ਅੱਜ ਦੇ ਇਸ ਭਿਆਨਕ ਦੌਰ ਦੇ ਦੌਰਾਨ ਸਰਕਾਰੀ ਹਸਪਤਾਲਾਂ ਦੇ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਦੇ ਕਮਾਊ ਪੁੱਤ ਬਣੇ ਹੋਏ ਹਨ, ਕਿਉਂਕਿ ਸਰਕਾਰੀ ਹਸਪਤਾਲ ਬਠਿੰਡਾ ਨੇ 29 ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇ ਦਿੱਤੇ ਹਨ। ਸਿਵਲ ਹਸਪਤਾਲ ਵਿਚ 50 ਬੈੱਡਾਂ ਦਾ ਆਈਸੋਲੇਸ਼ਨ ਅਤੇ 25 ਬੈੱਡ ਦਾ ਸੈਂਟਰ ਐਡਵਾਂਸ ਕੈਂਸਰ ਕੇਅਰ ਹਸਪਤਾਲ ਵਿਚ ਬਣਾਇਆ ਗਿਆ ਹੈ। ਲੈਵਲ 1 ਤੇ 2 ਦੇ ਮਰੀਜ਼ਾਂ ਨੂੰ ਹੀ ਇਨ੍ਹਾਂ ਸੈਂਟਰ ਵਿਚ ਰੱਖਿਆ ਜਾ ਰਿਹਾ ਹੈ, ਪਰ ਲੈਵਲ 3 ਤੱਕ ਪਹੁੰਚਣ ’ਤੇ ਉਸ ਨੂੰ ਪ੍ਰਾਈਵੇਟ ਹਸਪਤਾਲ ਦਾ ਰਸਤਾ ਦਿਖਾ ਦਿੱਤਾ ਜਾਂਦਾ ਹੈ। ਕਿਉਂਕਿ ਲੈਵਲ 3 ਦੇ ਮਰੀਜ਼ਾਂ ਨੂੰ ਵੈਂਟੀਲੇਟਰ ਦੀ ਜ਼ਰੂਰਤ ਹੁੰਦੀ ਹੈ। ਇਹ ਗੱਲ ਨਹੀਂ ਹੈ ਕਿ ਸਰਕਾਰੀ ਹਸਪਤਾਲ ਵਿਚ ਵੈਂਟੀਲੇਟਰ ਨਹੀਂ ਸੀ। ਇਥੇ ਪੰਜਾਬ ਸਰਕਾਰ ਵਲੋਂ ਕੁੱਲ 29 ਵੈਂਟੀਲੇਟਰ ਭੇਜੇ ਗਏ ਸਨ, ਪਰ ਇਹ ਹੁਣ ਪ੍ਰਾਈਵੇਟ ਹਸਪਤਾਲਾਂ ਦੇ ਮਰੀਜ਼ਾਂ ਨੂੰ ਸੇਵਾਵਾਂ ਦੇ ਰਹੇ ਹਨ ਕਿਉਂਕਿ ਸਿਵਲ ਹਸਪਤਾਲ ਪ੍ਰਸ਼ਾਸਨ ਇਹ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਸੌਂਪ ਚੁੱਕਾ ਹੈ। ਬਹਾਨਾ ਇਹ ਹੈ ਕਿ ਸਰਕਾਰੀ ਹਸਪਤਾਲ ਵਿਚ ਵੈਂਟੀਲੇਟਰ ਮਾਹਰ ਮੌਜ਼ੂਦ ਨਹੀਂ ਹਨ।
ਭਾਵੇਂ ਪ੍ਰਸ਼ਾਸਨ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਮਿਲ ਕੇ ਸੇਵਾ ਕਰਨ ਦਾ ਰਾਗ ਅਲਾਪੀ ਜਾਣ, ਪਰ ਸੂਤਰਾਂ ਮੁਤਾਬਿਕ ਪ੍ਰਾਈਵੇਟ ਹਸਪਤਾਲਾਂ ’ਚ ਕੋਰੋਨਾ ਕਾਲ ਦਾ ਲਾਹਾ ਲੈ ਕੇ ਚਾਂਦੀ ਕੁੱਟੀ ਜਾ ਰਹੀ ਹੈ। ਇਕ ਉਦਾਹਰਣ ਹੈ ਕਿ ਬੀਤੇ ਦਿਨੀਂ ਇਕ ਕੋਰੋਨਾ ਮਰੀਜ਼ ਨੂੰ ਦਿੱਲੀ ਤੋਂ ਇਥੇ ਲਿਆਂਦਾ ਜਾਣਾ ਸੀ। ਬੈੱਡ ਬੁੱਕ ਕਰਨ ਬਦਲੇ ਪ੍ਰਾਈਵੇਟ ਹਸਪਤਾਲ ਨੇ ਇਕ ਲੱਖ ਰੁਪਏ ਜਮ੍ਹਾਂ ਕਰਵਾ ਲਏ। ਜਦੋਂ ਮਰੀਜ਼ ਇਥੇ ਨਹੀਂ ਪਹੁੰਚ ਸਕਿਆ ਤਾਂ ਹਸਪਤਾਲ ਨੇ ਪੈਸੇ ਵਾਪਸ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਸਾਬਕਾ ਅਕਾਲੀ ਵਿਧਾਇਕ ਸਰੂਪ ਸਿੰਗਲਾ ਨੇ ਸਰਕਾਰੀ ਵੈਂਟੀਲੇਟਰ ਪ੍ਰਾਈਵੇਟ ਹਸਪਤਾਲਾਂ ਨੂੰ ਦੇਣ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਹੀ ਦੱਸਣ ਕਿ ਉਪਰੋਕਤ ‘ਕਮਾਊ ਪੁੱਤਾਂ’ ਦੀ ਕਮਾਈ ਦਾ ਹਿੱਸਾ ਕਿਹੜੇ ਕਿਹੜੇ ਮੰਤਰੀ ਜਾਂ ਕਾਂਗਰਸੀਆਂ ਨੂੰ ਜਾ ਰਿਹਾ ਹੈ, ਜਾਂ ਫਿਰ ਇਸ ਵਿਚ ਮੁੱਖ ਮੰਤਰੀ ਪੰਜਾਬ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਲੋਕਾਂ ਨੂੰ ਰਾਮ ਭਰੋਸੇ ਛੱਡ ਦਿੱਤਾ ਹੈ ਤੇ ਖੁਦ ਕੋਰੋਨਾ ਨੂੰ ਵਪਾਰ ਬਣਾ ਲਿਆ ਹੈ, ਜੋ ਮੋਟੀ ਕਮਾਈ ਦੇ ਰਿਹਾ ਹੈ।
ਸਿਵਲ ਸਰਜਨ ਬਠਿੰਡਾ ਡਾ। ਤੇਜਵੰਤ ਸਿੰਘ ਢਿੱਲੋਂ ਨੇ ਕਿਹਾ ਕਿ 23 ਵੈਂਟੀਲੇਟਰ ਉਨ੍ਹਾਂ ਤੋਂ ਪਹਿਲਾਂ ਦਿੱਤੇ ਗਏ, ਜਦਕਿ 6 ਵੈਂਟੀਲੇਟਰ ਉਨ੍ਹਾਂ ਦੇ ਹੁੰਦਿਆਂ ਹੀ ਦਿੱਤੇ ਗਏ ਹਨ। ਸਿਵਲ ਹਸਪਤਾਲ ਵਿਚ ਹਾਲਾਤ ਠੀਕ ਹਨ, ਜ਼ਰੂਰਤ ਮੁਤਾਬਕ ਮਰੀਜ਼ਾਂ ਨੂੰ ਆਕਸੀਜਨ ਵੀ ਦਿੱਤੀ ਜਾ ਰਹੀ ਹੈ। ਪ੍ਰਾਈਵੇਟ ਹਸਪਾਲਾਂ ਨਾਲ ਮਿਲ ਕੇ ਹੀ ਕੰਮ ਕੀਤਾ ਜਾ ਰਿਹਾ ਹੈ, ਕਿਉਂਕਿ ਮੌਕੇ ’ਤੇ ਮਾਹਰ ਸਟਾਫ ਨਹੀਂ ਸੀ।
source https://punjabinewsonline.com/2021/05/06/%e0%a8%b8%e0%a8%b0%e0%a8%95%e0%a8%be%e0%a8%b0%e0%a9%80-%e0%a8%b9%e0%a8%b8%e0%a8%aa%e0%a8%a4%e0%a8%be%e0%a8%b2-%e0%a8%a6%e0%a9%87-%e0%a8%b5%e0%a9%88%e0%a8%82%e0%a8%9f%e0%a9%80%e0%a8%b2%e0%a9%87/