ਪੰਜਾਬ ਪੁਲਿਸ ਦੀ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਜ਼ੀਰੋ-ਟੌਲਰੈਂਸ ਨੀਤੀ ਦੇ ਤਹਿਤ ਪਟਿਆਲਾ ਪੁਲਿਸ ਨੇ ਇੱਕ ਬਦਨਾਮ ਗੈਂਗ ਨਾਲ ਜੁੜੇ ਸ਼ੂਟਰ ਦਾ ਐਨਕਾਊਂਟਰ ਕੀਤਾ। ਦੋਸ਼ੀ ਜਵਾਬੀ ਫਾਇਰਿੰਗ ਵਿਚ ਜਖਮੀ ਹੋ ਗਿਆ। ਘਟਨਾ ਤੋਂ ਬਾਅਦ SSP ਪਟਿਆਲਾ ਮੌਕੇ ‘ਤੇ ਪਹੁੰਚੇ ਅਤੇ ਹਾਲਾਤ ਦ ਜਾਇਜਾ ਲਿਆ।
ਪੁਲਿਸ ਨੇ ਦੱਸਿਆ ਕਿ ਸੀਆਈਏ ਪਟਿਆਲਾ ਦੇ ਐਸਪੀ-ਡੀ ਇੰਚਾਰਜ ਗੁਰਬੰਤ ਸਿੰਘ ਬੈਂਸ, ਸੀਆਈਏ ਸਮਾਣਾ ਦੇ ਇੰਚਾਰਜ ਇੰਸਪੈਕਟਰ ਪ੍ਰਦੀਪ ਬਾਜਵਾ ਅਤੇ ਸੀਆਈਏ ਰਾਜਪੁਰਾ ਦੀਆਂ ਟੀਮਾਂ ਨੇ ਸਾਂਝੇ ਤੌਰ ‘ਤੇ ਦੋ ਗੰਭੀਰ ਮਾਮਲਿਆਂ ਦੀ ਜਾਂਚ ਕੀਤੀ।
ਪਹਿਲਾ ਰਾਜਪੁਰਾ ਵਿੱਚ “ਭਰਾਵਾਂ ਦਾ ਢਾਬਾ” ਦੇ ਮਾਲਕ ‘ਤੇ ਫਾਇਰਿੰਗ ਦਾ ਸੀ, ਜਿਥੇ ਲੱਕੀ ਗੈਂਗਸਟਰ ਵੱਲੋਂ ਵੱਡੀ ਰਕਮ ਦੀ ਫਿਰੌਤੀ ਮੰਗੀ ਗਈ ਸੀ। ਦੂਜਾ ਮਾਮਲਾ ਪਾਤੜਾਂ ਵਿਚ ਇੱਕ ਐਨਆਰਆਈ ਪਰਿਵਾਰ ਦੇ ਫਾਰਮ ਹਾਊਸ ‘ਤੇ ਗੋਲੀਬਾਰੀ ਅਤੇ ਉਨ੍ਹਾਂ ਤੋਂ ਫਿਰੌਤੀ ਮੰਗਣਾ ਸ਼ਾਮਲ ਸੀ। ਦੋਵਾਂ ਘਟਨਾਵਾਂ ਤੋਂ ਬਾਅਦ ਪੁਲਿਸ ਟੀਮਾਂ ਮੁਲਜ਼ਮਾਂ ਦੀ ਸਰਗਰਮੀ ਨਾਲ ਭਾਲ ਕਰ ਰਹੀਆਂ ਸਨ।
ਅੱਜ, ਪੁਲਿਸ ਟੀਮਾਂ ਨੂੰ ਸੂਚਨਾ ਮਿਲੀ ਕਿ ਮਨਪ੍ਰੀਤ ਸਿੰਘ ਉਰਫ ਮੰਨਾ, ਨਿਵਾਸੀ ਕੋਟ ਈਸੇ ਖਾਂ, ਮੋਗਾ ਇਸ ਇਲਾਕੇ ਵਿਚ ਮੌਜੂਦ ਹੈ। ਜਦੋਂ ਪੁਲਿਸ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਸ਼ੀ ਨੇ ਪੁਲਿਸ ਪਾਰਟੀ ‘ਤੇ ਦੋ ਤੋਂ ਤਿੰਨ ਗੋਲੀਆਂ ਚਲਾਈਆਂ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਦੋਸ਼ੀ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਇਲਾਜ ਲਈ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਖੁਸ਼ਕਿਸਮਤੀ ਨਾਲ ਐਨਕਾਊਂਟਰ ਵਿੱਚ ਕੋਈ ਵੀ ਪੁਲਿਸ ਕਰਮਚਾਰੀ ਜ਼ਖਮੀ ਨਹੀਂ ਹੋਇਆ।

ਪੁਲਿਸ ਨੇ ਮੌਕੇ ‘ਤੇ ਦੋਸ਼ੀ ਤੋਂ ਇੱਕ ਪਿਸਤੌਲ ਬਰਾਮਦ ਕੀਤਾ। ਅਪਰਾਧਾਂ ਵਿੱਚ ਵਰਤਿਆ ਗਿਆ ਇੱਕ ਚੋਰੀ ਹੋਇਆ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਵਿਰੁੱਧ ਪਹਿਲਾਂ ਹੀ ਤਿੰਨ ਤੋਂ ਚਾਰ ਅਪਰਾਧਿਕ ਮਾਮਲੇ ਦਰਜ ਹਨ। ਪੁਲਿਸ ਮੁਤਾਬਕ ਜ਼ਖਮੀ ਦੋਸ਼ੀ ਵਿਦੇਸ਼ ਵਿੱਚ ਰਹਿਣ ਵਾਲੇ ਗੈਂਗਸਟਰ ਦੇ ਇਸ਼ਾਰੇ ‘ਤੇ ਇਨ੍ਹਾਂ ਦੋ ਅਪਰਾਧਾਂ ਨੂੰ ਅੰਜਾਮ ਦੇ ਰਿਹਾ ਸੀ। ਪੀੜਤਾਂ ਨੂੰ ਵਿਦੇਸ਼ਾਂ ਤੋਂ ਫਿਰੌਤੀ ਦੇ ਕਾਲ ਕੀਤੇ ਗਏ ਸਨ, ਜਿਨ੍ਹਾਂ ਨੂੰ ਪੁਲਿਸ ਨੇ ਆਪਣੇ ਤਕਨੀਕੀ ਸਿਸਟਮ ਰਾਹੀਂ ਟਰੇਸ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਵਾਂ ਮਾਮਲਿਆਂ ਵਿੱਚ ਦੋ ਦੋਸ਼ੀ ਸ਼ਾਮਲ ਸਨ। ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂਕਿ ਦੂਜੇ ਨੂੰ ਫੜਨ ਲਈ ਛਾਪੇਮਾਰੀ ਜਾਰੀ ਹੈ। ਬਾਕੀ ਗਿਰੋਹ ਦੇ ਮੈਂਬਰਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਜਵਾਨ ਇੰਸਟਾਗ੍ਰਾਮ ‘ਤੇ ਨਹੀਂ ਕਰ ਸਕਣਗੇ ਪੋਸਟ… ਭਾਰਤੀ ਫੌਜ ਨੇ ਬਦਲੀ ਸੋਸ਼ਲ ਮੀਡੀਆ ਪਾਲਿਸੀ
ਪਟਿਆਲਾ ਪੁਲਿਸ ਨੇ ਕਾਰੋਬਾਰਾਂ ਅਤੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਫਿਰੌਤੀ ਦੀਆਂ ਕਾਲਾਂ ਦੀ ਤੁਰੰਤ ਰਿਪੋਰਟ ਕਰਨ। ਪੁਲਿਸ ਕੋਲ ਅਜਿਹੇ ਮਾਮਲਿਆਂ ਦਾ ਪਤਾ ਲਗਾਉਣ ਲਈ ਇੱਕ ਮਜ਼ਬੂਤ ਤਕਨੀਕੀ ਪ੍ਰਣਾਲੀ ਹੈ ਅਤੇ ਉਹ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰੇਗੀ।
ਵੀਡੀਓ ਲਈ ਕਲਿੱਕ ਕਰੋ -:
The post ਨਾਮੀ ਗੈਂਗ ਨਾਲ ਜੁੜੇ ਬਦਮਾਸ਼ ਦਾ ਪਟਿਆਲਾ ਪੁਲਿਸ ਵੱਲੋਂ ਐਨਕਾਊਂਟਰ, ਕਈ ਮਾਮਲਿਆਂ ‘ਚ ਸੀ ਭਾਲ appeared first on Daily Post Punjabi.

