
ਸ੍ਰੀ ਮੁਕਤਸਰ ਸਾਹਿਬ 6 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਥਾਣਾ ਸਦਰ ਮਲੋਟ ਸ੍ਰੀ ਮੁਕਤਸਰ ਸਾਹਿਬ ਦੀ ਪੁਲਿਸ ਨੇ ਨਾਕੇ ਦੌਰਾਨ ਇੱਕ ਵਿਅਕਤੀ ਤੋਂ ਉਸਦੇ ਟਰੱਕ ਵਿੱਚੋਂ 4 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਹੈ। ਜਾਣਕਾਰੀ ਦਿੰਦਿਆਂ ਐਸ ਐਸ ਪੀ ਧਰੂਮਨ ਐਚ ਨਿੰਬਲੇ ਨੇ ਦੱਸਿਆ ਕਿ ਮਲੋਟ ਰੋਡ ‘ਤੇ, ਮਾਈ ਭਾਗੋ ਟੀ ਪੁਆਇੰਟ ਉੱਪਰ ਨਾਕਾ ਲਾਇਆ ਹੋਇਆ ਸੀ ਕਿ ਸ਼ੱਕ ਦੇ ਅਧਾਰ ‘ਤੇ ਜਦ ਇੱਕ ਟਰੱਕ ਨੰਬਰ PB 05-AL-4036 ਅਸ਼ੋਕ ਲੇਲੈਂਡ ਨੂੰ ਰੋਕਿਆ, ਜਿਸਨੂੰ ਅਵਤਾਰ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਮੱਲਣ ਚਲਾ ਰਿਹਾ ਸੀ ਤਾਂ ਡਰਾਈਵਰ ਦੇ ਕੈਬਿਨ ਦੇ ਪਿਛਲੇ ਪਾਸੇ ਬਣੇ ਬੌਕਸ ਵਿੱਚੋਂ 4 ਕਿੱਲੋ 200 ਗ੍ਰਾਮ ਅਫੀਮ ਬਰਾਮਦ ਕੀਤੀ ਗਈ । ਇਸ ਟਰੱਕ ਵਿੱਚ ਪੈਕਿੰਗ ਦੁੱਧ ਦੇ 1930 ਡੱਬੇ ਲੱਦੇ ਹੋਏ ਸਨ ਅਤੇ ਪਾਲਮਪੁਰ ਅਤੇ ਲੇਹ ਦੀ ਬਿਲਟੀ ਬਣੀ ਹੋਈ ਸੀ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਗੁਜਰਾਤ ਤੋਂ ਕਸ਼ਮੀਰ ਤੱਕ ਪੈਕਿੰਗ ਦੁੱਧ ਦੀ ਢੋਆ ਢੁਆਈ ਦਾ ਕੰਮ ਕਰਦਾ ਸੀ। ਜਦੋਂ ਰਸਤੇ ਵਿੱਚ ਰਾਜਿਸਥਾਨ ਵਿੱਚੋਂ ਗੁਜ਼ਰਦਾ ਸੀ ਤਾਂ ਵੱਖ ਵੱਖ ਥਾਵਾਂ ਤੋਂ ਅਫੀਮ ਲਿਆ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਉਨ੍ਹਾਂ ਦੱਸਿਆ ਕਿ ਦੋ ਟਰੱਕਾਂ ਨੂੰ ਰੋਕਿਆ ਗਿਆ ਸੀ ਅਤੇ ਦੂਸਰੇ ਟਰੱਕ ਵਿੱਚ ਤਿੰਨ ਵਿਅਕਤੀ ਸਵਾਰ ਸਨ , ਸ਼ੱਕ ਦੇ ਅਧਾਰ ‘ਤੇ ਉਨ੍ਹਾਂ ਵਿਅਕਤੀਆਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਫੀਮ ਕੇਵਲ ਅਵਤਾਰ ਸਿੰਘ ਦੇ ਟਰੱਕ ਵਿੱਚੋਂ ਹੀ ਬਰਾਮਦ ਕੀਤੀ ਗਈ ਹੈ ਅਤੇ ਅਵਤਾਰ ਸਿੰਘ ਨੂੰ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
The post ਮੁਕਤਸਰ ਪੁਲਿਸ ਨੇ ਨਸ਼ਾ ਤਸਕਰ ਨੂੰ ਚਾਰ ਕਿੱਲੋ ਦੋ ਸੌ ਗ੍ਰਾਮ ਅਫੀਮ ਸਮੇਤ ਕਾਬੂ ਕੀਤਾ first appeared on Punjabi News Online.
source https://punjabinewsonline.com/2022/04/07/%e0%a8%ae%e0%a9%81%e0%a8%95%e0%a8%a4%e0%a8%b8%e0%a8%b0-%e0%a8%aa%e0%a9%81%e0%a8%b2%e0%a8%bf%e0%a8%b8-%e0%a8%a8%e0%a9%87-%e0%a8%a8%e0%a8%b8%e0%a8%bc%e0%a8%be-%e0%a8%a4%e0%a8%b8%e0%a8%95%e0%a8%b0/