ਬਿਹਾਗੜਾ ਮਹਲਾ ੫ ॥ ਕਰਿ ਕਿਰਪਾ ਗੁਰ ਪਾਰਬ੍ਰਹਮ ਪੂਰੇ ਅਨਦਿਨੁ ਨਾਮੁ ਵਖਾਣਾ ਰਾਮ ॥ ਅੰਮ੍ਰਿਤ ਬਾਣੀ ਉਚਰਾ ਹਰਿ ਜਸੁ ਮਿਠਾ ਲਾਗੈ ਤੇਰਾ ਭਾਣਾ ਰਾਮ ॥ ਕਰਿ ਦਇਆ ਮਇਆ ਗੋਪਾਲ ਗੋਬਿੰਦ ਕੋਇ ਨਾਹੀ ਤੁਝ ਬਿਨਾ ॥ ਸਮਰਥ ਅਗਥ ਅਪਾਰ ਪੂਰਨ ਜੀਉ ਤਨੁ ਧਨੁ ਤੁਮ੍ਹ੍ਹ ਮਨਾ ॥ ਮੂਰਖ ਮੁਗਧ ਅਨਾਥ ਚੰਚਲ ਬਲਹੀਨ ਨੀਚ ਅਜਾਣਾ ॥ ਬਿਨਵੰਤਿ ਨਾਨਕ ਸਰਣਿ ਤੇਰੀ ਰਖਿ ਲੇਹੁ ਆਵਣ ਜਾਣਾ ॥੧॥ ਸਾਧਹ ਸਰਣੀ ਪਾਈਐ ਹਰਿ ਜੀਉ ਗੁਣ ਗਾਵਹ ਹਰਿ ਨੀਤਾ ਰਾਮ ॥ ਧੂਰਿ ਭਗਤਨ ਕੀ ਮਨਿ ਤਨਿ ਲਗਉ ਹਰਿ ਜੀਉ ਸਭ ਪਤਿਤ ਪੁਨੀਤਾ ਰਾਮ ॥ ਪਤਿਤਾ ਪੁਨੀਤਾ ਹੋਹਿ ਤਿਨ੍ਹ੍ਹ ਸੰਗਿ ਜਿਨ੍ਹ੍ਹ ਬਿਧਾਤਾ ਪਾਇਆ ॥ ਨਾਮ ਰਾਤੇ ਜੀਅ ਦਾਤੇ ਨਿਤ ਦੇਹਿ ਚੜਹਿ ਸਵਾਇਆ ॥ ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ ॥ ਬਿਨਵੰਤਿ ਨਾਨਕੁ ਵਡਭਾਗਿ ਪਾਈਅਹਿ ਸਾਧ ਸਾਜਨ ਮੀਤਾ ॥੨॥ ਜਿਨੀ ਸਚੁ ਵਣੰਜਿਆ ਹਰਿ ਜੀਉ ਸੇ ਪੂਰੇ ਸਾਹਾ ਰਾਮ ॥ ਬਹੁਤੁ ਖਜਾਨਾ ਤਿੰਨ ਪਹਿ ਹਰਿ ਜੀਉ ਹਰਿ ਕੀਰਤਨੁ ਲਾਹਾ ਰਾਮ ॥ ਕਾਮੁ ਕ੍ਰੋਧੁ ਨ ਲੋਭੁ ਬਿਆਪੈ ਜੋ ਜਨ ਪ੍ਰਭ ਸਿਉ ਰਾਤਿਆ ॥ ਏਕੁ ਜਾਨਹਿ ਏਕੁ ਮਾਨਹਿ ਰਾਮ ਕੈ ਰੰਗਿ ਮਾਤਿਆ ॥ ਲਗਿ ਸੰਤ ਚਰਣੀ ਪੜੇ ਸਰਣੀ ਮਨਿ ਤਿਨਾ ਓਮਾਹਾ ॥ ਬਿਨਵੰਤਿ ਨਾਨਕੁ ਜਿਨ ਨਾਮੁ ਪਲੈ ਸੇਈ ਸਚੇ ਸਾਹਾ ॥੩॥ ਨਾਨਕ ਸੋਈ ਸਿਮਰੀਐ ਹਰਿ ਜੀਉ ਜਾ ਕੀ ਕਲ ਧਾਰੀ ਰਾਮ ॥ ਗੁਰਮੁਖਿ ਮਨਹੁ ਨ ਵੀਸਰੈ ਹਰਿ ਜੀਉ ਕਰਤਾ ਪੁਰਖੁ ਮੁਰਾਰੀ ਰਾਮ ॥ ਦੂਖੁ ਰੋਗੁ ਨ ਭਉ ਬਿਆਪੈ ਜਿਨ੍ਹ੍ਹੀ ਹਰਿ ਹਰਿ ਧਿਆਇਆ ॥ ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥
ਅਰਥ: ਹੇ ਸਭ ਤੋਂ ਵੱਡੇ! ਹੇ ਸਰਬ-ਗੁਣ-ਭਰਪੂਰ ਪ੍ਰਭੂ! (ਮੇਰੇ ਉੱਤੇ) ਮੇਹਰ ਕਰ, ਮੈਂ ਹਰ ਵੇਲੇ ਤੇਰਾ ਨਾਮ ਸਿਮਰਦਾ ਰਹਾਂ, ਆਤਮਕ ਜੀਵਨ ਦੇਣ ਵਾਲੀ ਤੇਰੀ ਬਾਣੀ ਉਚਾਰਦਾ ਰਹਾਂ, ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਰਹਾਂ, ਮੈਨੂੰ ਤੇਰੀ ਰਜ਼ਾ ਮਿੱਠੀ ਲੱਗਦੀ ਰਹੇ। ਹੇ ਗੋਪਾਲ! ਹੇ ਗੋਬਿੰਦ! (ਮੇਰੇ ਉਤੇ) ਦਇਆ ਕਰ, ਤਰਸ ਕਰ, ਤੈਥੋਂ ਬਿਨਾ ਮੇਰਾ ਹੋਰ ਕੋਈ ਸਹਾਰਾ ਨਹੀਂ ਹੈ। ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਮੇਰੀ ਇਹ ਜਿੰਦ, ਮੇਰਾ ਇਹ ਮਨ ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਹੀ ਦਿੱਤਾ ਹੋਇਆ ਹੈ। ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਮੈਂ ਮੂਰਖ ਹਾਂ ਬਹੁਤ ਮੂਰਖ ਹਾਂ, ਨਿਆਸਰਾ ਹਾਂ, ਚੰਚਲ, ਕਮਜ਼ੋਰ, ਨੀਚ ਤੇ ਅੰਞਾਣ ਹਾਂ। ਮੈਂ ਤੇਰੀ ਸਰਨ ਆਇਆ ਹਾਂ। ਮੈਨੂੰ ਜਨਮ ਮਰਨ ਦੇ ਗੇੜ ਤੋਂ ਬਚਾ ਲੈ।੧। (ਹੇ ਭਾਈ!) ਗੁਰਮੁਖਾਂ ਦੀ ਸਰਨ ਪਿਆਂ ਪਰਮਾਤਮਾ ਮਿਲ ਪੈਂਦਾ ਹੈ, ਤੇ, ਅਸੀ ਸਦਾ ਪਰਮਾਤਮਾ ਦੇ ਗੁਣ ਗਾ ਸਕਦੇ ਹਾਂ। ਹੇ ਪ੍ਰਭੂ ਜੀ! ਮੇਹਰ ਕਰ) ਤੇਰੇ ਭਗਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਵਿਚ ਮੇਰੇ ਮੱਥੇ ਉਤੇ ਲੱਗਦੀ ਰਹੇ (ਭਗਤ ਜਨਾਂ ਦੇ ਚਰਨਾਂ ਦੀ ਧੂੜ ਦੀ ਬਰਕਤਿ ਨਾਲ) ਵਿਕਾਰਾਂ ਵਿਚ ਡਿੱਗੇ ਹੋਏ ਮਨੁੱਖ ਭੀ ਪਵਿਤ੍ਰ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੇ ਕਰਤਾਰ ਲੱਭ ਲਿਆ ਉਹਨਾਂ ਦੀ ਸੰਗਤਿ ਵਿਚ ਵਿਕਾਰੀ ਬੰਦੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਹੋਏ ਬੰਦੇ ਆਤਮਕ ਜੀਵਨ ਦੀਆਂ ਦਾਤਾਂ ਦੇਣ-ਜੋਗੇ ਹੋ ਜਾਂਦੇ ਹਨ, ਉਹ ਇਹ ਦਾਤਾਂ ਨਿੱਤ ਦੇਂਦੇ ਹਨ ਤੇ ਇਹ ਵਧਦੀਆਂ ਰਹਿੰਦੀਆਂ ਹਨ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆ ਦੇ ਨੌ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ। ਹੇ ਭਾਈ! ਨਾਨਕ ਬੇਨਤੀ ਕਰਦਾ ਹੈ ਕਿ ਗੁਰਮੁਖ ਸੱਜਣ ਮਿੱਤਰ ਵੱਡੀ ਕਿਸਮਤ ਨਾਲ ਹੀ ਮਿਲਦੇ ਹਨ।੨। ਜਿਨ੍ਹਾਂ ਮਨੁੱਖਾਂ ਨੇ (ਸਦਾ) ਸਦਾ-ਥਿਰ ਰਹਿਣ ਵਾਲੇ ਹਰਿ-ਨਾਮ ਦਾ ਵਪਾਰ ਕੀਤਾ ਹੈ ਉਹ ਭਰੇ ਭੰਡਾਰਾਂ ਵਾਲੇ ਸ਼ਾਹੂਕਾਰ ਹਨ, ਉਹਨਾਂ ਪਾਸ (ਹਰਿ-ਨਾਮ ਦਾ) ਬਹੁਤ ਖ਼ਜ਼ਾਨਾ ਹੈ, ਉਹ (ਇਸ ਵਪਾਰ ਵਿਚ) ਪਰਮਾਤਮਾ ਦੀ ਸਿਫ਼ਤਿ-ਸਾਲਾਹ (ਦੀ) ਖੱਟੀ ਖੱਟਦੇ ਹਨ। ਜੇਹੜੇ ਮਨੁੱਖ ਪਰਮਾਤਮਾ ਨਾਲ ਰੱਤੇ ਰਹਿੰਦੇ ਹਨ, ਉਹਨਾਂ ਉੱਤੇ ਨਾਹ ਕਾਮ, ਨਾਹ ਕ੍ਰੋਧ ਨਾਹ ਲੋਭ, ਕੋਈ ਭੀ ਆਪਣਾ ਜ਼ੋਰ ਨਹੀਂ ਪਾ ਸਕਦਾ, ਉਹ ਇਕ ਪਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਂਦੇ ਹਨ, ਉਹ ਇਕ ਪਰਮਾਤਮਾ ਨੂੰ ਹੀ (ਪੱਕਾ ਸਾਥੀ) ਮੰਨਦੇ ਹਨ, ਉਹ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਮਸਤ ਰਹਿੰਦੇ ਹਨ। ਉਹ ਮਨੁੱਖ ਗੁਰੂ ਦੀ ਚਰਨੀਂ ਲੱਗ ਕੇ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਦੇ ਮਨ ਵਿਚ (ਪਰਮਾਤਮਾ ਦੇ ਮਿਲਾਪ ਦਾ) ਚਾਉ ਚੜ੍ਹਿਆ ਰਹਿੰਦਾ ਹੈ। ਨਾਨਕ ਬੇਨਤੀ ਕਰਦਾ ਹੈ, ਜਿਨ੍ਹਾਂ ਮਨੁੱਖਾਂ ਦੇ ਪਾਸ ਪਰਮਾਤਮਾ ਦਾ ਨਾਮ-ਧਨ ਹੈ ਉਹੀ ਐਸੇ ਹਨ ਜੋ ਸਦਾ ਲਈ ਸ਼ਾਹੂਕਾਰ ਟਿਕੇ ਰਹਿੰਦੇ ਹਨ।੩। ਹੇ ਨਾਨਕ! ਸਦਾ) ਉਸ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ (ਸਾਰੇ ਸੰਸਾਰ ਵਿਚ) ਜਿਸ ਦੀ ਸੱਤਾ ਕੰਮ ਕਰ ਰਹੀ ਹੈ। (ਹੇ ਨਾਨਕ! ਗੁਰੂ ਦੀ ਸਰਨ ਪੈਣਾ ਚਾਹੀਦਾ ਹੈ) ਗੁਰੂ ਦੀ ਸਰਨ ਪਿਆਂ ਸਰਬ-ਵਿਆਪਕ ਕਰਤਾਰ ਪ੍ਰਭੂ ਮਨ ਤੋਂ ਨਹੀਂ ਭੁੱਲਦਾ। ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਸਿਮਰਨ ਕੀਤਾ ਹੈ, ਉਹਨਾਂ ਉੱਤੇ ਕੋਈ ਰੋਗ, ਕੋਈ ਦੁੱਖ, ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ। ਉਹਨਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ-ਸਮੁੰਦਰ ਤਰ ਲਿਆ (ਸਮਝੋ) , ਪੂਰਬਲੇ ਜਨਮ ਵਿਚ ਕੀਤੀ ਕਮਾਈ ਅਨੁਸਾਰ (ਮੱਥੇ ਉੱਤੇ ਭਗਤੀ ਦਾ) ਲਿਖਿਆ ਲੇਖ ਉਹਨਾਂ ਨੂੰ ਪ੍ਰਾਪਤ ਹੋ ਗਿਆ। ਉਹਨਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਹਨਾਂ ਦੇ ਮਨ ਵਿਚ ਠੰਡ ਪੈ ਗਈ, ਉਹਨਾਂ ਨੂੰ ਬੇਅੰਤ ਪ੍ਰਭੂ ਮਿਲ ਪਿਆ। ਨਾਨਕ ਬੇਨਤੀ ਕਰਦਾ ਹੈ, ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਮੇਰੀ ਭੀ (ਪ੍ਰਭੂ-ਮਿਲਾਪ ਵਾਲੀ ਚਿਰਾਂ ਦੀ) ਆਸ ਪੂਰੀ ਹੋ ਗਈ ਹੈ।੪।੩।
The post ਅੱਜ ਦਾ ਹੁਕਮਨਾਮਾ (27-01-2022) appeared first on Daily Post Punjabi.