ਪੰਜਾਬ ‘ਚ ਹੱਡ ਕੰਬਾਊ ਠੰਢ, 8 ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ, 3 ਦਿਨ ਅਲਰਟ, ਪਏਗੀ ਧੁੰਦ

ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਲਈ ਪੰਜਾਬ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਕਈ ਇਲਾਕਿਆਂ ਵਿੱਚ ਧੁੰਦ ਦੀ ਵੀ ਸੰਭਾਵਨਾ ਹੈ।

ਪਿਛਲੇ 24 ਘੰਟਿਆਂ ਵਿੱਚ ਰਾਜ ਦਾ ਘੱਟੋ-ਘੱਟ ਤਾਪਮਾਨ 0.6 ਡਿਗਰੀ ਸੈਲਸੀਅਸ ਵਧਿਆ ਹੈ, ਜਿਸ ਨਾਲ ਤਾਪਮਾਨ ਆਮ ਦੇ ਨੇੜੇ ਆ ਗਿਆ ਹੈ। ਪਠਾਨਕੋਟ ਅਤੇ ਬਠਿੰਡਾ ਸਭ ਤੋਂ ਠੰਢੇ ਰਹੇ, ਜਿਥੇ ਘੱਟੋ-ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਸੀ। ਇਸ ਵੇਲੇ ਮੀਂਹ ਦੀ ਕੋਈ ਚੇਤਾਵਨੀ ਨਹੀਂ ਹੈ।

ਮੌਸਮ ਵਿਭਾਗ ਮੁਤਾਬਕ ਅੱਜ ਰਾਜ ਭਰ ਵਿੱਚ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਮੁਤਾਬਕ 8 ਜਿਲ੍ਹਿਆਂ ਜਲੰਧਰ, ਫਿਰੋਜਪੁਰ, ਮੋਗਾ, ਫਰੀਦਕੋਟ, ਮੁਕਤਸਰ, ਫਾਜਿਲਕਾ, ਬਠਿੰਡਾ ਤੇ ਮਾਨਸਾ ਵਿਚ ਸੀਤ ਲਹਿਰ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਹੋਰ ਘਟ ਸਕਦਾ ਹੈ। ਉੱਤਰੀ ਪਾਕਿਸਤਾਨ ਵਿੱਚ ਲਗਭਗ 3 ਕਿਲੋਮੀਟਰ ਦੀ ਉਚਾਈ ‘ਤੇ ਇੱਕ ਪੱਛਮੀ ਗੜਬੜ ਸਰਗਰਮ ਹੈ।

ਹਰਿਆਣਾ ਉੱਤੇ ਬਣਿਆ ਇੱਕ ਹੋਰ ਸਿਸਟਮ ਵੀ ਇਸੇ ਵਿੱਚ ਰਲ ਗਿਆ ਹੈ। ਇਸ ਤੋਂ ਇਲਾਵਾ, ਹਰਿਆਣਾ ਦੇ ਆਲੇ-ਦੁਆਲੇ ਦੀ ਹੇਠਲੀ ਹਵਾ ਵਿੱਚ ਇੱਕ ਹਲਕਾ ਚੱਕਰਵਾਤੀ ਸਰਕੂਲੇਸ਼ਨ ਵੀ ਮੌਜੂਦ ਹੈ। 5 ਦਸੰਬਰ ਤੋਂ ਇੱਕ ਨਵੀਂ, ਪਰ ਕਮਜ਼ੋਰ ਪੱਛਮੀ ਗੜਬੜ ਪੱਛਮੀ ਹਿਮਾਲਿਆਈ ਖੇਤਰਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।

ਸੋਮਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਤੇਜ਼ ਧੁੱਪ ਨੇ ਠੰਢ ਤੋਂ ਕੁਝ ਰਾਹਤ ਦਿੱਤੀ। ਇਸ ਦੇ ਬਾਵਜੂਦ ਦਿਨ ਦਾ ਤਾਪਮਾਨ 0.3 ਡਿਗਰੀ ਘੱਟ ਗਿਆ, ਜੋ ਕਿ ਆਮ ਨਾਲੋਂ 1.9 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਬਠਿੰਡਾ ਵਿੱਚ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਫਾਜ਼ਿਲਕਾ ਵਿੱਚ ਵੱਧ ਤੋਂ ਵੱਧ ਤਾਪਮਾਨ 24.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਆਉਣ ਵਾਲੇ ਹਫ਼ਤੇ ਵਿਚ ਮੌਸਮ
ਅਗਲੇ 7 ਦਿਨਾਂ ਲਈ ਮੌਸਮ ਆਮ ਤੌਰ ‘ਤੇ ਖੁਸ਼ਕ ਰਹੇਗਾ। ਕਈ ਇਲਾਕਿਆਂ ਵਿੱਚ ਸਵੇਰੇ ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਸੰਭਾਵਨਾ ਹੈ। ਅਗਲੇ 3 ਦਿਨਾਂ ਵਿੱਚ ਰਾਤ ਦੇ ਤਾਪਮਾਨ ਵਿੱਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਉਣ ਦੀ ਉਮੀਦ ਹੈ, ਜਿਸ ਨਾਲ ਠੰਢ ਹੋਰ ਵਧੇਗੀ।

The post ਪੰਜਾਬ ‘ਚ ਹੱਡ ਕੰਬਾਊ ਠੰਢ, 8 ਜ਼ਿਲ੍ਹੇ ਸੀਤ ਲਹਿਰ ਦੀ ਲਪੇਟ ‘ਚ, 3 ਦਿਨ ਅਲਰਟ, ਪਏਗੀ ਧੁੰਦ appeared first on Daily Post Punjabi.



Previous Post Next Post

Contact Form