
ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਨੇ ਯੂ ਪੀ ਦੇ 98 ਲੋਕਾਂ ‘ਤੇ ਕੀਤੇ ਗਏ ਅਧਿਅਨ ਵਿਚ ਇਹ ਪਾਇਆ ਹੈ ਕਿ ਜਿਹੜੇ 18 ਲੋਕ ਪਹਿਲਾ ਟੀਕਾ ਕੋਵੀਸ਼ੀਲਡ ਤੇ ਦੂਜਾ ਕੋਵੈਕਸੀਨ ਦਾ ਲੁਆ ਬੈਠੇ ਸਨ, ਉਨ੍ਹਾਂ ਵਿਚ ਕੋਰੋਨਾ ਖਿਲਾਫ ਲੜਨ ਵਿਚ ਇੱਕੋ ਵੈਕਸੀਨ ਦੇ ਦੋ ਟੀਕੇ ਲੁਆਉਣ ਵਾਲਿਆਂ ਨਾਲੋਂ ਵੱਧ ਤਾਕਤ ਆ ਗਈ । ਮਈ-ਜੂਨ ਵਿਚ ਕੀਤੇ ਗਏ ਅਧਿਐਨ ਵਿਚ ਸ਼ਾਮਲ 40 ਲੋਕ ਉਹ ਸਨ, ਜਿਨ੍ਹਾਂ ਨੇ ਕੋਵੀਸ਼ੀਲਡ ਦੇ ਦੋਨੋਂ ਟੀਕੇ ਲੁਆਏ ਤੇ 40 ਉਹ ਸਨ, ਜਿਨ੍ਹਾਂ ਨੇ ਕੋਵੈਕਸੀਨ ਦੇ ਦੋਨੋਂ ਟੀਕੇ ਲੁਆਏ । ਇਹ ਅਧਿਐਨ ਹੈ ਤੇ ਸਰਕਾਰੀ ਮਨਜ਼ੂਰੀ ਤੋਂ ਬਾਅਦ ਹੀ ਇਸ ਨੂੰ ਲਾਗੂ ਕੀਤਾ ਜਾ ਸਕੇਗਾ । ਅਧਿਐਨ ਵਿਚ ਇਹ ਵੀ ਪਾਇਆ ਗਿਆ ਹੈ ਕਿ ਕੋਵੀਸ਼ੀਲਡ ਤੇ ਕੋਵੈਕਸੀਨ ਦੇ ਰਲਵੇਂ ਟੀਕੇ ਲੁਆਉਣੇ ਸੁਰੱਖਿਅਤ ਹਨ ਤੇ ਜੇ ਕੋਈ ਮਾੜਾ ਅਸਰ ਹੁੰਦਾ ਹੈ ਤਾਂ ਉਹੋ ਜਿਹਾ ਹੀ ਹੁੰਦਾ ਹੈ, ਜਿਹੋ ਜਿਹਾ ਇੱਕੋ ਵੈਕਸੀਨ ਦੇ ਦੋ ਟੀਕੇ ਲੁਆਉਣ ਨਾਲ ਹੁੰਦਾ ਹੈ । ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਦੇ ਅੰਦੇਸ਼ੇ ਤੇ ਮਹਾਂਮਾਰੀ ਦੇ ਡੈਲਟਾ ਰੂਪ ਦੇ ਖਤਰੇ ਦਰਮਿਆਨ ਇਹ ਅਧਿਐਨ ਕਾਫੀ ਰਾਹਤ ਦੇਣ ਵਾਲਾ ਹੈ । ਮਿਕਸਡ ਡੋਜ਼ ਨਾਲ ਵੈਕਸੀਨ ਦੀ ਕਮੀ ਦੂਰ ਕਰਨ ਵਿਚ ਵੀ ਮਦਦ ਮਿਲੇਗੀ । ਦੇਸ਼ ਵਿਚ ਪਿਛਲੇ ਹਫਤੇ ਹੀ ਜਾਨਸਨ ਐਂਡ ਜਾਨਸਨ ਦੀ ਸਿੰਗਲ ਡੋਜ਼ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦਿੱਤੀ ਗਈ ਹੈ । ਕੋਵੀਸ਼ੀਲਡ, ਕੋਵੈਕਸੀਨ, ਸਪੁਤਨਿਕ ਵੀ ਤੇ ਮਾਡਰਨਾ ਤੋਂ ਬਾਅਦ ਇਹ ਪੰਜਵੀਂ ਵੈਕਸੀਨ ਐਮਰਜੈਂਸੀ ਵਰਤੋਂ ਲਈ ਮਨਜ਼ੂਰ ਕੀਤੀ ਗਈ ।
source https://punjabinewsonline.com/2021/08/09/%e0%a8%b5%e0%a9%88%e0%a8%95%e0%a8%b8%e0%a9%80%e0%a8%a8-%e0%a8%ae%e0%a8%bf%e0%a8%95%e0%a8%b8%e0%a8%a1-%e0%a8%a1%e0%a9%8b%e0%a8%9c%e0%a8%bc-%e0%a8%9c%e0%a8%bc%e0%a8%bf%e0%a8%86%e0%a8%a6%e0%a8%be/