱਖ ਵੱਖ ਯੂਨੀਵਰਸਿਟੀ ਕਾਲਜਾਂ ਦੇ ਵਿਦਿਆਰਥੀ ਪੀ.ਐੱਚ. ਡੀ. ਕਰ ਚੁੱਕੇ ਹਨ ਜਾਂ ਕਰ ਰਹੇ ਹਨ।”
ਉਦਾਸੀ ਹੈ ਪਰ ਗੁਰੂ ਸਾਹਿਬ ਦਾ ਹੁਕਮ ਹੈ – ਡਾਕਟਰ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਦੇ ਗੁਰਮਤਿ ਸੰਗੀਤ ਦੇ ਸਾਬਕਾ ਮੁਖੀ ਡਾ ਗੁਰਨਾਮ ਸਿੰਘ ਨੇ ਗੁਰਮਤਿ ਸੰਗੀਤ ਦੇ ਖੇਤਰ ਵਿੱਚ ਰਾਗਾਤਮਕ ਪਰੰਪਰਾ ਦੇ ਸ਼ਬਦ ਗਾਇਨ ਦੀ ਖੂਬ ਵਕਾਲਤ ਵੀ ਕੀਤੀ ਹੈ ਅਤੇ ਇਸ ਖੇਤਰ ਵਿੱਚ ਨਿੱਠ ਕੇ ਕੰਮ ਵੀ ਕੀਤਾ ਹੈ। ਗੁਰਮਤਿ ਗਾਇਨ ਵਿੱਚ ਉਨ੍ਹਾਂ ਦਾ ਯੋਗਦਾਨ ਸਦਾ ਯਾਦ ਕੀਤਾ ਜਾਵੇਗਾ – ਪਿ੍ੰਸੀਪਲ ਸੁਖਵੰਤ ਸਿੰਘ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਰਾਸ਼ਟਰਪਤੀ ਪ੍ਰਤਿਭਾ ਪਾਟਲ ਤੋਂ 2009 ‘ਚ ਮਿਲਿਆ ‘ਪਦਮ ਸ੍ਰੀ’ ਸਨਮਾਨ ਪਹਿਲੀ ਵਾਰ ਕਿਸੇ ਕੀਰਤਨੀਏ ਨੂੰ ਪ੍ਰਾਪਤ ਹੋਇਆ। ਉਨ੍ਹਾਂ ਨਾਲ ਗੁਜ਼ਰਿਆ ਵਕਤ ਸਦਾ ਯਾਦ ਰਹੇਗਾ। ਪੰਜਾਂ ਤਖਤਾਂ ਤੇ ਸ਼ਬਦ ਕੀਰਤਨ ਦੀ ਹਾਜ਼ਰੀ, ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਉਨ੍ਹਾਂ ਦੀ ਹਾਜ਼ਰੀ ਅਤੇ 71 ਵੱਖ ਵੱਖ ਦੇਸ਼ਾਂ ਵਿੱਚ ਉਨ੍ਹਾਂ ਵੱਲੋਂ ਗਾਇਨ ਕੀਤੇ ਗਏ ਗੁਰੂ ਦੇ ਸ਼ਬਦ ਸਾਡੀ ਕੌਮ ਦੀ ਵਿਰਾਸਤ ਹਨ ਅਤੇ ਉਨ੍ਹਾਂ ਦੀ ਵਿਦਾਇਗੀ ਤੇ ਸਾਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।” 2 ਅਪਰੈਲ 2020 ਦੀ ਸਵੇਰ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭਾਈ ਨਿਰਮਲ ਸਿੰਘ ਖ਼ਾਲਸਾ ਅਕਾਲ ਚਲਾਣਾ ਕਰ ਗਏ। ਉਨ੍ਹਾਂ ਦੇ ਆਖਰੀ ਸਾਹ ਕਰੋਨਾ ਵਰਗੀ ਮਹਾਂਮਾਰੀ ਦੀ ਭੇਟ ਚੜ੍ਹੇ ਹਨ। ਕਰੋਨਾ ਮਹਾਂਮਾਰੀ ਵਿੱਚ ਤੁਰ ਜਾਣ ਵਾਲਿਆਂ ਦੀ ਸੂਚੀ ਵਿੱਚ ਬੇਸ਼ੱਕ ਉਹ ਇੱਕ ਨੰਬਰ ਵਾਂਗੂੰ ਗਿਣੇ ਗਏ ਪਰ ਪੰਜਾਬ ਜੋ ਗੁਰਾਂ ਦੇ ਨਾਮ ਤੇ ਜਿਉਂਦਾ ਅਤੇ ਗਾਉਂਦਾ ਹੈ ਉਸ ਲਈ ਭਾਈ ਨਿਰਮਲ ਸਿੰਘ ਖਾਲਸਾ ਵੱਡਾ ਘਾਟਾ ਹੈ। ਜਿਵੇਂ ਤੁਰ ਜਾਣ ਵਾਲਿਆਂ ਨਾਲ ਤੁਰਿਆ ਨਹੀਂ ਜਾਂਦਾ ਅਤੇ ਜੱਗ ਦੀ ਇਹ ਰੀਤ ਹੈ ਜੰਮਣਾ ਤੇ ਮਰਨਾ।ਇਸ ਸਭ ਦੇ ਵਿਚਕਾਰ ਭਾਈ ਨਿਰਮਲ ਸਿੰਘ ਖਾਲਸਾ ਸਾਨੂੰ ਅਲਵਿਦਾ ਕਹਿ ਗਏ ਹਨ ਪਰ ਉਨ੍ਹਾਂ ਦੇ ਰਸਭਿੰਨੇ ਸਰਵਣ ਕੀਤੇ ਕੀਰਤਨ ਦੀ ਆਵਾਜ਼ ਬਾਕੀ ਹੈ ਆਖਰ…. ਮਹਿਕਵੰਤ, ਸੁਰ ਸਾਗਰ ਪੂਰਾ, ਨਿਰਮਲ ਵੀਰ ਉਦਾਸ ਕਰ ਗਿਆ The post ਭਾਈ ਨਿਰਮਲ ਸਿੰਘ ਖ਼ਾਲਸਾ ਦੀ ਬਰਸੀ ‘ਤੇ ਵਿਸ਼ੇਸ਼ : ਰਸਭਿੰਨੇ ਕੀਰਤਨੀਏ ਦੀ ਆਵਾਜ਼ ਬਾਕੀ ਹੈ ਆਖ਼ਰ appeared first on TheUnmute.com - Punjabi News. Tags:
|
You received this email because you set up a subscription at Feedrabbit. This email was sent to you at dailypostin10@gmail.com. Unsubscribe or change your subscription. |
Sport:
Digest