ਮੋਰਿੰਡਾ : ਖੇਤੀਬਾੜੀ ਮੰਤਰੀ ਪੰਜਾਬ, ਸ. ਗੁਰਮੀਤ ਸਿੰਘ ਖੁੱਡੀਆਂ ਵੱਲੋਂ ਝੋਨੇ ਦੇ ਮੱਧਰੇਪਨ ਦੇ ਰੋਗ ਨਾਲ ਪ੍ਰਭਾਵਿਤ ਪਿੰਡ ਮੜੌਲੀਕਲਾਂ, ਕਕਰਾਲੀ ਅਤੇ ਪਪਰਾਲੀ ਦਾ ਦੌਰਾ ਕੀਤਾ ਗਿਆ ਅਤੇ ਕਿਸਾਨਾਂ ਨਾਲ ਬਿਮਾਰੀ ਸੰਬੰਧੀ ਗੱਲਬਾਤ ਕੀਤੀ। ਇਸ ਮੌਕੇ ਕੈਬਿਨੇਟ ਮੰਤਰੀ ਨੇ ਮੀਡੀਆ ਨੂੰ ਸੰਬੋਧਿਤ ਕਰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਜ਼ਿਲ੍ਹਾ ਰੂਪਨਗਰ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ‘ਤੇ ਮਧਰੇਪਨ ਦੇ ਰੋਗ ਸਬੰਧੀ ਲੱਛਣ ਦੱਸੇ ਗਏ। ਇਹ ਸੂਚਨਾ ਪ੍ਰਾਪਤ ਹੋਣ ‘ਤੇ ਕ੍ਰਿਸ਼ੀ ਵਿਗਿਆਨ ਕੇਂਦਰ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਰੂਪਨਗਰ ਦੇ ਮਾਹਰਾਂ ਵੱਲੋਂ ਸਾਂਝੇ ਤੌਰ ‘ਤੇ ਪਿੰਡ ਅਸਮਾਨਪੁਰ ਬਲਾਕ ਰੋਪੜ ਦੇ ਕਿਸਾਨ ਸ਼੍ਰੀ ਗੁਰਮੀਤ ਸਿੰਘ ਅਤੇ ਸ਼੍ਰੀ ਅਵਤਾਰ ਸਿੰਘ ਦੇ ਖੇਤਾਂ ਸਮੇਤ ਕਈ ਪਿੰਡਾਂ ਦਾ ਨਿਰੀਖਣ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਰੂਪਨਗਰ ਵਿੱਚ ਸਭ ਤੋਂ ਜ਼ਿਆਦਾ ਇਸ ਬਿਮਾਰੀ ਨਾਲ ਰਕਬਾ ਪ੍ਰਭਾਵਿਤ ਹੋਇਆ ਹੈ। ਜਿਸ ਨੂੰ ਮੌਕੇ ‘ਤੇ ਜਾਇਜ਼ਾ ਲੈਣ ਉਪਰੰਤ ਮਾਹਿਰਾਂ ਨਾਲ ਸਲਾਹ ਕਰਕੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਆਉਣ ਵਾਲੇ ਸਮੇਂ ਦੌਰਾਨ ਇਸ ਵਾਇਰਸ ‘ਤੇ ਕਾਬੂ ਪਾਇਆ ਜਾ ਸਕੇ।
ਇਸ ਸਮੇਂ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਇਸ ਸਮੇਂ ਇਹ ਬਿਮਾਰੀ ਕਾਬੂ ਹੇਠ ਹੈ ਅਤੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਲਗਾਤਾਰ ਖੇਤਾਂ ਦਾ ਦੌਰਾ ਲਾਜ਼ਮੀ ਕਰਨ ਅਤੇ ਲੋੜੀਂਦੇ ਕੀਟਨਾਸ਼ਕਾਂ ਦਾ ਪ੍ਰਬੰਧ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਮਾਹਰਾਂ ਵਲੋਂ ਪ੍ਰਭਾਵਿਤ ਖੇਤਾਂ ਦੀ ਸਮੀਖਿਆ ਕਰਦੇ ਹੋਏ ਪਾਇਆ ਗਿਆ ਕਿ ਝੋਨੇ ਦੀ ਪੀ.ਆਰ. 128 ਅਤੇ ਪੀ.ਆਰ. 131 ਕਿਸਮ ਦੀ ਖੇਤ ਵਿੱਚ ਲਵਾਈ ਉਪਰੰਤ ਫਸਲ ਦੀ ਪ੍ਰਗਤੀ ਦੇਖੀ ਗਈ, ਜਿਸ ਵਿੱਚ ਕਮੇਟੀ ਵੱਲੋਂ ਇਹ ਪਾਇਆ ਗਿਆ ਕਿ ਕੁਝ ਕੁ ਪੌਦੇ ਸਾਊਥਰਨ ਰਾਇਸ ਬਲੈਕ ਸਟ੍ਰੀਕਡ ਡਵਾਰਫ ਵਾਇਰਸ (ਐਸ ਆਰ ਬੀ ਐਸ ਡੀ ਵੀ) ਨਾਂ ਦੀ ਬਿਮਾਰੀ ਨਾਲ ਗ੍ਰਸਤ ਦੇਖੇ ਗਏ।
ਉਨ੍ਹਾਂ ਦੱਸਿਆ ਕਿ ਮਾਹਰਾਂ ਅਨੁਸਾਰ ਖੇਤ ਵਿੱਚ ਲੱਗੇ ਹੋਏ ਪੌਦਿਆਂ ਦਾ ਜੜ੍ਹਤੰਤਰ ਸਿਹਤਮੰਦ ਪੌਦਿਆਂ ਦੇ ਮੁਕਾਬਲੇ ਬਹੁਤ ਘੱਟ ਵਿਕਸਿਤ ਹੋਇਆ ਹੈ ਇਸ ਤੋਂ ਇਲਾਵਾ ਪੌਦਿਆਂ ਦੇ ਪੱਤੇ ਸੂਈਨੁਮਾ ਆਕਾਰ ਵਿੱਚ ਤਿੱਖੇ ਹਨ ਅਤੇ ਇਸ ਦੇ ਤਣਿਆਂ ਉੱਤੇ ਵੀ ਐਸਕੇਪ ਰੂਟ (ਬਚਾਊ ਜੜ੍ਹ ਤੰਤਰ) ਵਿਕਸਿਤ ਹੋਈਆਂ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਤੋਂ ਇਸ ਵਾਇਰਸ ਦੇ ਹਮਲੇ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਸਮੀਖਿਆ ਕਮੇਟੀ ਵੱਲੋਂ ਪ੍ਰਭਾਵਿਤ ਪੌਦਿਆਂ ਦੇ ਨਮੂਨੇ ਪੁਸ਼ਟੀ ਲਈ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਭੇਜੇ ਗਏ ਸਨ। ਅਧਿਕਾਰੀਆਂ ਵੱਲੋਂ ਜਿ਼ਲ੍ਹੇ ਦੇ਼ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਰੋਜ਼ਾਨਾ ਆਪਣੇ-ਆਪਣੇ ਖੇਤ ਦਾ ਨਿਰੀਖਣ ਕਰਦੇ ਰਹਿਣ ਅਤੇ ਖਾਸ ਕਰਕੇ ਪਨੀਰੀ ਦਾ ਵੀ ਨਿਰੀਖਣ ਕਰਦੇ ਰਹਿਣ ਕਿਉਂਕਿ ਸਿਹਤਮੰਦ ਪਨੀਰੀ ਹੀ ਵਧੀਆ ਝਾੜ ਦੇ ਸਕਦੀ ਹੈ।
ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੱਸਿਆ ਕਿ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਕਿਸਾਨਾਂ ਨੂੰ ਇਸ ਵਾਇਰਸ ਨੂੰ ਅੱਗੇ ਫੈਲ੍ਹਣ ਤੋਂ ਰੋਕਣ ਲਈ ਕੀਟਨਾਸ਼ਕਾਂ ਦਾ ਸਪਰੇਅ ਕਰਨਾ ਜਿਸ ਵਿੱਚ ਮੁੱਖ ਤੌਰ ਤੇ ਚਿੱਟੀ ਪਿੱਠ ਵਾਲੇ ਟਿੱਡੇ ਦੀ ਸਮੇਂ ਸਿਰ ਕਾਬੂ ਕਰਨ ਲਈ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀਆਂ ਦਵਾਈਆਂ ਦੀ ਸਪਰੇਅ ਕਰਵਾਈ ਜਾ ਰਹੀ ਹੈ। ਜੁਆਇੰਟ ਡਾਇਰੈਕਟਰ ਸ. ਨਰਿੰਦਰ ਸਿੰਘ ਬੈਨੀਪਾਲ ਦੱਸਿਆ ਕਿ ਆਤਮਾ ਸਕੀਮ ਅਧੀਨ ਬਲਾਕ ਮੋਰਿੰਡਾ ਅਤੇ ਸ਼੍ਰੀ ਚਮਕੌਰ ਸਾਹਿਬ ਦੇ ਪਿੰਡਾਂ ਵਿੱਚ ਕੀਟਾਂ ਦੇ ਪ੍ਰਬੰਧ ਵਿਸ਼ੇਸ਼ ਜਾਗਰੂਕ ਕੈਂਪ ਮਾਹਿਰਾਂ ਵੱਲੋਂ ਲਗਾਏ ਜਾ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਰਾਕੇਸ਼ ਕੁਮਾਰ ਦੱਸਿਆ ਕਿ ਯੂਨੀਵਰਸਿਟੀ ਨਾਲ ਤਾਲ-ਮੇਲ ਕਰਕੇ ਇਸ ਵਾਇਰਸ ਦੀ ਮੋਨੀਟਰਿੰਗ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਹੈ, ਜੇਕਰ ਨੁਕਸਾਨ 5 ਤੋਂ 10 ਪ੍ਰਤੀਸ਼ਤ ਹੀ ਹੈ ਤਾਂ ਇਸ ਵਾਇਰਸ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ : ਇਟਲੀ ਗਿਆ ਪੰਜਾਬੀ ਨੌਜਵਾਨ ਹੋਇਆ ਲਾਪਤਾ, 6 ਸਾਲ ਪਹਿਲਾਂ ਵਿਦੇਸ਼ ਗਿਆ ਸੀ ਹਰਮਨਦੀਪ ਸਿੰਘ
ਇਸ ਮੌਕੇ ‘ਤੇ ਉਪ ਮੰਡਲ ਮੈਜਿਸਟ੍ਰੇਟ ਮੋਰਿੰਡਾ ਸ. ਸੁਖਪਾਲ ਸਿੰਘ, ਸ਼ਹਿਰੀ ਪ੍ਰਧਾਨ ਮੋਰਿੰਡਾ ਨਵਦੀਪ ਸਿੰਘ ਟੋਨੀ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਭਟੋਆ, ਰਾਜਿੰਦਰ ਸਿੰਘ ਰਾਜਾ, ਖੇਤੀਬਾੜੀ ਅਫਸਰ, ਗੁਰਕ੍ਰਿਪਾਲ ਸਿੰਘ ਬਾਲਾ, ਖੇਤੀਬਾੜੀ ਵਿਕਾਸ ਅਫਸਰ, ਲਵਪ੍ਰੀਤ ਸਿੰਘ , ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਸੁੱਖਸਾਗਰ ਸਿੰਘ ਅਤੇ ਵਿਭਾਗ ਦਾ ਫੀਲਡ ਸਟਾਫ, ਏਡੀਓ ਲਵਪ੍ਰੀਤ ਸਿੰਘ, ਏਡੀਓ ਸੁਖਸਾਗਰ ਸਿੰਘ, ਸਰਪੰਚ ਗੁਰਮੀਤ ਸਿੰਘ, ਨੰਬਰਦਾਰ ਅਵਤਾਰ ਸਿੰਘ, ਪੰਚ ਮਲਾਗਰ ਸਿੰਘ, ਪੰਚ ਖਸ਼ਵਿੰਦਰ ਸਿੰਘ, ਸਾਬਕਾ ਪੰਚ ਬਿਕਰਮ ਸਿੰਘ, ਆੜਤੀ ਜਰਨੈਲ ਸਿੰਘ,ਖੇਤ ਮਾਲਕ ਰੁਪਿੰਦਰ ਸਿੰਘ, ਪਿੰਡ ਵਾਸੀ ਸੁਖਦੇਵ ਸਿੰਘ, ਸੁਖਵਿੰਦਰ ਸਿੰਘ ਅਤੇ ਕਿਸਾਨ ਹਾਜ਼ਰ ਸਨ।
ਵੀਡੀਓ ਲਈ ਕਲਿੱਕ ਕਰੋ -:
The post ਖੇਤੀਬਾੜੀ ਮੰਤਰੀ ਖੁੱਡੀਆਂ ਨੇ ਝੋਨੇ ਦੇ ਮੱਧਰੇਪਨ ਦੇ ਰੋਗ ਨਾਲ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ, PAU ਲੁਧਿਆਣਾ ਨੂੰ ਭੇਜੇ ਨਮੂਨੇ appeared first on Daily Post Punjabi.