ਅਬੋਹਰ : ਨਸ਼ੇ ਦੀ ਓਵਰਡੋਜ਼ ਨਾਲ ਇਕਲੌਤੇ ਪੁੱਤ ਦੀ ਮੌਤ, ਬਜ਼ੁਰਗ ਪਿਓ ਤੋਂ ਝੱਲਿਆ ਨਹੀਂ ਜਾ ਰਿਹਾ ਦੁੱਖ

ਅਬੋਹਰ ਵਿਚ ਨਸ਼ੇ ਨੇ ਇੱਕ ਹੋਰ ਪਰਿਵਾਰ ਉਜਾੜ ਦਿੱਤਾ। ਇਥੇ ਦੇ ਸੀਡ ਫਾਰਮ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਕਥਿਤ ਤੌਰ ‘ਤੇ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ, ਉਸ ਦੀ ਲਾਸ਼ ਇਸੇ ਪਿੰਡ ਦੇ ਘਰ ਵਿੱਚ ਪਈ ਮਿਲੀ। ਮ੍ਰਿਤਕ ਇਕ ਬੱਚੇ ਦਾ ਪਿਤਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਪੁੱਤਰ ਦੀ ਇਸ ਤਰ੍ਹਾਂ ਮੌਤ ਕਾਰਨ ਪਰਿਵਾਰ ਸਦਮੇ ‘ਚ ਹੈ। ਇਧਰ ਥਾਣਾ ਸਿਟੀ ਵਨ ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ ਹੈ।

ਜਾਣਕਾਰੀ ਮੁਤਾਬਕ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਕਲੌਤਾ ਲੜਕਾ ਗੌਰ ਸਿੰਘ 20 ਸਾਲ ਦਾ ਹੈ ਅਤੇ ਉਸ ਦਾ ਤਿੰਨ-ਚਾਰ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਸ ਦਾ ਇਕ ਸਾਲ ਦਾ ਪੁੱਤਰ ਵੀ ਹੈ। ਉਹ ਮਜ਼ਦੂਰ ਸੀ ਅਤੇ ਪਿਛਲੇ 15 ਦਿਨਾਂ ਤੋਂ ਕਣਕ ਦੀ ਵਾਢੀ ਲਈ ਰਾਜਸਥਾਨ ਗਿਆ ਹੋਇਆ ਸੀ। ਜਦੋਂ ਉਹ ਰਾਜਸਥਾਨ ਤੋਂ ਇੱਥੇ ਆਇਆ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਹ ਇਸੇ ਪਿੰਡ ਦੇ ਦੀਵਾਨ ਸਿੰਘ ਨਾਂ ਦੇ ਬੰਦੇ ਦੇ ਘਰ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਹੈ।

ਜਦੋਂ ਉਹ ਉਥੇ ਗਏ ਤਾਂ ਉਨ੍ਹਾਂ ਦਾ ਲੜਕਾ ਬੇਹੋਸ਼ ਪਿਆ ਸੀ। ਉਹ ਉਸ ਨੂੰ ਇਲਾਜ ਲਈ ਬਠਿੰਡਾ ਲੈ ਗਏ, ਜਿੱਥੇ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਆਪਣੇ ਪੁੱਤਰ ਦੀ ਮੌਤ ’ਤੇ ਰੌਂਦੇ ਹੋਏ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਕਰੀਬ 19 ਸਾਲ ਪਹਿਲਾਂ ਮੌਤ ਹੋ ਗਈ ਸੀ ਅਤੇ ਉਸ ਨੇ ਹੀ ਆਪਣੇ ਪੁੱਤਰ ਦਾ ਪਾਲਣ ਪੋਸ਼ਣ ਕੀਤਾ ਸੀ।

ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਮਨਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਪਿੰਡ ਦੇ ਜਿਸ ਵਿਅਕਤੀ ਦਾ ਨਾਂ ਉਹ ਦੱਸ ਰਹੇ ਹਨ, ਉਸ ਦੀ ਵੀ ਜਾਂਚ ਕੀਤੀ ਜਾਵੇਗੀ, ਜੇਕਰ ਇਸ ਵਿੱਚ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : 3 ਸਾਲਾਂ ਬੱਚੀ ਨਾਲ ਜ/ਬ.ਰ-ਜ਼/ਨਾ.ਹ ਦੇ 2 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, ਅਦਾਲਤ ਨੇ ਸੁਣਾਇਆ ਵੱਡਾ ਫੈਸਲਾ

ਦੱਸ ਦੇਈਏ ਕਿ ਕਰੀਬ ਇੱਕ ਮਹੀਨਾ ਪਹਿਲਾਂ ਬੋਹੜ ਸਿੰਘ ਦੇ ਮੁੰਡੇ ਨੇ ਇੱਕ ਨੌਜਵਾਨ ਨੂੰ ਜ਼ਿਆਦਾ ਨਸ਼ਾ ਦਿੱਤਾ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ ਅਤੇ ਉਸ ਦੀ ਮੌਤ ਤੋਂ ਬਾਅਦ ਲਾਸ਼ ਨੂੰ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ, ਇਸ ਮਾਮਲੇ ਵਿੱਚ ਬੋਹੜ ਸਿੰਘ ਦੇ ਲੜਕੇ ਖ਼ਿਲਾਫ਼ ਕਤਲ ਦਾ ਕੇਸ ਵੀ ਦਰਜ ਕੀਤਾ ਗਿਆ ਹੈ।

The post ਅਬੋਹਰ : ਨਸ਼ੇ ਦੀ ਓਵਰਡੋਜ਼ ਨਾਲ ਇਕਲੌਤੇ ਪੁੱਤ ਦੀ ਮੌਤ, ਬਜ਼ੁਰਗ ਪਿਓ ਤੋਂ ਝੱਲਿਆ ਨਹੀਂ ਜਾ ਰਿਹਾ ਦੁੱਖ appeared first on Daily Post Punjabi.



Previous Post Next Post

Contact Form