ਬਰਨਾਲਾ ਵਿੱਚ ਦੁਸਹਿਰੇ ਵਾਲੀ ਰਾਤ ਹੋਏ ਇੱਕ ਕਤਲ ਨੂੰ ਬਰਨਾਲਾ ਪੁਲਿਸ ਨੇ ਦੋ ਦਿਨਾਂ ਵਿੱਚ ਸੁਲਝਾ ਲਿਆ ਹੈ। ਇਸ ਮੌਕੇ ਬਰਨਾਲੇ ਦੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਦੋਂ ਦੁਸਹਿਰੇ ਵਾਲੀ ਰਾਤ ਨੂੰ ਕਰੀਬ 9.30 ਵਜੇ ਦੋ ਗੁੱਟਾਂ ਵਿੱਚ ਆਪਸੀ ਲੜਾਈ ਹੋਈ ਸੀ, ਜਿਸ ਵਿੱਚ ਗਰਚਾ ਰੋਡ ਦੇ ਰਹਿਣ ਵਾਲੇ ਹੀਰਾ ਸਿੰਘ ਪੁੱਤਰ ਭੋਲਾ ਸਿੰਘ ਦੇ ਤੇਜ਼ਧਾਰ ਹਥਿਆਰ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਸੀ।
ਡੀਐਸਪੀ ਸਤਵੀਰ ਸਿੰਘ ਬੈਂਸ ਨੇ ਪ੍ਰੈਸ ਕਾਨਫਰੰਸ ਕਰਦੇ ਜਾਣਕਾਰੀ ਦਿੰਦੇ ਦੱਸਿਆ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਵੱਲੋਂ ਲਿਖਵਾਏ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਡੁੰਘਾਈ ਨਾਲ ਪੁਲਿਸ ਵੱਲੋਂ ਜਾਂਚ ਕੀਤੀ ਗਈ ਅਤੇ ਸੀਸੀਟੀਵੀ ਕੈਮਰੇ ਵੀ ਖੰਗਾਲਣ ਮਗਰੋਂ ਕਤਲ ਕਰਨ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨਾਂ ਦੀ ਪਛਾਣੇ ਬਰਨਾਲਾ ਦੇ ਨੇੜਲੇ ਪਿੰਡ ਸੇਖਾ ਦੇ ਕੁਲਵਿੰਦਰ ਸਿੰਘ ਕਿੰਦਾ, ਬਲਜਿੰਦਰ ਸਿੰਘ ਉਰਫ ਹਰਮਨ ਅਤੇ ਦਿਲਪ੍ਰੀਤ ਸਿੰਘ ਉਰਫ ਸੰਜੇ ਵਜੋਂ ਹੋਈ ਹੈ। ਗ੍ਰਿਫਤਾਰ ਕੀਤੇ ਗਏ ਇਹਨਾਂ ਤਿੰਨਾਂ ਨੌਜਵਾਨਾਂ ਦੀ ਉਮਰ 18 ਤੋਂ 21 ਸਾਲ ਦੇ ਵਿਚਕਾਰ ਹੈ।
ਕਤਲ ਦਾ ਕਾਰਨ ਰੰਜਿਸ਼ ਸੀ, ਜਿਸ ਕਰਕੇ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ ਸਨ। ਦੋਵੇਂ ਧਿਰਾਂ ਵਿੱਚ ਤੂੰ-ਤੂੰ ਮੈਂ-ਮੈਂ ਤੋਂ ਬਾਅਦ ਆਪਸੀ ਲੜਾਈ ਝਗੜਾ ਵੀ ਹੋਇਆ ਸੀ ਅਤੇ ਦੋਵੇਂ ਧਿਰਾਂ ਉਥੋਂ ਚਲੇ ਗਈਆਂ ਸਨ। ਦੁਸਹਿਰਾ ਖਤਮ ਹੋਣ ਤੋਂ ਬਾਅਦ ਦੋਵੇਂ ਧਿਰਾਂ ਵਿੱਚ ਦੁਬਾਰਾ ਫਿਰ ਰਾਤ ਵੇਲੇ ਲੜਾਈ-ਝਗੜਾ ਸ਼ੁਰੂ ਹੋ ਗਿਆ। ਇੱਕ ਗੁੱਟ ਨਾਲ ਸਬੰਧਿਤ ਨੌਜਵਾਨ ਦਾ ਰਿਸ਼ਤੇਦਾਰ ਹੀਰਾ ਸਿੰਘ ਵੀ ਉੱਥੇ ਮੌਜੂਦ ਸੀ। ਇਸ ਲੜਾਈ-ਝਗੜੇ ਦੌਰਾਨ ਹੀਰਾ ਸਿੰਘ ਦੀ ਬੱਖੀ ਵਿਚ ਦੂਜੀ ਧਿਰ ਵੱਲੋਂ ਤੇਜਧਾਰ ਹਥਿਆਰ ਨਾਲ ਹਮਲਾ ਕੀਤਾ ਗਿਆ, ਜਿਸ ਵਿੱਚ ਹੀਰਾ ਸਿੰਘ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਹਰਿਆਣਾ ਦੇ ADGP ਨੇ ਆਪਣੀ ਜੀਵਨ ਲੀਲਾ ਕੀਤੀ ਸਮਾਪਤ, ਘਰ ‘ਚ ਖੁਦ ਨੂੰ ਮਾਰੀ ਗੋਲੀ
ਪੁਲਿਸ ਪ੍ਰਸ਼ਾਸਨ ਵੱਲੋਂ ਦੁਸ਼ਹਿਰੇ ਮੌਕੇ ਲਾਏ ਗਏ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਡੁੰਘਾਈ ਨਾਲ ਜਾਂਚ ਤੋਂ ਬਾਅਦ ਨੇੜਲੇ ਪਿੰਡ ਸੇਖਾ ਦੇ ਰਹਿਣ ਵਾਲੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਨ੍ਹਾਂ ਦਾ ਪੁਲਿਸ ਰਿਮਾਂਡ ਲੈ ਕੇ ਜਾਂਚ ਕੀਤੀ ਜਾ ਰਹੀ ਹੈ। ਕਤਲ ਲਈ ਵਰਤਿਆ ਗਿਆ ਹਥਿਆਰ ਵੀ ਬਰਾਮਦ ਕਰਨਾ ਅਜੇ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -:
The post ਤੂੰ-ਤੂੰ ਮੈਂ-ਮੈਂ ਕਰਕੇ ਮਾਰਿਆ ਮੁੰਡਾ, ਦੁਸਹਿਰੇ ‘ਤੇ ਨੌਜਵਾਨ ਦਾ ਕਤਲ ਕਰਨ ਵਾਲੇ ਚੜ੍ਹੇ ਪੁਲਿਸ ਦੇ ਅੜਿੱਕੇ appeared first on Daily Post Punjabi.