ਦੇਸ਼ ਭਰ ’ਚ ਬੀਤੇ ਚੌਵੀ ਘੰਟਿਆਂ ਦੌਰਾਨ ਹੋਈਆਂ ਸਭ ਤੋਂ ਵੱਧ 2,812 ਮੌਤਾਂ
ਭਾਰਤ ਦੀ ਕੇਂਦਰ ਸਰਕਾਰ ਨੇ ਕਵਿਡ-19 ਦੀ ਦੂਜੀ ਲਹਿਰ ਨੂੰ ਲੈ ਕੇ ਕਿਹਾ ਹੈ ਕਿ ਹੁਣ ਵੇਲਾ ਆ ਗਿਆ ਹੈ ਕਿ ਘਰ ਵਿੱਚ ਵੀ ਮਾਸਕ ਪਹਿਨਣੇ ਸ਼ੁਰੂ ਕਰ ਦੇਣੇ ਚਾਹੀਦੇ ਹਨ। ਨੀਤੀ ਆਯੋਗ ਦੇ ਮੈਂਬਰ (ਸਿਹਤ) ਵੀਕੇ ਪੌਲ ਨੇ ਕਿਹਾ, “ਲੋਕਾਂ ਹੁਣ ਆਪਣੇ ਘਰਾਂ ਵਿੱਚ ਵੀ ਮਾਸਕ ਪਹਿਨ ਕੇ ਰਹਿਣਾ ਚਾਹੀਦਾ ਹੈ।” ਸਰਕਾਰ ਦਾ ਇਹ ਬਿਆਨ ਉਸ ਵੇਲੇ ਆਇਆ ਜਦੋਂ ਦੇਸ਼ ਕੋਰੋਨਾਵਾਇਰਸ ਦੀ ਦੂਜੀ ਮਾਰੂ ਲਹਿਰ ਦੀ ਮਾਰ ਝੱਲ ਰਿਹਾ ਹੈ ਅਤੇ ਪੂਰੇ ਦੇਸ਼ ਵਿੱਚ ਵਧਦੇ ਲਾਗ ਦੇ ਮਾਮਲਿਆਂ ਵਿਚਾਲੇ ਹਸਪਤਾਲ ਆਕਜੀਸਨ ਦੀ ਕਮੀ ਨਾਲ ਜੂਝ ਰਹੇ ਹਨ।
ਭਾਰਤ ਵਿਚ ਪਿਛਲੇ 24 ਘੰਟਿਆਂ ‘ਚ ਕਰੋਨਾਵਾਇਰਸ ਦੇ ਇਕ ਦਿਨ ਵਿਚ ਸਭ ਤੋਂ ਵੱਧ 3,52,991 ਨਵੇਂ ਕੇਸ ਸਾਹਮਣੇ ਆਏ ਹਨ। ਅੱਜ ਇਕ ਦਿਨ ਵਿਚ ਸਾਹਮਣੇ ਆਏ ਨਵੇਂ ਕੇਸਾਂ ਦੇ ਐਨੇ ਵੱਡੇ ਅੰਕੜੇ ਨਾਲ ਦੇਸ਼ ਵਿਚ ਕੋਵਿਡ-19 ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 1,73,13,163 ’ਤੇ ਪਹੁੰਚ ਗਈ ਹੈ ਜਦਕਿ ਐਕਟਿਵ ਕੇਸਾਂ ਦੀ ਗਿਣਤੀ 28 ਲੱਖ ਤੋਂ ਪਾਰ ਪਹੁੰਚ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਹੋਈਆਂ ਰਿਕਾਰਡ 2,812 ਨਵੀਆਂ ਮੌਤਾਂ ਨਾਲ ਮਹਾਮਾਰੀ ਕਾਰਨ ਹੋਣ ਵਾਲੀਆਂ ਕੁੱਲ ਮੌਤਾਂ ਦੀ ਗਿਣਤੀ ਵਧ ਕੇ 1,95,123 ’ਤੇ ਪਹੁੰਚ ਗਈ ਹੈ। ਮਹਾਮਾਰੀ ਦੇ ਕੇਸਾਂ ਵਿਚ ਲਗਾਤਾਰ ਹੋ ਰਹੇ ਵਾਧੇ ਕਾਰਨ ਐਕਟਿਵ ਕੇਸਾਂ ਦੀ ਗਿਣਤੀ ਵਧ ਕੇ 28,13,658 ਹੋ ਗਈ ਹੈ ਜੋ ਕਿ ਕੁੱਲ ਕੇਸਾਂ ਦਾ 16।25 ਫ਼ੀਸਦ ਹੈ, ਹਾਲਾਂਕ ਦੇਸ਼ ਵਿਚ ਕੋਵਿਡ-19 ਤੋਂ ਉੱਭਰ ਕੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ ਘਟ ਕੇ 82.62 ਫ਼ੀਸਦ ਰਹਿ ਗਈ ਹੈ। ਇਸ ਮਹਾਮਾਰੀ ਤੋਂ ਉੱਭਰ ਕੇ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 1,43,04,382 ਹੈ। ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਦੀ ਦਰ 1.13 ਫ਼ੀਸਦ ਹੈ।ਪਿਛਲੇ 24 ਘੰਟਿਆਂ ਵਿਚ ਦੇਸ਼ ਭਰ ਵਿਚ ਹੋਈਆਂ 2,812 ਮੌਤਾਂ ਵਿਚੋਂ ਸਭ ਤੋਂ ਵੱਧ 832 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਦਿੱਲੀ ਵਿਚ 350, ਉੱਤਰ ਪ੍ਰਦੇਸ਼ ’ਚ 206, ਛੱਤੀਸਗੜ੍ਹ ’ਚ 199, ਗੁਜਰਾਤ ’ਚ 157, ਕਰਨਾਟਕ ’ਚ 143 ਅਤੇ ਝਾਰਖੰਡ ’ਚ 103 ਮੌਤਾਂ ਹੋਈਆਂ ਹਨ। ਹੁਣ ਤੱਕ ਦੇਸ਼ ਭਰ ਵਿਚ ਕਰੋਨਾ ਕਾਰਨ ਹੋਈਆਂ ਕੁੱਲ 1,95,123 ਮੌਤਾਂ ’ਚੋਂ ਸਭ ਤੋਂ ਵੱਧ 64,760 ਮੌਤਾਂ ਇਕੱਲੇ ਮਹਾਰਾਸ਼ਟਰ ’ਚ ਹੋਈਆਂ ਹਨ। ਉਸ ਤੋਂ ਬਾਅਦ ਕਰਨਾਟਕ ’ਚ 14426, ਦਿੱਲੀ ’ਚ 14248, ਤਾਮਿਲਨਾਡੂ ’ਚ 13557, ਉੱਤਰ ਪ੍ਰਦੇਸ਼ ਵਿਚ 11165, ਪੱਛਮੀ ਬੰਗਾਲ ’ਚ 10941, ਪੰਜਾਬ ’ਚ 8432 ਅਤੇ ਆਂਧਰਾ ਪ੍ਰਦੇਸ਼ ’ਚ 7685 ਮੌਤਾਂ ਹੋਈਆਂ ਹਨ।
source https://punjabinewsonline.com/2021/04/27/%e0%a8%b9%e0%a9%81%e0%a8%a3-%e0%a8%98%e0%a8%b0%e0%a8%be%e0%a8%82-%e0%a8%9a-%e0%a8%b5%e0%a9%80-%e0%a8%ae%e0%a8%be%e0%a8%b8%e0%a8%95-%e0%a8%aa%e0%a8%be-%e0%a8%95%e0%a9%87-%e0%a8%b0%e0%a9%b1%e0%a8%96/