ਦੱਖਣੀ ਅਫਰੀਕਾ ‘ਚ ਮਿਲਿਆ ਕੋਰੋਨਾ ਦਾ ਨਵਾਂ ਰੂਪ ਓਮੀਕਰੋਨ ਹੁਣ ਦੁਨੀਆ ਦੇ 38 ਦੇਸ਼ਾਂ ‘ਚ ਪਹੁੰਚ ਗਿਆ ਹੈ । ਭਾਰਤ ‘ਚ ਵੀ ਇਸ ਨਵੇਂ ਕੋਰੋਨਾ ਤੋਂ ਪੀੜਤ ਤਿੰਨ ਲੋਕ ਮਿਲੇ ਹਨ । ਇਸ ‘ਤੇ ਲਗਾਮ ਲਾਉਣ ਲਈ ਸਰਕਾਰ ਨੇ ਚੌਕਸੀ ਵਰਤਣੀ ਸ਼ੁਰੁ ਕਰ ਦਿੱਤੀ ਹੈ । ਓਮੀਕਰੋਨ ਦੇ ਖ਼ਤਰੇ ਨੂੰ ਲੈ ਕੇ ਕੇਂਦਰ ਨੇ ਛੇ ਸੂਬਿਆਂ ਨੂੰ ਚਿੱਠੀ ਲਿਖ ਕੇ ਚਿੰਤਾ ਪ੍ਰਗਟਾਈ ਹੈ । ਇਨ੍ਹਾਂ ਛੇ ਸੂਬਿਆਂ ‘ਚ ਕੇਰਲ, ਜੰਮੂ-ਕਸ਼ਮੀਰ, ਤਾਮਿਲਨਾਡੂ, ਕਰਨਾਟਕ, ਓਡੀਸ਼ਾ ਅਤੇ ਮਿਜ਼ੋਰਮ ਸ਼ਾਮਲ ਹਨ । ਗੁਜਰਾਤ ਦੇ ਜਾਮਨਗਰ ਵਿਚ ਜ਼ਿੰਬਾਬਵੇ ਤੋਂ ਪਰਤਿਆ 72 ਸਾਲਾ ਬਜ਼ੁਰਗ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ । ਸਿਹਤ ਵਿਭਾਗ ਅਨੁਸਾਰ ਇਹ ਬਜ਼ੁਰਗ ਵੀਰਵਾਰ ਨੂੰ ਕੋਰੋਨਾ ਪੀੜਤ ਪਾਇਆ ਗਿਆ ਸੀ ਤੇ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਉਸ ਦੇ ਸੈਂਪਲਾਂ ਤੋਂ ਪਤਾ ਲੱਗਾ ਕਿ ਉਹ ਕੋਰੋਨਾ ਦੇ ਨਵੇਂ ਰੂਪ ਓਮੀਕਰੋਨ ਤੋਂ ਪੀੜਤ ਹੈ । ਗੁਜਰਾਤ ਦੇ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਨੇ ਬਜ਼ੁਰਗ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ । ਮੁੰਬਈ ‘ਚ ਬੀ ਐੱਮ ਸੀ ਨੇ ਹੋਮ ਕੁਆਰਨਟਾਈਨ ਨੂੰ ਲੈ ਕੇ ਨਵੀਂ ਗਾਈਡਲਾਈਨ ਜਾਰੀ ਕੀਤੀ ਹੈ । ਇਸ ਮੁਤਾਬਕ ਹਰ ਦਿਨ ਸਵੇਰੇ ਏਅਰਪੋਰਟ ਸੀ ਓ ਓ 24 ਘੰਟੇ ‘ਚ ਰਿਸਕ ਅਤੇ ਹਾਈ ਰਿਸਕ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਦੀ ਜਾਣਕਾਰੀ ਡਿਜ਼ਾਸਟਰ ਮੈਨੇਜਮੈਂਟ ਨੂੰ ਭੇਜੇਗਾ । ਡਿਜ਼ਾਸਟਰ ਮੈਨੇਜਮੈਂਟ ਉਸ ਲਿਸਟ ਨੂੰ ਵਾਰਡ ਅਫਸਰ ਅਤੇ ਕੋਵਿਡ ਵਾਰ ਰੂਮ ਨੂੰ ਭੇਜੇਗਾ । ਕੋਵਿਡ ਵਾਰ ਰੂਮ ਦਿਨ ‘ਚ 5 ਵਾਰ ਯਾਤਰੀਆਂ ਦੀ ਸਿਹਤ ਦੀ ਜਾਣਕਾਰੀ ਲਵੇਗਾ ।
The post ਭਾਰਤ ‘ਚ ਪੈਰ ਪਸਾਰਨ ਲੱਗਾ ਓਮੀਕਰੋਨ first appeared on Punjabi News Online.
source https://punjabinewsonline.com/2021/12/05/%e0%a8%ad%e0%a8%be%e0%a8%b0%e0%a8%a4-%e0%a8%9a-%e0%a8%aa%e0%a9%88%e0%a8%b0-%e0%a8%aa%e0%a8%b8%e0%a8%be%e0%a8%b0%e0%a8%a8-%e0%a8%b2%e0%a9%b1%e0%a8%97%e0%a8%be-%e0%a8%93%e0%a8%ae%e0%a9%80%e0%a8%95/