ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ), 14 ਮਈ 2021
ਅਮਰੀਕੀ ਸਰਕਾਰ ਵੱਲੋਂ ਕੋਰੋਨਾ ਵਾਇਰਸ ਤੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਤਰ੍ਹਾਂ ਦੇ ਨਿਯਮ ਲਾਗੂ ਕੀਤੇ ਗਏ ਹਨ । ਇਹਨਾਂ ਨਿਯਮਾਂ ਦਾ ਪਾਲਣ ਕਰਵਾਉਣ ਲਈ ਜੁਰਮਾਨੇ ਅਤੇ ਹੋਰ ਸਜਾਵਾਂ ਤਹਿ ਕੀਤੀਆਂ ਗਈਆਂ ਹਨ। ਪਰ ਫਲੋਰਿਡਾ ਦੇ ਗਵਰਨਰ ਰੋਨ ਡੀਸੈਂਟਿਸ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੁਆਰਾ ਰਾਜ ਦੇ ਕਿਸੇ ਵੀ ਵਿਅਕਤੀ ਨੂੰ ਜਿਸ ‘ਤੇ ਮਾਸਕਿੰਗ ਅਤੇ ਸਮਾਜਿਕ ਦੂਰੀਆਂ ਜਿਹੀਆਂ ਕੋਵਿਡ -19 ਸੁਰੱਖਿਆ ਉਪਾਵਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਹੈ , ਨੂੰ ਮੁਆਫੀ ਦਿੱਤੀ ਜਾਵੇਗੀ। ਡੀਸੈਂਟਿਸ ਨੇ ਇਹ ਐਲਾਨ ਦੋ ਜਿਮ ਮਾਲਕਾਂ ਦੇ ਕੇਸ ਬਾਰੇ ਵਿਚਾਰ ਵਟਾਂਦਰੇ ਦੌਰਾਨ ਕੀਤਾ, ਜਿਨ੍ਹਾਂ ਨੂੰ ਜਿੰਮ ਵਿੱਚ ਸਮਾਜਿਕ ਦੂਰੀ ਅਤੇ ਮਾਸਕ ਦੇ ਆਦੇਸ਼ਾਂ ਨੂੰ ਲਾਗੂ ਕਰਨ ਤੋਂ ਇਨਕਾਰ ਕਰਨ ਕਾਰਨ ਅਪਰਾਧਿਕ ਜ਼ੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਡੀਸੈਂਟਿਸ ਦੁਆਰਾ ਸ਼ੁੱਕਰਵਾਰ ਨੂੰ ਇੱੱਕ ਮੁਆਫੀਨਾਮੇ ‘ਤੇ ਦਸਤਖਤ ਕੀਤੇ ਜਾਣਗੇ, ਜਿਸ ਨਾਲ ਜਿਮ ਦੇ ਮਾਲਕਾਂ ਮਾਈਕ ਅਤੇ ਜਿਲਿਅਨ ਕਾਰਨੇਵਾਲ ਦੇ ਖਿਲਾਫ ਕੇਸ ਵਿੱਚ 60 ਦਿਨਾਂ ਲਈ ਦੇਰੀ ਕੀਤੀ ਜਾਵੇਗੀ ਅਤੇ ਉਸ ਸਮੇਂ ਦੌਰਾਨ, ਇੱਕ ਕਲੈਰੇਂਸੀ ਬੋਰਡ ਉਨ੍ਹਾਂ ਅਤੇ ਫਲੋਰਿਡਾ ਦੇ ਹੋਰ ਲੋਕਾਂ ਲਈ ਮੁਆਫੀ ਜਾਰੀ ਕਰਨ ਲਈ ਮੀਟਿੰਗ ਕਰੇਗਾ।ਬਰੌਵਰਡ ਕਾਉਂਟੀ ਦੇ ਸਾਬਕਾ ਜਿਮ ਮਾਲਕਾਂ ਨੂੰ ਪਿਛਲੇ ਸਾਲ ਗਰਮੀ ਵਿੱਚ ਕੋਵਿਡ -19 ਦੇ ਆਦੇਸ਼ਾਂ ਦੀ ਉਲੰਘਣਾ ਕਰਨ ਲਈ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਸਥਾਨਕ ਪੁਲਿਸ ਦੀਆਂ ਚੇਤਾਵਨੀਆਂ ਤੋਂ ਬਾਅਦ ਇਹਨਾਂ ਨੇ ਆਪਣਾ ਜਿਮ ਬੰਦ ਕਰ ਦਿੱਤਾ ਸੀ। ਇਸਦੇ ਇਲਾਵਾ ਗਵਰਨਰ ਦੀ ਇਹ ਘੋਸ਼ਣਾ ਪਿਛਲੇ ਹਫ਼ਤੇ ਰਾਜ ਦੇ ਸਾਰੇ ਸਥਾਨਕ ਕੋਵਿਡ-19 ਐਮਰਜੈਂਸੀ ਆਦੇਸ਼ਾਂ ਨੂੰ ਮੁਅੱਤਲ ਕਰਨ ਦੇ ਫੈਸਲੇ ਤੋਂ ਬਾਅਦ ਆਈ ਹੈ। ਡੀਸੈਂਟਿਸ ਅਨੁਸਾਰ ਉਨ੍ਹਾਂ ਦਾ ਪ੍ਰਸ਼ਾਸਨ ਚਾਹੁੰਦਾ ਹੈ ਕਿ ਲੋਕ “ਫਲੋਰਿਡਾ ਰਾਜ ਵਿੱਚ ਸੁਤੰਤਰ ਤੌਰ ਤੇ ਰਹਿਣ । ਇਸ ਸੂਬੇ ਦੇ ਗਵਰਨਰ ਨੇ ਮਾਰਚ ਵਿੱਚ ਵੀ ਇੱਕ ਕਾਨੂੰਨ ਵੀ ਪਾਸ ਕੀਤਾ ਸੀ ਜਿਸ ਵਿੱਚ ਕੋਵਿਡ -19 ਦੇ ਆਦੇਸ਼ਾਂ ਨੂੰ ਤੋੜਨ ਵਾਲਿਆਂ ‘ਤੇ ਜ਼ੁਰਮਾਨਾ ਮੁਆਫ ਕੀਤਾ ਗਿਆ ਸੀ।
source https://punjabinewsonline.com/2021/05/15/%e0%a8%ab%e0%a8%b2%e0%a9%8b%e0%a8%b0%e0%a8%bf%e0%a8%a1%e0%a8%be-%e0%a8%b5%e0%a8%bf%e0%a9%b1%e0%a8%9a-%e0%a8%97%e0%a8%b5%e0%a8%b0%e0%a8%a8%e0%a8%b0-%e0%a8%a6%e0%a9%81%e0%a8%86%e0%a8%b0%e0%a8%be/