ਚੰਡੀਗੜ੍ਹ 'ਚ ਹੁਣ 100 ਰੁਪਏ 'ਚ ਹੋਵੇਗਾ ਰੈਪਿਡ ਐਂਟੀਜਨ ਟੈਸਟ Jan 26th 2022, 05:44, by Narinder Jagga ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 26 ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਵਧਦੀ ਗਿਣਤੀ ਦੇ ਮੱਦੇਨਜ਼ਰ ਯੂਟੀ ਪ੍ਰਸ਼ਾਸਨ ਨੇ ਲੋਕ ਹਿੱਤ ਵਿੱਚ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਦਿਆਂ ਕਰੋਨਾ ਲਈ ਕਰਵਾਏ ਜਾਣ ਵਾਲੇ ਰੈਪਿਡ ਐਂਟੀਜਨ ਟੈਸਟ (ਆਰਏਟੀ) ਦੀ ਕੀਮਤ 350 ਰੁਪਏ ਦੀ ਥਾਂ 100 ਰੁਪਏ ਕਰ ਦਿੱਤੀ ਹੈ। ਜਦੋਂ ਕਿ ਘਰ ਤੋਂ ਸੈਂਪਲ ਦੇਣ ਵਾਲਿਆਂ ਨੂੰ ਸੌ ਰੁਪਏ ਵੱਧ ਭਾਵ 200 ਰੁਪਏ ਕੀਮਤ ਦੇਣੀ ਪਵੇਗੀ। ਇਹ ਹੁਕਮ ਚੰਡੀਗੜ੍ਹ ਦੇ ਸਿਹਤ ਸਕੱਤਰ ਯਸ਼ਪਾਲ ਗਰਗ ਨੇ ਜਾਰੀ ਕੀਤੇ ਹਨ। ਹੁਕਮਾਂ ਮੁਤਾਬਕ ਰੈਪਿਡ ਐਂਟੀਜਨ ਟੈਸਟ ਲਈ ਹੁਣ 100 ਰੁਪਏ ਤੋਂ ਵੱਧ ਵਸੂਲੀ ਨਹੀਂ ਕੀਤੀ ਜਾ ਸਕੇਗੀ ਜਦੋਂ ਕਿ ਪੀਪੀਈ ਕਿਟ, ਟਰਾਂਸਪੋਰਟੇਸ਼ਨ, ਕਾਗਜ਼ੀ ਕਾਰਵਾਈ ਦੀ ਕੀਮਤ ਵੀ ਇਸ ਵਿੱਚ ਸ਼ਾਮਲ ਹੈ। ਉਨ੍ਹਾਂ ਸਪਸ਼ਟ ਕੀਤਾ ਕਿ 100 ਰੁਪਏ ਤੋਂ ਵੱਧ ਵਸੂਲੀ ਕਰਨ ਵਾਲੀ ਲੈਬਾਰਟਰੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੂਜੇ ਪਾਸੇ ਯੂਟੀ ਪ੍ਰਸ਼ਾਸਨ ਨੇ ਗਣਤੰਤਰ ਦਿਵਸ ਤੋਂ ਪਹਿਲਾਂ ਚੰਡੀਗੜ੍ਹੀਆਂ ਦੇ 100 ਫ਼ੀਸਦ ਟੀਕਾਕਰਨ ਦਾ ਦਾਅਵਾ ਕੀਤਾ ਹੈ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸਿਹਤ ਕਾਮਿਆਂ ਨੂੰ ਇਸ ਮਾਅਰਕੇ ਲਈ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ 127 ਫ਼ੀਸਦ ਲੋਕਾਂ ਨੂੰ ਕਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੱਗ ਚੁੱਕੀ ਹੈ, ਜਦੋਂ ਕਿ 100 ਫ਼ੀਸਦ ਲੋਕਾਂ ਦੇ ਦੂਜੀ ਖੁਰਾਕ ਲੱਗ ਗਈ ਹੈ। Facebook Page: https://www.facebook.com/factnewsnet See videos: https://www.youtube.com/c/TheFACTNews/videos The post ਚੰਡੀਗੜ੍ਹ 'ਚ ਹੁਣ 100 ਰੁਪਏ 'ਚ ਹੋਵੇਗਾ ਰੈਪਿਡ ਐਂਟੀਜਨ ਟੈਸਟ appeared first on The Fact News Punjabi. |