
ਕੋਰੋਨਾ ਵਿਰੁੱਧ ਲੜਾਈ ਵਿਚ ਯੂ ਪੀ ਦੀ ਯੋਗੀ ਸਰਕਾਰ ਦੀਆਂ ਨਾਕਾਮੀਆਂ ‘ਤੇ ਭਾਜਪਾ ਦੇ ਆਗੂ ਵੀ ਨਾਰਾਜ ਹਨ । ਉਹ ਮੁੱਖ ਮੰਤਰੀ ਯੋਗੀ ਆਦਿਤਿਆ ਨਾਥ ਨੂੰ ਚਿੱਠੀਆਂ ਲਿਖ ਰਹੇ ਹਨ ਕਿ ਮਰੀਜ਼ਾਂ ਦਾ ਇਲਾਜ ਨਹੀਂ ਹੋ ਰਿਹਾ । ਲਖਨਊ ਸੈਂਟਰਲ ਦੇ ਵਿਧਾਇਕ ਤੇ ਮੰਤਰੀ ਬ੍ਰਜੇਸ਼ ਪਾਠਕ ਤੋਂ ਸ਼ੁਰੂ ਹੋਏ ਇਸ ਸਿਲਸਿਲੇ ਵਿਚ ਲਖੀਮਪੁਰ ਖੀਰੀ ਦੇ ਵਿਧਾਇਕ ਲੋਕੇਂਦਰ ਪ੍ਰਤਾਪ ਸਿੰਘ ਦਾ ਨਾਂ ਵੀ ਜੁੜ ਗਿਆ ਹੈ । ਉਨ੍ਹਾ ਯੋਗੀ ਨੂੰ ਲਿਖੀ ਚਿੱਠੀ ਵਿਚ ਕਿਹਾ ਹੈ ਕਿ ਲੋਕ ਮਰ ਰਹੇ ਹਨ ਤੇ ਉਹ ਚਾਹੁੰਦੇ ਹੋਏ ਵੀ ਮਦਦ ਨਹੀਂ ਕਰ ਪਾ ਰਹੇ । ਅਜਿਹਾ ਕੋਈ ਪਿੰਡ ਨਹੀਂ ਜਿਥੇ ਕੋਰੋਨਾ ਨੇ ਮਾਰ ਨਾ ਕੀਤੀ ਹੋਵੇ । ਆਕਸੀਜਨ ਦੀ ਜ਼ਬਰਦਸਤ ਕਮੀ ਹੈ । ਇਸਤੋਂ ਪਹਿਲਾਂ ਕਾਨਪੁਰ ਦੇ ਸਾਂਸਦ ਸਤਿਆਦੇਵ ਪਚੌਰੀ ਨੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਨੂੰ ਚਿੱਠੀ ਲਿਖ ਕੇ ਕੋਰੋਨਾ ਦੇ ਹਾਲਾਤ ਦੀ ਹਕੀਕਤ ਦੱਸੀ ਸੀ । ਭਦੋਹੀ ਦੇ ਵਿਧਾਇਕ ਨੇ ਆਪਣੀ ਚਿੱਠੀ ਵਿਚ ਨਿਜੀ ਹਸਪਤਾਲਾਂ ਦੀ ਮਨਮਾਨੀ ਦਾ ਜ਼ਿਕਰ ਕੀਤਾ ਸੀ । ਬ੍ਰਜੇਸ਼ ਪਾਠਕ ਨੇ ਸਰਕਾਰੀ ਮਸ਼ੀਨਰੀ ‘ਤੇ ਸਵਾਲ ਉਠਾਉਂਦਿਆਂ ਕਿਹਾ ਸੀ ਕਿ ਉਨ੍ਹਾ ਦੇ ਕਹਿਣ ਦੇ ਬਾਵਜੂਦ ਮਸ਼ਹੂਰ ਇਤਿਹਾਸਕਾਰ ਯੋਗੇਸ਼ ਪ੍ਰਵੀਣ ਨੂੰ ਐਂਬੂਲੈਂਸ ਤੇ ਇਲਾਜ ਨਹੀਂ ਮਿਲੇ ਤੇ ਉਨ੍ਹਾ ਦੀ ਮੌਤ ਹੋ ਗਈ । ਅਫਸਰ ਫੋਨ ਨਹੀਂ ਚੁੱਕਦੇ । ਮੋਹਨ ਲਾਲ ਗੰਜ ਦੇ ਸਾਂਸਦ ਕੌਸ਼ਲ ਕਿਸ਼ੋਰ ਨੇ ਤਾਂ ਪੰਚਾਇਤ ਚੋਣਾਂ ਟਾਲਣ ਦੀ ਵੀ ਸਲਾਹ ਦਿੱਤੀ ਸੀ ਪਰ ਕਿਸੇ ਨੇ ਨਹੀਂ ਮੰਨੀ । ਚੋਣ ਡਿਊਟੀਆਂ ਕਾਰਨ 700 ਤੋਂ ਵੱਧ ਟੀਚਰਾਂ ਦੀ ਮੌਤ ਹੋ ਗਈ । ਮੇਰਠ ਦੇ ਸਾਂਸਦ ਰਜਿੰਦਰ ਅਗਰਵਾਲ ਨੇ ਆਪਣੀ ਚਿੱਠੀ ਵਿਚ ਲਿਖਿਆ ਕਿ ਆਕਸੀਜਨ ਦੀ ਕਮੀ ਕਾਰਨ ਮਰੀਜ਼ ਦਾਖਲ ਨਹੀਂ ਕੀਤੇ ਜਾ ਰਹੇ ਤੇ ਲੋਕ ਮਰ ਰਹੇ ਹਨ ।
source https://punjabinewsonline.com/2021/05/08/%e0%a8%af%e0%a9%8b%e0%a8%97%e0%a9%80-%e0%a8%a8%e0%a9%82%e0%a9%b0-%e0%a8%ad%e0%a8%be%e0%a8%9c%e0%a8%aa%e0%a8%be%e0%a8%88-%e0%a8%86%e0%a8%97%e0%a9%82%e0%a8%86%e0%a8%82-%e0%a8%a8%e0%a9%87-%e0%a8%b2/