Finance Ministry Considers: ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਆਮ ਆਦਮੀ ਦੀ ਜੇਬ ਢਿੱਲੀ ਹੋ ਰਹੀ ਹੈ । ਪਿਛਲੇ ਤਿੰਨ ਦਿਨਾਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਆਇਆ ਹੈ, ਪਰ ਅਸਮਾਨ ਤੱਕ ਪਹੁੰਚੀਆਂ ਕੀਮਤਾਂ ਦਾ ਪ੍ਰਭਾਵ ਦਿਖਣਾ ਸ਼ੁਰੂ ਹੋ ਗਿਆ ਹੈ। ਇਸ ਵਿਚਾਲੇ ਖਬਰਾਂ ਆ ਰਹੀਆਂ ਹਨ ਕਿ ਵਿੱਤ ਮੰਤਰਾਲਾ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਐਕਸਾਈਜ਼ ਡਿਊਟੀ ਘਟਾਉਣ ‘ਤੇ ਵਿਚਾਰ ਕਰ ਰਿਹਾ ਹੈ । ਪਿਛਲੇ 10 ਮਹੀਨਿਆਂ ਵਿੱਚ ਕੱਚੇ ਤੇਲ ਦੀ ਕੀਮਤ ਦੁੱਗਣੀ ਹੋ ਗਈ ਹੈ, ਜਿਸ ਦੀ ਮਾਰ ਆਮ ਆਦਮੀ ‘ਤੇ ਪਈ ਹੈ। ਪਰ ਹੁਣ ਪੈਟਰੋਲ ਅਤੇ ਡੀਜ਼ਲ ‘ਤੇ 60% ਟੈਕਸ ਲਗਾਇਆ ਜਾਂਦਾ ਹੈ, ਜਿਸ ਕਾਰਨ ਤੇਲ ਇੰਨਾ ਮਹਿੰਗਾ ਹੋ ਗਿਆ ਹੈ।
ਦੱਸ ਦੇਈਏ ਕਿ ਕੋਰੋਨਾ ਯੁੱਗ ਵਿਚ ਦੇਸ਼ ਦੀ ਆਰਥਿਕਤਾ ਪ੍ਰਭਾਵਿਤ ਹੋਈ ਸੀ ਤਾਂ ਇਸਦਾ ਅਸਰ ਤੇਲ ਦੀਆਂ ਕੀਮਤਾਂ ‘ਤੇ ਪਿਆ। ਪਿਛਲੇ ਇੱਕ ਸਾਲ ਵਿੱਚ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ‘ਤੇ ਟੈਕਸ ਦੁੱਗਣਾ ਕਰ ਦਿੱਤਾ। ਕੋਰੋਨਾ ਕਾਲ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਬਹੁਤ ਘੱਟ ਸਨ, ਪਰ ਇਸ ਦਾ ਲਾਭ ਆਮ ਆਦਮੀ ਤੱਕ ਨਹੀਂ ਪਹੁੰਚਿਆ। ਦੱਸਿਆ ਜਾ ਰਿਹਾ ਹੈ ਕਿ ਵਿੱਤ ਮੰਤਰਾਲਾ ਹੁਣ ਤੇਲ ਦੀਆਂ ਕੀਮਤਾਂ ‘ਤੇ ਟੈਕਸ ਘਟਾਉਣ ‘ਤੇ ਵਿਚਾਰ ਕਰ ਰਿਹਾ ਹੈ। ਵਿੱਤ ਮੰਤਰਾਲੇ ਨੇ ਇਸ ਬਾਰੇ ਕੁਝ ਰਾਜਾਂ, ਤੇਲ ਕੰਪਨੀਆਂ ਅਤੇ ਪੈਟਰੋਲੀਅਮ ਮੰਤਰਾਲੇ ਨਾਲ ਗੱਲਬਾਤ ਕੀਤੀ ਹੈ। ਸੂਤਰਾਂ ਅਨੁਸਾਰ ਵਿੱਤ ਮੰਤਰਾਲਾ ਇਕ ਅਜਿਹਾ ਰਸਤਾ ਲੱਭਣਾ ਚਾਹੁੰਦਾ ਹੈ ਜਿਸ ਨਾਲ ਸਰਕਾਰ ਦੀ ਆਮਦਨੀ ਪ੍ਰਭਾਵਿਤ ਨਾ ਹੋਵੇ ਅਤੇ ਆਮ ਲੋਕਾਂ ਨੂੰ ਰਾਹਤ ਵੀ ਮਿਲ ਸਕੇ।
ਸੂਤਰਾਂ ਅਨੁਸਾਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਸਥਿਰ ਰੱਖਣ ‘ਤੇ ਵਿਚਾਰ ਕੀਤਾ ਜਾ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਸਰਕਾਰ ਅਜਿਹੇ ਹੱਲ ‘ਤੇ ਵਿਚਾਰ ਕਰ ਰਹੀ ਹੈ ਜਿਸ ਨਾਲ ਕੀਮਤਾਂ ਨੂੰ ਸਥਿਰ ਰੱਖਿਆ ਜਾ ਸਕੇ । ਇਸ ਦਾ ਫੈਸਲਾ 15 ਮਾਰਚ ਤੱਕ ਕੀਤਾ ਜਾ ਸਕਦਾ ਹੈ। ਟੈਕਸ ਘਟਾਉਣ ਤੋਂ ਪਹਿਲਾਂ ਸਰਕਾਰ ਕੀਮਤਾਂ ਨੂੰ ਸਥਿਰ ਕਰਨਾ ਚਾਹੁੰਦੀ ਹੈ, ਤਾਂ ਜੋ ਭਵਿੱਖ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਧਣ ਨਾਲ ਟੈਕਸ ਢਾਂਚੇ ਨੂੰ ਬਦਲਣਾ ਨਹੀਂ ਪਵੇਗਾ। ਹਾਲ ਹੀ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ, “ਮੈਂ ਇਹ ਨਹੀਂ ਕਹਿ ਸਕਦੀ ਕਿ ਬਾਲਣ ‘ਤੇ ਟੈਕਸ ਕਦੋਂ ਘਟੇਗਾ । ਪਰ ਰਾਜਾਂ ਅਤੇ ਸਰਕਾਰ ਨੂੰ ਟੈਕਸ ਘਟਾਉਣ ਲਈ ਆਪਸ ਵਿੱਚ ਗੱਲਬਾਤ ਕਰਨੀ ਪਵੇਗੀ।”
ਦੱਸ ਦੇਈਏ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਲਗਾਤਾਰ ਤੀਜੇ ਦਿਨ ਕੋਈ ਬਦਲਾਅ ਨਹੀਂ ਹੋਇਆ ਹੈ । ਪੈਟਰੋਲ ਅਤੇ ਡੀਜ਼ਲ ਇਸ ਸਮੇਂ ਰਾਜਧਾਨੀ ਦਿੱਲੀ ਅਤੇ ਮੁੰਬਈ ਵਿੱਚ ਆਪਣੇ ਉੱਚ ਪੱਧਰ ‘ਤੇ ਹਨ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 91.17 ਰੁਪਏ ਤੇ ਡੀਜ਼ਲ ਦੀ ਕੀਮਤ 81.47 ਰੁਪਏ ‘ਤੇ ਪਹੁੰਚ ਗਈ ਹੈ । ਇਸ ਦੇ ਨਾਲ ਹੀ ਮੁੰਬਈ ਵਿੱਚ ਪੈਟਰੋਲ ਦੀ ਕੀਮਤ 97.57 ਰੁਪਏ ਅਤੇ ਡੀਜ਼ਲ ਦੀ ਕੀਮਤ 88.60 ਰੁਪਏ ਪ੍ਰਤੀ ਲੀਟਰ ‘ਤੇ ਪਹੁੰਚ ਗਈ ਹੈ।
The post ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਤੇ 15 ਮਾਰਚ ਤੱਕ ਕੀਤਾ ਜਾ ਸਕਦੈ ਇਹ ਵੱਡਾ ਐਲਾਨ appeared first on Daily Post Punjabi.