
ਭੰਗੜੇ ਦੀ ਧਮਾਲ ਨੇ ਜਸ਼ਨ ਦੇ ਉਦਘਾਟਨੀ ਸਮਾਗਮ ਵਿਚ ਭਰਿਆ ਲੋਕ ਨਾਚ ਦਾ ਰੰਗ
ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਚਨਬੱਧ: ਵਾਈਸ ਚਾਂਸਲਰ ਪ੍ਰੋ. ਸੰਧੂ
ਅੰਮ੍ਰਿਤਸਰ, 06 ਅਪ੍ਰੈਲ 2022 (PNO )- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਦਿਆਰਥੀ ਕਲਾਕਾਰਾਂ ਦਾ ਯੂਨੀਵਰਸਿਟੀ ਵਿਚ ਚੱਲਣ ਵਾਲਾ ਚਾਰ ਦਿਨਾਂ ਮੇਲਾ ਜਸ਼ਨ 2022 ਧੂਮ ਧੜੱਕੇ ਨਾਲ ਸ਼ੁਰੂ ਹੋ ਗਿਆ। ਪੰਜਾਬ ਦੇ ਪ੍ਰਸਿੱਧ ਲੋਕ ਨਾਚ ਭੰਗੜੇ ਦੀ ਧਮਾਲ ਅਤੇ ਢੋਲ ਦੇ ਡਗੇ ਨਾਲ ਸ਼ੁਰੂ ਹੋਏ ਜਸ਼ਨ ਦਾ ਵਿਦਿਆਰਥੀ ਸਰੋਤਿਆਂ ਤੋਂ ਇਲਾਵਾ ਫੈਕਲਟੀ ਨੇ ਵੀ ਪਹਿਲੇ ਦਿਨ ਭਰਪੂਰ ਆਨੰਦ ਲਿਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਜਸਪਾਲ ਸਿੰਘ ਸੰਧੂ ਨੇ ਇਸ ਮੌਕੇ ਜਿਥੇ ਰਸਮੀ ਤੌਰ `ਤੇ ਸ਼ਮ੍ਹਾਂ ਰੌਸ਼ਨ ਕਰਕੇ ਜਸ਼ਨ ਦਾ ਆਗਾਜ਼ ਕੀਤਾ ਉਥੇ ਉਨ੍ਹਾਂ ਨੇ ਵਿਦਿਆਰਥੀ ਜੀਵਨ ਦੇ ਵਿਚ ਅਜਿਹੇ ਲੱਗਣ ਵਾਲੇ ਮੇਲਿਆਂ ਦੀ ਮਹੱਤਤਾ ਤੋਂ ਜਾਣੂ ਕਰਵਾਉਂਦਿਆਂ ਪ੍ਰੇਰਿਆ ਕਿ ਵਿਦਿਆਰਥੀ ਪੜ੍ਹਾਈ ਦੇ ਨਾਲ ਨਾਲ ਹੋਰ ਵੀ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੋ ਉਨ੍ਹਾਂ ਦਾ ਵਿਦਿਆਰਥੀ ਜੀਵਨ ਤੋਂ ਬਾਅਦ ਸ਼ੁਰੂ ਹੋਣ ਵਾਲਾ ਜੀਵਨ ਸਫਲਤਾ ਦੀਆਂ ਬੁਲੰਦੀਆਂ ਵੱਲ ਵੱਧ ਸਕੇ। ਉਨ੍ਹਾਂ ਨੇ ਵਿਦਿਆਰਥੀਆਂ ਦੇ ਜੋਸ਼ ਅਤੇ ਭਰੇ ਆਡੀਟੋਰੀਅਮ `ਤੇ ਖੁਸ਼ੀ ਤੇ ਤਸੱਲੀ ਪ੍ਰਗਟਾਉਂਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਇਨ੍ਹਾਂ ਇਨ੍ਹਾਂ ਦੌਰਾਨ ਪੜ੍ਹਾਈ ਤੋਂ ਫਰੀ ਕੀਤੀ ਗਿਆ ਹੈ ਤਾਂ ਜੋ ਇਸ ਮੇਲੇ ਦਾ ਭਰਪੂਰ ਆਨੰਦ ਲੈ ਸਕਣ।
ਉਨ੍ਹਾਂ ਨੇ ਇਸ ਸਮੇਂ ਆਪਣੇ ਵਿਦਿਆਰਥੀ ਜੀਵਨ ਦੌਰਾਨ ਹੁੰਦੇ ਮੇਲਿਆਂ ਦਾ ਜ਼ਿਕਰ ਕੀਤਾ ਅਤੇ ਮੇਲੇ ਜਸ਼ਨ ਵਿਚ ਭਾਗ ਲੈਣ ਵਾਲੇ ਕਲਾਕਾਰ ਵਿਦਿਆਰਥੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਦੂਸਰੇ ਵਿਦਿਆਰਥੀ ਵੀ ਇਨ੍ਹਾਂ ਚਾਰ ਦਿਨਾਂ ਦੇ ਮੇਲੇ ਵਿਚ ਭਾਗ ਲੈ ਕੇ ਜਿਥੇ ਵਿਦਿਆਰਥੀ ਜੀਵਨ ਦੀ ਯਾਦ ਨੂੰ ਖੂਬਸੂਰਤ ਬਣਾ ਰਹੇ ਹਨ ਉਥੇ ਉਨ੍ਹਾਂ ਨੂੰ ਜਸ਼ਨ ਵਿਚਲੀ ਹਿੱਸੇਦਾਰੀ ਜ਼ਿੰਦਗੀ ਨੂੰ ਨਿਖਾਰਨ ਵਿਚ ਵੀ ਕੰਮ ਆਵੇਗੀ। ਉਨ੍ਹਾਂ ਯੂਨੀਵਰਸਿਟੀ ਵਿਚ ਪੜ੍ਹਾਈ ਦੇ ਨਾਲ ਨਾਲ ਹੋਰ ਗਤੀਵਿਧੀਆਂ ਨੂੰ ਵਧਾਉਣ ਦੇ ਲਈ ਬਣਾਏ ਜਾ ਰਹੇ ਮਾਹੌਲ ਦੇ ਪਿਛੇ ਕੰਮ ਕਰਦੀ ਸੋਚ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀ ਦੇ ਜੀਵਨ ਵਿਚ ਨਿਖਾਰ ਆਉਂਦਾ ਹੈ ਅਤੇ ਉਹ ਉਨ੍ਹਾਂ ਨੂੰ ਪੜ੍ਹਾਈ ਵਿਚ ਵੀ ਚੰਗੇ ਨਤੀਜੇ ਪ੍ਰਦਾਨ ਕਰਦਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੀ ਪ੍ਰਤੀਭਾ ਉਭਾਰਨ ਅਤੇ ਉਘਾੜਨ ਲਈ ਹੋਰ ਵੀ ਚੰਗਾ ਮਾਹੌਲ ਬਣਾ ਕੇ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਅਤੇ ਸੱਭਿਆਚਾਰ, ਖੇਡਾਂ ਅਤੇ ਅਕਾਦਮਿਕ ਖੇਤਰ ਵਿਚ ਕੀਤੇ ਜਾਣ ਵਾਲੇ ਕੰਮਾਂ ਤੋਂ ਤੋਂ ਜਾਣੂ ਕਰਵਾਉਂਦਿਆਂ ਵਿਦਿਆਰਥੀ ਦੇ ਬਹੁਪੱਖੀ ਵਿਕਾਸ ਪ੍ਰਤੀ ਯੂਨੀਵਰਸਿਟੀ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ। ਸੰਗੀਤ, ਥੀਏਟਰ, ਡਾਂਸ, ਲਿਟਰੇਰੀ ਅਤੇ ਕੋਮਲ-ਕਲਾਵਾਂ ਦੇ ਦੇ ਚਾਰ ਰੋਜ਼ਾ ਚੱਲਣ ਵਾਲੇ ਮੁਕਾਬਲੇ ‘ਜਸ਼ਨ-2022’ 9 ਅਪ੍ਰੈਲ ਨੂੰ ਸੰਪੰਨ ਹੋਵੇਗਾ। ਇਸ ਵਿਚ ਵੱਖ ਵੱਖ ਸੱਭਿਆਚਾਰ ਅਤੇ ਕਲਾਂ ਦੀਆਂ ਵੰਨਗੀਆਂ ਦੇ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ-ਕਲਾਕਾਰ ਆਪਣੇ ਜੋਹਰ ਵਿਖਾਉਣਗੇ।
ਇਸ ਤੋਂ ਪਹਿਲਾ ਡੀਨ ਵਿਦਿਆਰਥੀ ਭਲਾਈ, ਪ੍ਰੋ. ਅਨੀਸ਼ ਦੂਆ ਨੇ ਵਾਈਸ ਚਾਂਸਲਰ ਪ੍ਰੋ. ਸੰਧੂ ਦਾ ਬੁਕੇ ਦੇ ਕੇ ਸਵਾਗਤ ਕੀਤਾ ਅਤੇ ਹੋਰ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਜਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਅੰਦਰ ਛੁਪੀ ਕਲਾਂ ਪ੍ਰਤਿਭਾ ਨੂੰ ਉਭਾਰਨਾ ਹੈ। ਉਹਨਾਂ ਕਿਹਾ ਕਿ ਪੜ੍ਹਾਈ ਦੇ ਨਾਲ ਨਾਲ ਖੇਡਾਂ ,ਕਲਾਂ ਅਤੇ ਸੱਭਿਆਚਾਰ ਗਤੀਵਿਧੀਆਂ ਵਿਚ ਲਿਆ ਹਿੱਸਾ ਵਿਦਿਆਰਥੀਆਂ ਦੀ ਸਖ਼ਸੀਅਤ ਨੂੰ ਹੋਰ ਉਘਾੜਨ ਵਿਚ ਮਦਦ ਕਰਦਾ ਹੈ।ਉਨ੍ਹਾਂ ਕਿਹਾ ਕਿ ਕਲਾ ਸਾਡੇ ਜੀਵਨ ਦਾ ਅਹਿਮ ਅੰਗ ਹੈ ਅਤੇ ਵਿਦਿਆਰਥੀ ਜੀਵਨ ਵਿਚ ਕਲਾ ਨਾਲ ਸਬੰਧਤ ਗਤੀਵਿਧੀਆਂ ਵਿਚ ਹਿੱਸਾ ਲੈਣ ਨਾਲ ਉਨ੍ਹਾਂ ਦੇ ਵਿਅਕਤੀਤਵ ਅਤੇ ਸ਼ਖਸੀਅਤ ਵਿਚ ਨਿਖਾਰ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਯੂਨੀਵਰਸਿਟੀ ਦੇ ਲਗਪਗ 40 ਵਿਭਾਗਾਂ ਦੇ ਵਿਦਿਆਰਥੀ ਸੰਗੀਤ, ਨਾਚ, ਕਲਾ, ਲਿਟਰੇਰੀ, ਥੀਏਟਰ, ਕੋਮਲ ਕਲਾਵਾਂ ਅਤੇ ਹੋਰ ਉਸਾਰੂ ਗਤੀਵਿਧੀਆਂ ਵਿਚ ਹਿੱਸਾ ਲੈ ਰਹੇ ਹਨ। ਇਸ ਮੌਕੇ ਸ਼੍ਰੀ ਬੀ.ਐਸ. ਸੇਖੋਂ, ਕਰਨਲ ਕੇ.ਐਸ. ਚਾਹਲ, ਯੂਨੀਵਰਸਿਟੀ ਸਭਿਆਚਾਰਕ ਗਤੀਵਿਧੀਆਂ ਕਮੇਟੀ ਦੇ ਮੈਂਬਰ, ਵਿਦਿਆਰਥੀ, ਅਧਿਆਪਕ ਅਤੇ ਵਲੰਟੀਅਰ ਹਾਜ਼ਰ ਸਨ।
ਅੱਜ ਪਹਿਲੇ ਦਿਨ ਦਸਮੇਸ਼ ਆਡੀਟੋਰੀਅਮ ਵਿੱਚ ਭੰਗੜੇ ਤੋਂ ਇਲਾਵਾ ਗੀਤ ਗਜ਼ਲ, ਲੋਕ ਗੀਤ ਦੇ ਮੁਕਾਬਲੇ ਕਰਵਾਏ ਗਏ ਜਦੋਂਕਿ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਸ਼ਬਦ/ਭਜਨ, ਵੈਸਟਰਨ ਵੋਕਲ, ਇੰਸਟਰੂਮੈਂਟਲ (ਪਰਕਸ਼ਨ), ਇੰਸਟਰੂਮੈਂਟਲ (ਨਾਨ ਪਰਕਸ਼ਨ) ਦੇ ਮੁਕਾਬਲੇ ਹੋਏ।
07 ਅਪ੍ਰੈਲ ਨੂੰ ਦਸਮੇਸ਼ ਆਡੀਟੋਰੀਅਮ ਵਿੱਚ ਮਿਮਿਕਰੀ, ਨੋਟੰਕੀ ਅਤੇ ਸਕਿੱਟ ਦੇ ਮੁਕਾਬਲੇ ਕਰਵਾਏ ਜਾਣਗੇ ਅਤੇ ਯੂਨੀਵਰਸਿਟੀ ਦੇ ਕਾਨਫਰੰਸ ਹਾਲ ਵਿੱਚ ਕੁਇਜ਼ ਅਤੇ ਡਿਬੇਟ ਦੀਆਂ ਆਈਟਮਾਂ ਕਰਵਾਈਆਂ ਜਾਣਗੀਆਂ। ਇਸ ਦਿਨ ਲੈਕਚਰ ਥੀਏਟਰ ਕੰਪਲੈਕਸ ਵਿੱਚ ਕੋਲਾਜ਼, ਕਾਰਟੂਨਿੰਗ, ਰੰਗੋਲੀ, ਪੋਸਟਰ ਮੇਕਿੰਗ, ਪੇਂਟਿੰਗ ਆਨ ਦਾ ਸਪਾਟ, ਆਨ ਦਾ ਸਪਾਟ ਥੀਮ ਫੋਟੋਗ੍ਰਾਫੀ, ਫਲਾਵਰ ਅਰੇਂਜਮੈਂਟ, ਮਹਿੰਦੀ ਮੁਕਾਬਲੇ ਅਤੇ ਕਲੇਅ ਮਾਡਲਿੰਗ ਦੇ ਮੁਕਾਬਲੇ ਕਰਵਾਏ ਜਾਣਗੇ।
ਵੈਸਟਰਨ ਗਰੁੱਪ ਡਾਂਸ, ਕ੍ਰਿਏਟਿਵ ਗਰੁੱਪ ਡਾਂਸ ਅਤੇ ਕੋਰੀਓਗ੍ਰਾਫੀ ਦੇ ਮੁਕਾਬਲਿਆਂ ਦਾ ਆਯੋਜਨ ਦਸਮੇਸ਼ ਆਡੀਟੋਰੀਅਮ ਵਿੱਚ ਹੋਵੇਗਾ ਅਤੇ 8 ਅਪ੍ਰੈਲ ਨੂੰ ਕਾਨਫਰੰਸ ਹਾਲ ਵਿੱਚ ਪੋਇਟੀਕਲ ਸਿੰਪੋਜ਼ੀਅਮ ਅਤੇ ਐਕਸਟੈਂਪੋਰ ਦਾ ਆਯੋਜਨ ਕੀਤਾ ਜਾਵੇਗਾ। ਇਸ ਦਿਨ ਗੁਰੂ ਨਾਨਕ ਭਵਨ ਆਡੀਟੋਰੀਅਮ ਵਿੱਚ ਸ਼ਾਰਟ ਫਿਲਮ ਮੇਕਿੰਗ ਦੇ ਮੁਕਾਬਲੇ ਹੋਣਗੇ। ਆਖਰੀ ਦਿਨ ਯਾਨੀ 09 ਅਪ੍ਰੈਲ ਨੂੰ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿੱਚ ਡਾਂਸ ਟੂ ਨਿਊਨ, ਲੋਕ ਨਾਚ ਗਿੱਧੇ ਦੀਆਂ ਧਮਾਲਾ ਪੈਣਗੀਆਂ ਅਤੇ ਫਿਰ `ਜਸ਼ਨ` ਦੀ ਟਰਾਫੀ ਸਭ ਤੋਂ ਵੱਧ ਮੁਕਾਬਲਿਆਂ ਵਿਚ ਜੇਤੂ ਰਹਿਣ ਵਾਲੇ ਵਿਭਾਗ ਨੂੰ ਦਿੱਤੀ ਜਾਵੇਗੀ ਉਪਰੰਤ ਇਨਾਮ ਵੰਡ ਸਮਾਗਮ ਹੋਵੇਗਾ।
The post ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਧੂਮ ਧੱੜਕੇ ਨਾਲ ਸ਼ੁਰੂ ਹੋਇਆ ਵਿਦਿਆਰਥੀ-ਕਲਾਕਾਰਾਂ ਦਾ ਚਾਰ ਦਿਨਾਂ ਦਾ ਮੇਲਾ `ਜਸ਼ਨ-2022’ first appeared on Punjabi News Online.
source https://punjabinewsonline.com/2022/04/07/%e0%a8%97%e0%a9%81%e0%a8%b0%e0%a9%82-%e0%a8%a8%e0%a8%be%e0%a8%a8%e0%a8%95-%e0%a8%a6%e0%a9%87%e0%a8%b5-%e0%a8%af%e0%a9%82%e0%a8%a8%e0%a9%80%e0%a8%b5%e0%a8%b0%e0%a8%b8%e0%a8%bf%e0%a8%9f%e0%a9%80-5/