ਰੋਪੜ ਦੇ ਇੱਕ ਜਵਾਨ ਦੀ ਕੋਲਕਾਤਾ ਵਿੱਚ ਡਿਊਟੀ ਦੌਰਾਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 70 ਇੰਜੀਨੀਅਰਿੰਗ ਰੈਜੀਮੈਂਟ ਦੇ ਹੌਲਦਾਰ ਗੁਰਦੀਪ ਸਿੰਘ ਵਜੋਂ ਹੋਈ ਹੈ। ਮੰਗਲਵਾਰ ਨੂੰ ਉਸ ਨੂੰ ਅਚਾਨਕ ਦਿਲ ਦਾ ਦੌਰਾ ਪਿਆ। ਉਸ ਦੀ ਉਮਰ 34 ਸਾਲ ਸੀ।
ਗੁਰਦੀਪ ਸਿੰਘ ਰਾਏਪੁਰ ਝੱਜ ਪਿੰਡ ਦਾ ਰਹਿਣ ਵਾਲਾ ਸੀ। ਜਵਾਨ ਆਪਣੇ ਪਿੱਛੇ ਆਪਣੀ ਪਤਨੀ ਅਤੇ ਇੱਕ ਸਾਲ ਦੀ ਧੀ ਛੱਡ ਗਿਆ ਹੈ। ਉਸ ਦਾ ਵਿਆਹ ਨੌਂ ਸਾਲ ਪਹਿਲਾਂ ਹੋਇਆ ਸੀ। ਫੌਜ ਨੇ ਬੁੱਧਵਾਰ ਨੂੰ ਪੰਚਕੂਲਾ ਦੇ ਚੰਡੀ ਮੰਦਰ ਵਿਖੇ ਰਵਾਇਤੀ ਰਸਮਾਂ ਨਿਭਾਈਆਂ। ਉਸ ਦੀ ਦੇਹ ਵੀਰਵਾਰ ਸਵੇਰੇ ਉਸ ਦੇ ਜੱਦੀ ਪਿੰਡ ਪਹੁੰਚੇਗੀ।
ਅੰਤਿਮ ਸੰਸਕਾਰ ਵੀਰਵਾਰ, 21 ਅਗਸਤ ਨੂੰ ਸਵੇਰੇ 10 ਵਜੇ ਸਰਕਾਰੀ ਅਤੇ ਫੌਜੀ ਸਨਮਾਨਾਂ ਨਾਲ ਕੀਤਾ ਜਾਵੇਗਾ। ਸੀਨੀਅਰ ਫੌਜੀ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਇਲਾਕੇ ਦੇ ਲੋਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣਗੇ। ਗੁਰਦੀਪ ਸਿੰਘ ਆਪਣੀ ਛੁੱਟੀ ਖਤਮ ਹੋਣ ਤੋਂ ਬਾਅਦ 10 ਦਿਨ ਪਹਿਲਾਂ ਹੀ ਡਿਊਟੀ ‘ਤੇ ਜੁਆਇਨ ਕੀਤਾ ਸੀ। ਇਸ ਤੋਂ ਇਲਾਵਾ ਉਸ ਦਾ ਭਰਾ ਵੀ ਫੌਜ ਵਿੱਚ ਹੈ ਅਤੇ ਇਸ ਸਮੇਂ ਉਹ ਲੇਹ ਲੱਦਾਖ ਵਿੱਚ ਤਾਇਨਾਤ ਹੈ। ਗੁਰਦੀਪ ਸਿੰਘ ਦੀ ਮੌਤ ਕਾਰਨ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ। ਪਰਿਵਾਰ ਮੁਤਾਬਕ ਉਹ ਦੇਸ਼ ਦੀ ਸੇਵਾ ਨੂੰ ਸਭ ਤੋਂ ਵੱਧ ਮੰਨਦਾ ਸੀ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਰਾਏਪੁਰ ਪਿੰਡ ਦੇ ਸਰਪੰਚ ਗੁਰਦੇਵ ਸਿੰਘ ਨੇ ਦੱਸਿਆ ਕਿ ਫੌਜੀ ਦੇ ਪਰਿਵਾਰ ਨੂੰ 19 ਅਗਸਤ ਨੂੰ ਫੌਜ ਦੇ ਅਧਿਕਾਰੀਆਂ ਦਾ ਫੋਨ ਆਇਆ ਸੀ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਹੌਲਦਾਰ ਗੁਰਦੀਪ ਸਿੰਘ ਦੀ ਫੌਜ ਵਿੱਚ ਡਿਊਟੀ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਫੌਜੀ ਦੀ ਦੇਹ ਅੱਜ ਚੰਡੀਗੜ੍ਹ ਦੇ ਚੰਡੀ ਮੰਦਰ ਲਿਆਂਦੀ ਜਾ ਰਹੀ ਹੈ, ਜਿਸ ਤੋਂ ਬਾਅਦ ਸ਼ਹੀਦ ਗੁਰਦੀਪ ਸਿੰਘ ਦਾ ਅੰਤਿਮ ਸੰਸਕਾਰ 21 ਅਗਸਤ ਨੂੰ ਸਵੇਰੇ 10 ਵਜੇ ਪਿੰਡ ਵਿੱਚ ਹੀ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
The post ਪੰਜਾਬ ਦੇ ਜਵਾਨ ਦੀ ਕੋਲਕਾਤਾ ‘ਚ ਡਿਊਟੀ ਦੌਰਾਨ ਮੌਤ, ਹਾਰਟ ਅਟੈਕ ਨਾਲ ਗਈ ਜਾਨ appeared first on Daily Post Punjabi.