
ਪੰਜਾਬ ਵਾਤਾਵਰਨ ਲੋਕ ਚੇਤਨਾ ਲਹਿਰ ਦੀ ਅਗਵਾਈ ਕਰ ਰਹੇ ਵਾਤਾਵਰਨ ਪੇ੍ਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਕਨਵੀਨਰ ਕਾਹਨ ਸਿੰਘ ਪੰਨੂੰ ਵੱਲੋਂ ਸੂਬੇ ਦੇ ਮੁੱਖ ਚੋਣ ਕਮਿਸ਼ਨ ਅਧਿਕਾਰੀ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੰਗ-ਪੱਤਰ ਵਿਚ ਵੱਖ-ਵੱਖ ਰਾਜਨੀਤਕ ਪਾਰਟੀਆਂ ਵੱਲੋਂ ਚੋਣਾਂ ਦੌਰਾਨ ਜਾਰੀ ਕੀਤੇ ਜਾਂਦੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਅਪੀਲ ਕੀਤੀ। ਇਹ ਮੰਗ-ਪੱਤਰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਦੌਰਾਨ ਸੂਬੇ ਦੇ ਮੁੱਖ ਚੋਣ ਅਧਿਕਾਰੀ ਡਾ। ਐੱਸ ਕਰੁਣਾ ਰਾਜੂ ਨੂੰ ਦਿੱਤਾ ਗਿਆ। ਇਸ ਮੌਕੇ ਚੋਣ ਕਮਿਸ਼ਨ ਨੇ ਕਿਹਾ ਕਿ ਉਹ ਇਸ ਮੰਗ-ਪੱਤਰ ਨੂੰ ਮੁੱਖ ਚੋਣ ਕਮਿਸ਼ਨਰ ਤਕ ਪਹੁੰਚਾ ਦੇਣਗੇ। ਇਸ ਮੌਕੇ ਵਾਤਾਵਰਨ ਪੇ੍ਮੀ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਪੰਜਾਬ ਪੰਜਾਂ ਦਰਿਆਵਾਂ ਦੀ ਧਰਤੀ ਹੈ ਤੇ ਕੁਦਰਤ ਨੇ ਇਸ ਨੂੰ ਬੇਸ਼ੁਮਾਰ ਨਿਆਮਤਾਂ ਬਖ਼ਸ਼ੀਆਂ ਹਨ ਪਰ ਹੁਣ ਪੰਜਾਂ ਦਰਿਆਵਾਂ ਦੀ ਧਰਤੀ ਬੇਆਬ ਤੇ ‘ਜ਼ਹਿਰਆਬ’ ਹੁੰਦੀ ਜਾ ਰਹੀ ਹੈ। ਸੋਨੇ ਦੀ ਚਿੜੀ ਦੇ ਨਾਂ ਨਾਲ ਜਾਣੇ ਜਾਂਦੇ ਸੂਬੇ ਵਿਚ ਹਵਾ, ਪਾਣੀ ਤੇ ਧਰਤੀ ਤਿੰਨੇਂ ਪ੍ਰਦੂਸ਼ਤ ਹੋ ਚੁੱਕੇ ਹਨ। ਭਾਰਤ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰੀ ਦੇਸ਼ ਹੈ, ਜਿੱਥੇ ਹਰ 5 ਸਾਲ ਬਾਅਦ ਲੋਕ ਆਪਣੀ ਵੋਟ ਦੀ ਤਾਕਤ ਨਾਲ ਸਰਕਾਰ ਦੀ ਚੋਣ ਕਰਦੇ ਹਨ ਪਰ ਸਿਆਸਤਦਾਨ ਵਾਅਦੇ ਪੂਰੇ ਨਹੀਂ ਕਰਦੇ। ਇਸੇ ਕਰਕੇ ਪੜਿ੍ਹਆ ਲਿਖਿਆ ਅਤੇ ਸੂਝਵਾਨ ਵਰਗ ਵੋਟਾਂ ਪ੍ਰਤੀ ਉਦਾਸੀਨ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਹੌਲ ਵਿਚ ਵੋਟ ਪਾਉਣਾ ਇਕ ਮਜਬੂਰੀ ਬਣ ਕੇ ਰਹਿ ਜਾਂਦਾ ਹੈ ਕਿਉਂਕਿ ਲੋਕਾਂ ਤਾਂ ਹੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਕਰਨਗੇ ਜੇਕਰ ਇਸ ਲਈ ਢੁਕਵਾਂ ਮਾਹੌਲ ਬਣਾਇਆ ਜਾਵੇਗਾ। ਸੰਤ ਸੀਚੇਵਾਲ ਨੇ ਕਿਹਾ ਕਿ ਹਰ ਵਾਰ ਵਾਤਾਵਰਨ, ਸਿੱਖਿਆ, ਸਿਹਤ, ਰੋਜ਼ਗਾਰ, ਖ਼ੁਦਕਸ਼ੀਆਂ ਕਰ ਰਹੇ ਕਿਸਾਨਾਂ ਦੇ ਹਾਲਾਤ ਸੁਧਾਰਨ ਲਈ ਢੁੱਕਵਾਂ ਤੇ ਠੋਸ ਹੱਲ ਚੋਣ ਮੈਨੀਫੈਸਟੋ ਦਾ ਹਿੱਸਾ ਨਹੀਂ ਹੁੰਦੇ ਤੇ ਜੇਕਰ ਹੁੰਦੇ ਹਨ ਤਾਂ ਸਰਕਾਰ ਬਣਨ ਤੇ ਚੋਣ ਮੈਨੀਫੈਸਟੋ ਵਿਚ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਂਦੇ ਹਨ।
ਲੋਕ ਚੇਤਨਾ ਲਹਿਰ ਦੇ ਕਨਵੀਨਰ ਕਾਹਨ ਸਿੰਘ ਪੰਨੂੰ ਨੇ ਕਿਹਾ ਕਿ ਹਾਲੇ ਤਕ ਸਰਕਾਰਾਂ ਸਾਡਾ ਮੁੱਢਲਾ ਸੰਵਿਧਾਨਕ ਜਿਊਣ ਦਾ ਅਧਿਕਾਰ ਦੇਣ ਵਿਚ ਨਾਕਾਮ ਰਹੀਆਂ ਹਨ। ਇਨ੍ਹਾਂ ਰਾਜਨੀਤਕ ਪਾਰਟੀਆਂ ਨੂੰ ਵੋਟ ਪਾ ਕੇ ਠੱਗੇ ਜਾਣ ਦੀ ਪੀੜ ਜੋ ਅਸੀਂ ਮਹਿਸੂਸ ਕਰਦੇ ਹਾਂ ਉਹੀ ਪੀੜ ਪੂਰੇ ਪੰਜਾਬ ਦੇ ਲੋਕਾਂ ਦੀ ਹੈ। ਇਸ ਮੌਕੇ ਉਨ੍ਹਾਂ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਰਾਜਸੀ ਪਾਰਟੀਆਂ ਵੱਲੋਂ ਲੋਕਾਂ ਦਾ ਭਾਵਨਾਤਮਕ ਸ਼ੋਸ਼ਣ ਰੋਕਣ ਤੇ ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਤਾਂ ਜੋ ਲੋਕ ਆਪਣੇ ਜਿਊਣ ਦੇ ਹੱਕ ਸ਼ੁੱਧ ਹਵਾ ਪਾਣੀ ਤੇ ਖੁਰਾਕ ਤੇ ਮਸਲਿਆਂ ਦੇ ਹੱਲ ਲਈ ਵੋਟ ਦੀ ਅਧਿਕਾਰ ਦੀ ਵਰਤੋਂ ਕਰ ਸਕਣ।
The post ਚੋਣ ਮੈਨੀਫੈਸਟੋ ਨੂੰ ਕਾਨੂੰਨੀ ਦਸਤਾਵੇਜ਼ ਬਣਾਉਣ ਦੀ ਮੰਗ ਉਠੀ first appeared on Punjabi News Online.
source https://punjabinewsonline.com/2022/01/31/%e0%a8%9a%e0%a9%8b%e0%a8%a3-%e0%a8%ae%e0%a9%88%e0%a8%a8%e0%a9%80%e0%a8%ab%e0%a9%88%e0%a8%b8%e0%a8%9f%e0%a9%8b-%e0%a8%a8%e0%a9%82%e0%a9%b0-%e0%a8%95%e0%a8%be%e0%a8%a8%e0%a9%82%e0%a9%b0%e0%a8%a8/