‘ਆਮ ਆਦਮੀ ਪਾਰਟੀ ਸਰਕਾਰ ਵ੍ਹਾਈਟ ਪੇਪਰ ਕਰੇ ਜਾਰੀ’- ਬੁਢਲਾਡਾ ‘ਚ ਬੋਲੇ ਹਰਸਿਮਰਤ ਬਾਦਲ

ਬੁਢਲਾਡਾ- ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਰਜੇ ਦੇ ਮੁੱਦੇ ‘ਤੇ ਘੇਰਦੇ ਹੋਏ ਵ੍ਹਾਈਟ ਪੇਪਰ ਜਾਰੀ ਕਰਨ ਦੀ ਮੰਗ ਕੀਤੀ। ਇਹ ਸ਼ਬਦ ਬੀਬਾ ਬਾਦਲ ਨੇ ਹਲਕਾ ਬੁਢਲਾਡਾ ਅੰਦਰ ਪਾਰਟੀ ਦੇ ਦਫਤਰ ਦਾ ਉਦਘਾਟਨ ਕਰਨ ਸਮੇਂ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਹੇ।

ਬੀਬਾ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਚੁੱਪ-ਚਪੀਤੇ ਗੁਪਤ ਰੂਪ ਵਿੱਚ ਅਗਲੇ ਤਿੰਨ ਮਹੀਨਿਆਂ ਦੇ ਅੰਦਰ 5 ਹਜਾਰ 93 ਕਰੋੜ ਰੁਪਏ ਦਾ ਹੋਰ ਕਰਜਾ ਲੈਣ ਜਾ ਰਹੀ ਹੈ ਅਤੇ ਇਸ ਲਈ ਤਿਆਰੀਆਂ ਵੀ ਕੀਤੀਆਂ ਜਾ ਚੁੱਕੀਆਂ ਹਨ। ਬੀਬਾ ਨੇ ਕਿਹਾ ਕਿ ਅੱਜ ਪੰਜਾਬ ਦੀ ਵਿੱਤੀ ਸਥਿਤੀ ਇੰਨੀ ਵਿਗੜ ਚੁੱਕੀ ਹੈ ਕਿ ਸਰਕਾਰ ਪੁਰਾਣਾ ਕਰਜਾ ਚੁਕਾਉਣ ਲਈ ਨਵੇਂ ਕਰਜੇ ਲੈ ਰਹੀ ਹੈ ਅਤੇ ਸਰਕਾਰੀ ਜਾਇਦਾਦਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਸਰਕਾਰ ਦੇ ਇਸ ਇਰਾਦੇ ਨੂੰ ਕਿਸੇ ਵੀ ਹਾਲਤ ਵਿੱਚ ਸਫਲ ਨਹੀਂ ਹੋਣ ਦੇਵੇਗੀ।

ਉਹਨਾਂ ਆਪਣੇ ਸੰਬੋਧਨ ਵਿੱਚ ਬੋਲਦਿਆਂ ਕਿਹਾ ਕਿ ਪੰਜਾਬ ਅੰਦਰ ਅਮਨ ਕਾਨੂੰਨ ਦੀ ਹਾਲਤ ਬਦਤਰ ਹੈ, ਬਰਨਾਲੇ ਲਾਗਲੇ ਪਿੰਡ ਦੇ ਸਰਪੰਚ ਦੀ ਦਿਨ-ਦਿਹਾੜੇ ਹੱਤਿਆ ਇਸ ਦਾ ਵੱਡਾ ਸਬੂਤ ਹੈ।

ਇਸ ਮੌਕੇ ਉਨਾਂ ਅੱਜ ਦੇ ਇਸ ਦਫਤਰੀ ਉਦਘਾਟਨ ਮੌਕੇ ਕਿਹਾ ਕਿ ਇਹ ਦਫਤਰ ਹਲਕੇ ਦੇ ਲੋਕਾਂ ਲਈ ਖੋਲ੍ਹਿਆ ਗਿਆ ਹੈ ਜਿੱਥੇ 24 ਘੰਟੇ ਸੀਨੀਅਰ ਅਕਾਲੀ ਵਰਕਰਾਂ ਵੱਲੋਂ ਹਲਕੇ ਵਿੱਚੋਂ ਆਏ ਲੋਕਾਂ ਦੇ ਕੰਮ ਧੰਦੇ ਕੀਤੇ ਜਾਣਗੇ ਅਤੇ ਪਾਰਟੀ ਦੀਆਂ ਗਤੀਵਿਧੀਆਂ ਸਬੰਧੀ ਵੀ ਅਗਾਊਂ ਜਾਣਕਾਰੀ ਦਿੱਤੀ ਜਾਵੇਗੀ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਨੂੰ ਵੱਡੇ ਬਹੁਮਤ ਨਾਲ ਜਿਤਾ ਕੇ ਪੰਜਾਬ ਅਤੇ ਪੰਜਾਬੀਅਤ ਦੀ ਪਾਰਟੀ ਨੂੰ ਪੰਜਾਬ ਦੀ ਸੇਵਾ ਲਈ ਅੱਗੇ ਲਿਆਂਦਾ ਜਾਵੇ।

ਇਹ ਵੀ ਪੜ੍ਹੋ : ਸੋਨੂੰ ਸੂਦ ਨੇ ਮੋਗਾ ਦੀ ਵਾਇਰਲ ਗਰਲ ਪਰਮ ਨਾਲ ਕੀਤੀ ਗੱਲ, ਮੁੰਬਈ ਆਉਣ ਦਾ ਦਿੱਤਾ ਸੱਦਾ

ਇਸ ਮੌਕੇ ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ, ਤਾਰਾ ਸਿੰਘ ਬਿਰਦੀ, ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੀਰਾ, ਗੁਰਦੀਪ ਸਿੰਘ ਟੋਡਰਪੁਰ, ਬਲਮ ਸਿੰਘ ਕਲੀਪੁਰ ,ਹਰਮੇਲ ਸਿੰਘ ਕਲੀਪੁਰ, ਸੁਖਵਿੰਦਰ ਕੌਰ, ਮੇਜਰ ਸਿੰਘ, ਦਿਲਬਾਗ ਸਿੰਘ, ਰੂਪ ਸਿੰਘ ,ਮਨਜੀਤ ਸਿੰਘ, ਬਹੁਤ ਵੱਡੀ ਗਿਣਤੀ ਵਿੱਚ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ।

ਵੀਡੀਓ ਲਈ ਕਲਿੱਕ ਕਰੋ -:

The post ‘ਆਮ ਆਦਮੀ ਪਾਰਟੀ ਸਰਕਾਰ ਵ੍ਹਾਈਟ ਪੇਪਰ ਕਰੇ ਜਾਰੀ’- ਬੁਢਲਾਡਾ ‘ਚ ਬੋਲੇ ਹਰਸਿਮਰਤ ਬਾਦਲ appeared first on Daily Post Punjabi.



Previous Post Next Post

Contact Form