ਵਿਦੇਸ਼ ਵਿਚ ਚੰਗਾ ਭਵਿੱਖ ਬਣਾਉਣ ਦਾ ਸੁਪਣਾ ਵੇਖਣ ਵਾਲਾ ਪੰਜਾਬ ਦਾ ਇੱਕ ਹੋਰ ਨੌਜਵਾਨ ਟ੍ਰੈਵਲ ਏਜੰਟ ਦੇ ਚੁੰਗਲ ਵਿਚ ਫਸ ਗਿਆ। ਇਹ ਮਾਮਲਾ ਸਾਹਮਣੇ ਆਇਆ ਫਿਰੋਜ਼ਪੁਰ ਤੋਂ ਜਿਥੇ ਨੌਜਵਾਨ ਨੂੰ ਟ੍ਰੈਵਲ ਏਜੰਟ ਨੇ 1 ਨੰਬਰ ਵਿਚ ਅਮਰੀਕਾ ਭੇਜਣ ਦੇ ਨਾਂ ‘ਤੇ 35 ਲੱਖ ਰੁਪਏ ਅਤੇ ਫਿਰ ਡੌਂਕੀ ਲਾ ਕੇ ਭੇਜਿਆ। ਹੁਣ ਨੌਜਵਾਨ ਮੈਕਸੀਕੋ ਵਿਚ ਫਸਿਆ ਹੋਇਆ ਹੈ। ਜਦੋਂ ਪਰਿਵਾਰ ਨੂੰ ਆਪਣੇ ਪੁੱਤਰ ਦੀ ਹਾਲਤ ਬਾਰੇ ਪਤਾ ਲੱਗਾ ਤਾਂ ਟ੍ਰੈਵਲ ਏਜੰਟ ਕੋਲ ਪਹੁੰਚੇ ਤਾਂ ਉਸ ਨੇ ਵੀ ਕੋਈ ਹੱਥ-ਪੱਲਾ ਨਾ ਫੜਾਇਆ। ਹੁਣ ਪਰਿਵਾਰ ਨੇ ਇਸ ਸਬੰਧੀ SSP ਫਿਰੋਜ਼ਪੁਰ ਨੂੰ ਸ਼ਿਕਾਇਤ ਦੇ ਕੇ ਇਨਸਾਫ ਦੀ ਗੁਹਾਰ ਲਾਈ ਹੈ ਤਾਂ ਜੋ ਉਨ੍ਹਾਂ ਦਾ ਪੁੱਤ ਸਹੀ ਸਲਾਮਤ ਜਾਂ ਤਾਂ ਭਾਰਤ ਲਿਆਂਦਾ ਜਾਵੇ ਜਾਂ ਫਿਰ ਅਮਰੀਕਾ ਪਹੁੰਚ ਜਾਵੇ।
ਫਿਰੋਜ਼ਪੁਰ ਦੇ ਕਸਬਾ ਮੱਖੂ ਦੇ ਪਿੰਡ ਮਾਹਲੇ ਵਾਲਾ ਦਾ ਰਹਿਣ ਵਾਲਾ ਰਵੀ ਪਿਛਲੇ ਕਰੀਬ 10 ਮਹੀਨਿਆਂ ਤੋਂ ਅਮਰੀਕਾ ਜਾਣ ਲਈ ਅਲੱਗ-ਅਲੱਗ ਦੇਸ਼ਾਂ ਵਿੱਚ ਫਸਿਆ ਹੋਇਆ ਹੈ ਅਤੇ ਹੁਣ ਉਸ ਨੇ ਪਰਿਵਾਰ ਨੂੰ ਦੱਸਿਆ ਹੈ ਕਿ ਏਜੰਟਾ ਵੱਲੋਂ ਉਸ ਨੂੰ ਅਮਰੀਕਾ ਪਹੁੰਚਾਉਣ ਦੀ ਬਜਾਏ ਮੈਕਸੀਕੋ ਵਿੱਚ ਹੀ ਬੰਧਕ ਬਣਾ ਕੇ ਰੱਖਿਆ ਹੋਇਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਰਿਵਾਰ ਨੇ ਦੱਸਿਆ ਕਿ ਜਾਗੀਰ ਨਾਂ ਦੇ ਇੱਕ ਟ੍ਰੈਵਲ ਏਜੰਟ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ 35 ਲੱਖ ਰੁਪਏ ਵਿੱਚ ਗੱਲ ਹੋਈ ਸੀ ਅਤੇ ਏਜੰਟ ਵੱਲੋਂ ਕਿਹਾ ਗਿਆ ਸੀ ਕਿ ਜੇ ਇੱਕ ਨੰਬਰ ਵਿੱਚ ਸਹੀ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣਾ ਹੈ ਤਾਂ ਉਸ ਲਈ 35 ਲੱਖ ਰੁਪਏ ਲੱਗਣਗੇ ਅਗਰ, ਜੇ ਕਰ ਡੋਂਕੀ ਰੂਟ ਰਾਹੀਂ ਜਾਣਾ ਹੈ ਤਾਂ ਉਸ ਲਈ 29 ਲੱਖ ਰੁਪਏ ਖਰਚਾ ਆਵੇਗਾ।
ਪਰਿਵਾਰ ਨੇ 35 ਲੱਖ ਰੁਪਏ ਵਿੱਚ ਲੀਗਲ ਤਰੀਕੇ ਨਾਲ ਰਵੀ ਨੂੰ ਅਮਰੀਕਾ ਭੇਜਣ ਲਈ ਹਾਮੀ ਭਰ ਦਿੱਤੀ ਅਤੇ 35 ਲੱਖ ਰੁਪਏ ਏਜੰਟ ਨੂੰ ਦੇ ਦਿੱਤੇ। ਏਜੰਟ ਵੱਲੋਂ ਰਵੀ ਨੂੰ ਪਹਿਲਾਂ ਕੋਲੰਬੀਆ ਭੇਜਿਆ ਗਿਆ, ਉਥੇ ਕੁਝ ਮਹੀਨੇ ਕੋਲੰਬੀਆ ਵਿੱਚ ਰੱਖਣ ਤੋਂ ਬਾਅਦ ਰਵੀ ਨੂੰ ਮੈਕਸੀਕੋ ਭੇਜਿਆ ਗਿਆ ਅਤੇ ਮੈਕਸੀਕੋ ਤੋਂ ਡੌਂਕੀ ਲਾ ਕੇ ਅਮਰੀਕਾ ਭੇਜਿਆ ਜਾਣਾ ਸੀ, ਪਰ ਮੈਕਸੀਕੋ ਵਿੱਚ ਬੈਠੇ ਕੁਝ ਏਜੰਟਾਂ ਨੇ ਰਵੀ ਨੂੰ ਉਥੇ ਬੰਧਕ ਬਣਾ ਲਿਆ ਅਤੇ ਪਰਿਵਾਰ ਕੋਲੋਂ ਪੈਸੇ ਦੀ ਮੰਗ ਕੀਤੀ।
ਪਰਿਵਾਰ ਨੇ 1 ਲੱਖ ਰੁਪਿਆ ਹੋਰ ਭੇਜ ਦਿੱਤਾ ਪਰ ਰਵੀ ਨੂੰ ਨਹੀਂ ਛੱਡਿਆ ਗਿਆ ਅਤੇ ਨਾ ਹੀ ਅਮਰੀਕਾ ਭੇਜਿਆ ਗਿਆ ਪਰਿਵਾਰ ਨੇ ਕਈ ਵਾਰ ਭਾਰਤ ਬੈਠੇ ਏਜੰਟ ਨੂੰ ਮਿੰਨਤਾਂ ਕੀਤੀਆਂ ਅਤੇ ਰਵੀ ਨੂੰ ਸਹੀ ਸਲਾਮਤ ਭਾਰਤ ਵਾਪਸ ਲਿਆਉਣ ਜਾਂ ਫਿਰ ਅਮਰੀਕਾ ਭੇਜਣ ਲਈ ਕਿਹਾ ਪਰ ਏਜੰਟ ਨੇ ਪਰਿਵਾਰ ਦੀ ਕੋਈ ਗੱਲ ਨਹੀਂ ਸੁਣੀ।
ਰਵੀ ਨੇ ਮੈਕਸੀਕੋ ਤੋਂ ਆਪਣੀਆਂ ਤਸਵੀਰਾਂ ਪਰਿਵਾਰ ਨੂੰ ਭੇਜੀਆਂ, ਜਿਸ ਵਿੱਚ ਉਸ ਨਾਲ ਕਾਫੀ ਬੁਰਾ ਵਤੀਰਾ ਹੁੰਦਾ ਦਿਖਾਈ ਦਿੱਤਾ ਅਤੇ ਉਸ ਤੇ ਤਸ਼ੱਦਦ ਢਾਇਆ ਜਾ ਰਿਹਾ ਹੈ। ਪਰਿਵਾਰ ਨੇ ਹੁਣ ਐਸਐਸਪੀ ਫਿਰੋਜ਼ਪੁਰ ਨੂੰ ਸ਼ਿਕਾਇਤ ਕਰਕੇ ਏਜੰਟ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਬਿਨਾਂ ਪੁੱਛੇ ਨਹੀਂ ਸਾਂਝੀ ਹੋ ਸਕੇਗੀ ਕਿਸੇ ਦੀ ਤਸਵੀਰ, ਟਰੰਪ ਨੇ ਬਣਾਇਆ ਨਵਾਂ ਕਾਨੂੰਨ
ਇਸ ਬਾਰੇ ਜਾਣਕਾਰੀ ਦਿੰਦੇ ਹੋਏ SSP ਫਿਰੋਜ਼ਪੁਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ ਕੁਝ ਸਮਾਂ ਪਹਿਲਾਂ ਹੀ ਉਹਨਾਂ ਨੂੰ ਇਸ ਸੰਬੰਧੀ ਸ਼ਿਕਾਇਤ ਦਿੱਤੀ ਹੈ ਕਿ ਰਵੀ ਨੂੰ ਟ੍ਰੈਵਲ ਏਜੰਟ ਨੇ ਪੈਸੇ ਲੈ ਕੇ ਅਮਰੀਕਾ ਭੇਜਣ ਦੀ ਬਜਾਏ ਮੈਕਸੀਕੋ ਵਿੱਚ ਹੀ ਫਸਾ ਕੇ ਰੱਖਿਆ ਹੋਇਆ ਹੈ। ਪਰਿਵਾਰ ਦੀ ਸ਼ਿਕਾਇਤ ‘ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਏਗਾ।
ਵੀਡੀਓ ਲਈ ਕਲਿੱਕ ਕਰੋ -:
The post ਮੈਕਸੀਕੋ ‘ਚ ਫਸਿਆ ਫਿਰੋਜ਼ਪੁਰ ਦਾ ਮੁੰਡਾ, ਸਹੀ ਤਰੀਕੇ ਅਮਰੀਕਾ ਜਾਣ ਲਈ ਟ੍ਰੈਵਲ ਏਜੰਟ ਨੂੰ ਦਿੱਤੇ ਸਨ 35 ਲੱਖ ਰੁ. appeared first on Daily Post Punjabi.