ਵੈਕਸੀਨੇਸ਼ਨ ਖਿਲਾਫ ਟਰੱਕ ਡਰਾਈਵਰਾਂ ਨੇ ਕੈਨੇਡੀਅਨ ਸੰਸਦ ਘੇਰੀ

ਕੋਰੋਨਾ ਵਿਰੋਧੀ ਟੀਕਿਆਂ ਨੂੰ ਲਾਜ਼ਮੀ ਕਰਨ ਅਤੇ ਕੋਵਿਡ-19 ਪਾਬੰਦੀਆਂ ਦਾ ਵਿਰੋਧ ਕਰਨ ਲਈ ਕੈਨੇਡਾ ਦੀ ਰਾਜਧਾਨੀ ਓਟਵਾ ਵਿਚ ਸ਼ਨੀਵਾਰ ਹਜ਼ਾਰਾਂ ਟਰੱਕ ਡਰਾਈਵਰ ਆ ਵੜੇ ਤੇ ਉਨ੍ਹਾਂ ਸੰਸਦ ਘੇਰ ਲਈ | ਕੁਝ ਪ੍ਰਦਰਸ਼ਨਕਾਰੀਆਂ ਨੇ ਕੋਵਿਡ ਪਾਬੰਦੀਆਂ ਦੀ ਤੁਲਨਾ ਫਾਸ਼ੀਵਾਦ ਨਾਲ ਕੀਤੀ ਅਤੇ ਕੈਨੇਡੀਅਨ ਝੰਡੇ ਦੇ ਨਾਲ ਨਾਜ਼ੀ ਚਿੰਨ੍ਹ ਵੀ ਪ੍ਰਦਰਸ਼ਤ ਕੀਤੇ | ਕਈ ਪ੍ਰਦਰਸ਼ਨਕਾਰੀਆਂ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਤਿੱਖੀ ਆਲੋਚਨਾ ਕਰਦਿਆਂ ਉਨ੍ਹਾ ਨੂੰ ਨਿਸ਼ਾਨਾ ਬਣਾਇਆ |
‘ਫਰੀਡਮ ਕਾਨਵਾਇ’ ਦੇ ਨਾਂਅ ਹੇਠ ਟਰੱਕ ਡਰਾਈਵਰਾਂ ਨੇ ਸਰਹੱਦ ਪਾਰ ਕਰਨ ਵਾਲੇ ਡਰਾਈਵਰਾਂ ਲਈ ਵੈਕਸੀਨ ਲਾਜ਼ਮੀ ਕਰਨ ਵਿਰੁੱਧ ਮਾਰਚ ਸ਼ੁਰੂ ਕੀਤਾ ਸੀ, ਜਿਹੜਾ ਵੈਕਸੀਨ ਪਾਸਪੋਰਟ, ਲਾਕਡਾਊਨ ਆਦਿ ਸਰਕਾਰ ਦੇ ਫੈਸਲਿਆਂ ਵਿਰੁੱਧ ਲੋਕਾਂ ਦਾ ਮਾਰਚ ਬਣ ਗਿਆ | ਦੇਸ਼-ਭਰ ਤੋਂ ਪੁੱਜੇ ਕਈ ਲੋਕਾਂ ਨੇ ਸੰਸਦ ਘੇਰ ਲਈ ਤੇ ਮੰਗਾਂ ਮੰਨੇ ਜਾਣ ਤੱਕ ਡਟੇ ਰਹਿਣ ਦਾ ਐਲਾਨ ਕਰ ਦਿੱਤਾ | ਟਰੂਡੋ ਵੱਲੋਂ ਵੀਰਵਾਰ ਦਿੱਤੇ ਗਏ ਇਸ ਬਿਆਨ ਨੇ ਬਲਦੀ ‘ਤੇ ਤੇਲ ਦਾ ਕੰਮ ਕਰ ਦਿੱਤਾ ਕਿ ਪ੍ਰੈਟੈੱਸਟਰ ਕੁਝ ਕੁ ਲੋਕ ਹੀ ਹਨ | ਪ੍ਰੋਟੈੱਸਟਰਾਂ ਦੇ ਪੁੱਜਣ ‘ਤੇ ਰਾਜਧਾਨੀ ਦੇ ਬਹੁਤੇ ਇਲਾਕਿਆਂ ਵਿਚ ਸ਼ਟਰ ਸੁੱਟ ਦਿੱਤੇ ਗਏ | ਏਨਾ ਬਚਾਅ ਸੀ ਕਿ ਹਿੰਸਾ ਦੀ ਕੋਈ ਰਿਪੋਰਟ ਨਹੀਂ ਸੀ | ਸਰਕਾਰੀ ਹਲਕਿਆਂ ਨੇ ਇਸ ਗੱਲੋਂ ਚਿੰਤਾ ਪ੍ਰਗਟਾਈ ਗਈ ਹੈ ਕਿ ਪ੍ਰੋਟੈੱਸਟਰਾਂ ਕੋਲ ਫੜੇ ਝੰਡਿਆਂ ਵਿਚ ਇਕ ਨਾਜ਼ੀ ਝੰਡਾ ਵੀ ਨਜ਼ਰ ਆਇਆ | ਪ੍ਰੈਟੈੱਸਟਰਾਂ ਨੇ ਗੁੰਮਨਾਮ ਸ਼ਹੀਦਾਂ ਦੀ ਮਜ਼ਾਰ ਤੇ ਕੌਮੀ ਜੰਗੀ ਯਾਦਗਾਰ ‘ਤੇ ਨੱਚ-ਟੱਪ ਕੀਤੀ ਤੇ ਉਨ੍ਹਾਂ ਦੀ ਬੇਅਦਬੀ ਵੀ ਕੀਤੀ | ਕੌਮੀ ਰੱਖਿਆ ਮੰਤਰੀ ਅਨੀਤਾ ਆਨੰਦ ਨੇ ਇਨ੍ਹਾਂ ਪਵਿੱਤਰ ਥਾਂਵਾਂ ‘ਤੇ ਅਜਿਹੀਆਂ ਹਰਕਤਾਂ ਦੀ ਕਰੜੀ ਨਿੰਦਾ ਕੀਤੀ ਹੈ | ਹਾਲਾਂਕਿ ਕੈਨੇਡਾ ਵਿਚ ਟਰੱਕ ਵਾਲਿਆਂ ਵਿਚੋਂ ਇਕ-ਚੌਥਾਈ ਤੋਂ ਵੱਧ ਭਾਰਤੀ ਮੂਲ, ਖਾਸਕਰ ਪੰਜਾਬੀ ਹਨ, ਪਰ ਪ੍ਰੋਟੈੱਸਟ ਵਿਚ ਉਨ੍ਹਾਂ ਦੀ ਮੌਜੂਦਗੀ ਨਿਗੂਣੀ ਸੀ | ਓਟਵਾ ਸਿੱਖ ਸੁਸਾਇਟੀ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਸ਼ਨੀਵਾਰ ਤੇ ਐਤਵਾਰ ਬੰਦ ਰਹੇਗਾ | ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਪੋਸਟਾਂ ਪਾਈਆਂ ਗਈਆਂ ਸਨ ਕਿ ਗੁਰਦੁਆਰਾ ਸਾਹਿਬ ਪ੍ਰੋਟੈੱਸਟਰਾਂ ਨੂੰ ਆਸਰਾ ਦੇਵੇਗਾ ਤੇ ਲੰਗਰ ਛਕਾਏਗਾ | ਸੁਸਾਇਟੀ ਨੇ ਫੇਸਬੁਕ ‘ਤੇ ਪੋਸਟ ਪਾਈ ਹੈ ਕਿ ਆਸਰੇ ਤੇ ਲੰਗਰ ਦੀ ਗੱਲ ਝੂਠੀ ਤੇ ਅਣਅਧਿਕਾਰਤ ਹੈ | ਉਹ ਪ੍ਰੋਟੈੱਸਟ ਨਾਲ ਕਿਸੇ ਵੀ ਸ਼ਕਲ ਵਿਚ ਜੁੜੀ ਹੋਈ ਨਹੀਂ ਹੈ | ਕੈਨੇਡੀਅਨ ਟਰੱਕਜ਼ ਅਲਾਇੰਸ (ਸੀ ਟੀ ਏ) ਨੇ ਵੀ ਪ੍ਰੋਟੈੱਸਟ ਤੋਂ ਕਿਨਾਰਾ ਕੀਤਾ ਹੈ ਤੇ ਕਿਹਾ ਹੈ ਕਿ ਉਸ ਦੇ ਤਿੰਨ ਲੱਖ ਮੈਂਬਰਾਂ ਵਿਚੋਂ ਕਰੀਬ 90 ਫੀਸਦੀ ਟੀਕੇ ਲੁਆ ਚੁੱਕੇ ਹਨ | ਸੀ ਟੀ ਏ ਨੇ ਕਿਹਾ ਕਿ ਸਰਹੱਦ ਪਾਰ ਕਰਨ ਲਈ ਟੀਕਾ ਲਾਜ਼ਮੀ ਹੈ ਤੇ ਇਸ ਦੀ ਪਾਲਣਾ ਕਰਨੀ ਚਾਹੀਦੀ ਹੈ | ਸੋਮਵਾਰ ਨੂੰ ਸੰਸਦ ਦਾ ਅਜਲਾਸ ਸੱਦਿਆ ਗਿਆ ਹੈ, ਇਸ ਕਰਕੇ ਉਸ ਦਿਨ ਪੁਲਸ ਲਈ ਪਰਖ ਦੀ ਘੜੀ ਹੋਵੇਗੀ |

The post ਵੈਕਸੀਨੇਸ਼ਨ ਖਿਲਾਫ ਟਰੱਕ ਡਰਾਈਵਰਾਂ ਨੇ ਕੈਨੇਡੀਅਨ ਸੰਸਦ ਘੇਰੀ first appeared on Punjabi News Online.



source https://punjabinewsonline.com/2022/01/31/%e0%a8%b5%e0%a9%88%e0%a8%95%e0%a8%b8%e0%a9%80%e0%a8%a8%e0%a9%87%e0%a8%b8%e0%a8%bc%e0%a8%a8-%e0%a8%96%e0%a8%bf%e0%a8%b2%e0%a8%be%e0%a8%ab-%e0%a8%9f%e0%a8%b0%e0%a9%b1%e0%a8%95-%e0%a8%a1%e0%a8%b0/
Previous Post Next Post

Contact Form