
ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਪਾਰਟੀ ‘ਤੇ ਬਾਗ਼ੀ ਭਾਰੂ ਪੈ ਰਹੇ ਹਨ ਜਿਨ੍ਹਾਂ ਨੂੰ ਵਿਰੋਧੀ ਰਾਜਸੀ ਧਿਰਾਂ ਵੀ ਹੱਲਾਸ਼ੇਰੀ ਦੇ ਰਹੀਆਂ ਹਨ । ਕਾਂਗਰਸ ਪਾਰਟੀ ਤੋਂ ਟਿਕਟ ਨਾ ਮਿਲਣ ਮਗਰੋਂ ਨਾਮਜਦਗੀਆਂ ਦੇ ਆਖਰੀ ਦਿਨ ਤਿੰਨ ਹੋਰ ਬਾਗ਼ੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕਰ ਦਿੱਤੇ ਹਨ। ਇਨ੍ਹਾਂ ਬਾਗ਼ੀਆਂ ਨੂੰ ਮੈਦਾਨ ‘ਚ ਖੜ੍ਹੇ ਰੱਖਣ ਲਈ ਵਿਰੋਧੀ ਧਿਰਾਂ ਵੱਲੋਂ ਪੂਰੀ ਵਾਹ ਲਾਈ ਜਾ ਰਹੀ ਹੈ । ਹਲਕਾ ਭਦੌੜ ਤੋਂ ਕਾਂਗਰਸ ਤੋਂ ਬਾਗ਼ੀ ਹੋ ਕੇ ਮੌਜੂਦਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਪਤਨੀ ਮਨਜੀਤ ਕੌਰ ਨੇ ਆਜ਼ਾਦ ਉਮੀਦਵਾਰ ਵਜੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਸੁਨਾਮ ਤੋਂ ਟਿਕਟ ਬਦਲੀ ਮਗਰੋਂ ਹਲਕਾ ਇੰਚਾਰਜ ਦਾਮਨ ਥਿੰਦ ਬਾਜਵਾ ਨੇ ਆਜ਼ਾਦ ਤੌਰ ‘ਤੇ ਕਾਗ਼ਜ਼ ਦਾਖਲ ਕਰ ਦਿੱਤੇ ਹਨ । ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਲੜਕੇ ਰਾਣਾਇੰਦਰ ਪ੍ਰਤਾਪ ਸਿੰਘ ਨੇ ਸੁਲਤਾਨਪੁਰ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਕਾਗ਼ਜ਼ ਦਾਖਲ ਕੀਤੇ ਹਨ। ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਤਰਫ਼ੋਂ ਰਮਨਦੀਪ ਸਿੰਘ ਸਿੱਕੀ ਅਤੇ ਐੱਮਪੀ ਜਸਬੀਰ ਸਿੰਘ ਡਿੰਪਾ ਦੇ ਭਰਾ ਹਰਪਿੰਦਰ ਸਿੰਘ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ। ਹਲਕਾ ਮੁਕਤਸਰ ਤੋਂ ਟਿਕਟ ਨਾ ਮਿਲਣ ਕਰਕੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਮਮੇਰੇ ਭਰਾ ਜਗਜੀਤ ਸਿੰਘ ਉਰਫ਼ ਹਨੀ ਫ਼ੱਤਣਵਾਲਾ ਨੇ ਕਾਂਗਰਸ ਨੂੰ ਅਲਵਿਦਾ ਆਖ ਦਿੱਤਾ ਹੈ। ਆਦਮਪੁਰ ਹਲਕੇ ਤੋਂ ਐਨ ਆਖ਼ਰੀ ਮੌਕੇ ਮੁੜ ਟਿਕਟ ਤੋਂ ਇਨਕਾਰ ਹੋਣ ਕਰਕੇ ਸਾਬਕਾ ਪ੍ਰਧਾਨ ਮਹਿੰਦਰ ਸਿੰਘ ਕੇਪੀ ਨੇ ਆਖ ਦਿੱਤਾ ਹੈ ਕਿ ਉਸ ਨੂੰ ਜ਼ਲੀਲ ਕੀਤਾ ਗਿਆ ਹੈ। ਬੇਸ਼ੱਕ ਉਨ੍ਹਾਂ ਨੇ ਕਾਗ਼ਜ਼ ਦਾਖਲ ਨਹੀਂ ਕੀਤੇ ਪ੍ਰੰਤੂ ਉਨ੍ਹਾਂ ਕਾਂਗਰਸੀ ਉਮੀਦਵਾਰ ਖ਼ਿਲਾਫ਼ ਡਟਣ ਦਾ ਐਲਾਨ ਕਰ ਦਿੱਤਾ ਹੈ।
ਟਿਕਟਾਂ ਦੀ ਵੰਡ ਵੇਲੇ ਬਗ਼ਾਵਤ ਦੇ ਡਰੋਂ ਕਾਂਗਰਸ ਨੇ ਦਾਗ਼ੀ ਚਿਹਰਿਆਂ ਨੂੰ ਵੀ ਟਿਕਟਾਂ ਨਾਲ ਨਿਵਾਜ ਦਿੱਤਾ। ਕਾਂਗਰਸ ਪਾਰਟੀ ਨੇ ਐਮ।ਪੀ ਪ੍ਰਨੀਤ ਕੌਰ ਨੂੰ ਨੋਟਿਸ ਜਾਰੀ ਕੀਤਾ ਸੀ ਕਿ ਉਹ ਪੰਜਾਬ ਲੋਕ ਕਾਂਗਰਸ ਲਈ ਕੰਮ ਕਰ ਰਹੇ ਹਨ ਅਤੇ ਹਫ਼ਤੇ ਵਿਚ ਜੁਆਬ ਮੰਗਿਆ ਸੀ। ਅੱਜ ਤੱਕ ਕਾਂਗਰਸ ਕੋਈ ਕਾਰਵਾਈ ਨਹੀਂ ਕਰ ਸਕੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਰਾ ਮਨੋਹਰ ਸਿੰਘ ਵੀ ਬੱਸੀ ਪਠਾਣਾ ਤੋਂ ਆਜ਼ਾਦ ਉਮੀਦਵਾਰ ਵਜੋਂ ਡਟ ਗਏ ਹਨ। ਹਲਕਾ ਖਰੜ ਤੋਂ ਟਿਕਟ ਦੇ ਚਾਹਵਾਨ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਵੀ ਟਿਕਟ ਨਾ ਮਿਲਣ ਕਰਕੇ ਅੱਜ ਆਮ ਆਦਮੀ ਪਾਰਟੀ ਵਿਚ ਸ਼ਮੂਲੀਅਤ ਕਰ ਲਈ ਹੈ।
ਕੋਈ ਵੇਲਾ ਸੀ ਕਿ ਜਦੋਂ ਕਾਂਗਰਸ ‘ਚ ਕੋਈ ਅਨੁਸ਼ਾਸਨ ਭੰਗ ਕਰਨ ਤੋਂ ਪਹਿਲਾਂ ਸੌ ਵਾਰੀ ਸੋਚਦਾ ਸੀ ਪ੍ਰੰਤੂ ਹੁਣ ਇਸ ਪਾਰਟੀ ਵਿਚ ਅਨੁਸ਼ਾਸਨ ਦੀ ਕਿਸੇ ਨੂੰ ਕੋਈ ਪ੍ਰਵਾਹ ਨਹੀਂ ਹੈ। ਪਰਾਣੇ ਕਾਂਗਰਸੀਆਂ ਦਾ ਕਹਿਣਾ ਹੈ ਕਿ ਕਾਂਗਰਸ ਵਿਚ ਆਪੋ ਧਾਪੀ ਮੱਚ ਗਈ ਹੈ ਤੇ ਕਿਸੇ ਨੂੰ ਹਾਈ ਕਮਾਨ ਦਾ ਕੋਈ ਡਰ ਨਹੀਂ ਰਿਹਾ ਹੈ।
The post ਟਿਕਟਾਂ ਦੇ ਸਕੇ ਅੱਜਕੱਲ੍ਹ ਦੇ ਕਾਂਗਰਸੀ ! first appeared on Punjabi News Online.
source https://punjabinewsonline.com/2022/02/02/%e0%a8%9f%e0%a8%bf%e0%a8%95%e0%a8%9f%e0%a8%be%e0%a8%82-%e0%a8%a6%e0%a9%87-%e0%a8%b8%e0%a8%95%e0%a9%87-%e0%a8%85%e0%a9%b1%e0%a8%9c%e0%a8%95%e0%a9%b1%e0%a8%b2%e0%a9%8d%e0%a8%b9-%e0%a8%a6%e0%a9%87/
Sport:
PTC News