ਮਹਿਲਾ ਕਿਸਾਨ ਯੂਨੀਅਨ ਨੇ ਵਿਸ਼ਵਾਸ਼ਘਾਤ ਦਿਵਸ ਮੌਕੇ ਮੋਦੀ ਦੀ ਅਰਥੀ ਸਾੜੀ

ਜਲੰਧਰ 31 ਜਨਵਰੀ : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦਿੱਲੀ ਵਿਖੇ ਇੱਕ ਸਾਲ ਤੋਂ ਵੱਧ ਸਮਾਂ ਚੱਲੇ ਇਤਿਹਾਸਕ ਕਿਸਾਨ ਅੰਦੋਲਨ ਦੀ ਸਮਾਪਤੀ ਮੌਕੇ ਸੰਯੁਕਤ ਕਿਸਾਨ ਮੋਰਚੇ ਨਾਲ ਕੀਤੇ ਲਿਖਤੀ ਸਮਝੌਤੇ ਮੁਤਾਬਕ ਕਿਸਾਨੀ ਮੰਗਾਂ ਪੂਰੀਆਂ ਨਾ ਕਰਨ ਦੇ ਰੋਸ ਵਜੋਂ ਕਿਸਾਨ ਮੋਰਚੇ ਦੇ ਸੱਦੇ ਉਤੇ ਅੱਜ ਮਹਿਲਾ ਕਿਸਾਨ ਯੂਨੀਅਨ ਨੇ ਇੱਥੇ ਵਿਸ਼ਵਾਸ਼ਘਾਤ ਦਿਵਸ ਮਨਾਇਆ। ਇਸ ਮੌਕੇ ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਰਾਜਵਿੰਦਰ ਕੌਰ ਰਾਜੂ ਦੀ ਅਗਵਾਈ ਵਿੱਚ ਯੂਨੀਅਨ ਦੀਆਂ ਬੀਬੀਆਂ ਨੇ ਰਾਮਾ ਮੰਡੀ ਨੇੜੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਰਥੀ ਨੂੰ ਸਾੜਿਆ ਅਤੇ ਕੇਂਦਰ ਸਰਕਾਰ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।
ਇਸ ਮੌਕੇ ਬੋਲਦਿਆਂ ਕਿਸਾਨ ਬੀਬੀ ਰਾਜੂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਕਿਸਾਨ ਅੰਦੋਲਨ ਨੂੰ ਸਮਾਪਤ ਕਰਵਾਉਣ ਲਈ ਸੰਯੁਕਤ ਕਿਸਾਨ ਮੋਰਚੇ ਨਾਲ ਛਲ-ਕਪਟ ਕਰਕੇ ਲਿਖਤੀ ਸਮਝੌਤਾ ਕੀਤਾ ਅਤੇ ਦੋ ਮਹੀਨਿਆਂ ਲੰਘਣ ਪਿੱਛੋਂ ਵੀ ਐੱਮਐੱਸਪੀ ਲਈ ਸਾਂਝੀ ਕਮੇਟੀ ਬਣਾਉਣ ਸਮੇਤ ਬਾਕੀ ਰਹਿੰਦੀਆਂ ਮੰਗਾਂ ਵਿੱਚੋਂ ਕੋਈ ਵੀ ਮੰਗ ਪੂਰੀ ਨਹੀਂ ਕੀਤੀ ਜਿਸ ਕਰਕੇ ਪੂਰੇ ਦੇਸ਼ ਵਿੱਚ ਕਿਸਾਨਾਂ ਵੱਲੋਂ ਰੋਸ ਵਜੋਂ ਇਹ ਦੇਸ ਵਿਆਪੀ ਵਿਸ਼ਵਾਸਘਾਤ ਦਿਵਸ ਮਨਾਇਆ ਜਾ ਰਿਹਾ ਹੈ।
ਮਹਿਲਾ ਕਿਸਾਨ ਯੂਨੀਅਨ ਦੀ ਪ੍ਰਧਾਨ ਨੇ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਭਾਜਪਾ ਕੱਟੜ ਕਿਸਾਨ ਵਿਰੋਧੀ ਹਨ ਜਿਸ ਕਰਕੇ ਕਿਸਾਨਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਵੀ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ। ਉਨਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਦਾ ਕਿਸਾਨੀ ਮੰਗਾਂ ਪ੍ਰਤੀ ਇਹੀ ਰਵੱਈਆ ਰਿਹਾ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਤੇ ਕਿਸਾਨ ਅੰਦੋਲਨ ਦੇ ਦੂਜੇ ਪੜਾਅ ਲਈ ਤਿਆਰੀਆਂ ਕੀਤੀਆਂ ਜਾਣਗੀਆਂ।
ਮਹਿਲਾ ਕਿਸਾਨ ਮੋਰਚੇ ਦੀ ਜਨਰਲ ਸਕੱਤਰ ਬੀਬੀ ਦਵਿੰਦਰ ਕੌਰ ਨੇ ਕਿਹਾ ਕਿ 3 ਫਰਵਰੀ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਦੌਰਾਨ ਭਾਜਪਾ ਸਰਕਾਰ ਵਿਰੁੱਧ ਜੋ ਵੀ ਪ੍ਰੋਗਰਾਮ ਦਿੱਤਾ ਜਾਵੇਗਾ ਮਹਿਲਾ ਕਿਸਾਨ ਬੀਬੀਆਂ ਵਧ ਚੜ ਕੇ ਉਸ ਵਿੱਚ ਹਿੱਸਾ ਲੈਣਗੀਆਂ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਮਨਜੀਤ ਕੌਰ, ਕਰਮਜੀਤ ਕੌਰ, ਸੁਰਿੰਦਰ ਕੌਰ, ਕਰਮਜੀਤ ਕੌਰ, ਹਰਭਜਨ ਕੌਰ, ਸਵਰਨ ਕੌਰ, ਮਨਜੀਤ ਕੌਰ ਨੰਗਲ ਸ਼ਾਮਾ, ਹਰਮੇਸ਼ ਕੌਰ ਭੋਜੋਵਾਲ, ਗੁਰਦੇਵ ਕੌਰ, ਭਜਨੋ, ਸੇਮੋ, ਸੰਤੋਸ ਕੌਰ, ਦਰਸ਼ਨ ਕੌਰ, ਨੀਰੂ, ਬਲਜੀਤ ਕੌਰ, ਰਾਜਬੀਰ ਕੌਰ, ਜਸਵੰਤ ਕੌਰ, ਜਸਵੀਰ ਕੌਰ, ਜਸਵਿੰਦਰ ਕੌਰ, ਸ਼ਰਨਜੀਤ ਕੌਰ, ਸੰਦੀਪ ਕੌਰ, ਨਸੀਬ ਕੌਰ, ਰਾਜ ਰਾਣੀ ਆਦਿ ਵੀ ਹਾਜਰ ਸਨ।

The post ਮਹਿਲਾ ਕਿਸਾਨ ਯੂਨੀਅਨ ਨੇ ਵਿਸ਼ਵਾਸ਼ਘਾਤ ਦਿਵਸ ਮੌਕੇ ਮੋਦੀ ਦੀ ਅਰਥੀ ਸਾੜੀ first appeared on Punjabi News Online.



source https://punjabinewsonline.com/2022/02/01/%e0%a8%ae%e0%a8%b9%e0%a8%bf%e0%a8%b2%e0%a8%be-%e0%a8%95%e0%a8%bf%e0%a8%b8%e0%a8%be%e0%a8%a8-%e0%a8%af%e0%a9%82%e0%a8%a8%e0%a9%80%e0%a8%85%e0%a8%a8-%e0%a8%a8%e0%a9%87-%e0%a8%b5%e0%a8%bf%e0%a8%b6/
Previous Post Next Post

Contact Form