ਅਬੋਹਰ ਦੇ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਕੈਨੇਡਾ ‘ਚ ਬਣਿਆ ਫੈਡਰਲ ਪੀਸ ਅਫ਼ਸਰ

ਪੰਜਾਬੀ ਨੌਜਵਾਨਾਂ ਨੇ ਵਿਦੇਸ਼ੀ ਧਰਤੀ ‘ਤੇ ਵੱਖ-ਵੱਖ ਖੇਤਰਾਂ ਵਿਚ ਮੱਲ੍ਹਾਂ ਮਾਰੀਆਂ ਅਤੇ ਪੰਜਾਬ ਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਅਜਿਹਾ ਹੀ ਕੁਝ ਅਬੋਹਰ ਦੇ ਨੌਜਵਾਨ ਰੁਪਿੰਦਰਪਾਲ ਸਿੰਘ ਭੁੱਲਰ ਨੇ ਕੜੀ ਮਿਹਨਤ ਅਤੇ ਲਗਨ ਨਾਲ ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ (ਜੇਲ੍ਹ ਅਫ਼ਸਰ) ਬਣ ਕੇ ਕਰ ਵਿਖਾਇਆ ਹੈ। ਅਬੋਹਰ ਦੇ ਉੱਤਮ ਵਿਹਾਰ ਕਾਲੋਨੀ ਵਿਚ ਰਹਿਣ ਵਾਲੇ ਉਸ ਦੇ ਮਾਪਿਆਂ ਦੇ ਘਰ ਵਧਾਈਆਂ ਦੇਣ ਵਾਲੇ ਦੋਸਤਾਂ, ਮਿੱਤਰਾਂ ਰਿਸ਼ਤੇਦਾਰਾਂ ਦਾ ਤਾਂਤਾ ਲੱਗਿਆ ਹੋਇਆ ਹੈ।

ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ ਰੁਪਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਰਸ਼ਪਾਲ ਸਿੰਘ ਭੁੱਲਰ ਵੀ ਭਾਰਤੀ ਨੇਵੀ ਵਿਚ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ, ਜਦਕਿ ਰੁਪਿੰਦਰਪਾਲ ਦਾ ਵੱਡਾ ਭਰਾ ਹਰਗੁਲਾਬ ਸਿੰਘ ਭੁੱਲਰ ਵੀ ਕੈਨੇਡਾ ਵਿੱਚ ਇੱਕ ਕੰਪਨੀ ਵਿੱਚ ਅਫ਼ਸਰ ਹੈ ।

ਰੁਪਿੰਦਰਪਾਲ ਦੇ ਪਿਤਾ ਰਸ਼ਪਾਲ ਸਿੰਘ ਭੁੱਲਰ ਅਤੇ ਮਾਂ ਪਰਮਿੰਦਰਪਾਲ ਕੌਰ ਦੱਸਦੇ ਹਨ ਕਿ ਉਹ ਆਪਣੇ ਬੇਟੇ ਦੀ ਇਸ ਕਾਮਯਾਬੀ ‘ਤੇ ਬੇਹੱਦ ਖੁਸ਼ ਹਨ ਅਤੇ ਰੱਬ ਦਾ ਸ਼ੁਕਰਾਨਾ ਕਰਦਿਆਂ ਨਹੀਂ ਥੱਕ ਰਹੇ, ਜਿਨ੍ਹਾਂ ਨੇ ਇਹ ਖੁਸ਼ੀ ਦੇ ਪਲ ਉਨ੍ਹਾਂ ਦੀ ਜ਼ਿੰਦਗੀ ਵਿਚ ਲਿਆਂਦੇ ਹਨ।

ਉਨ੍ਹਾਂ ਦੱਸਿਆ ਕਿ ਰੁਪਿੰਦਰਪਾਲ ਦੀ ਸ਼ੁਰੂਆਤੀ ਪੜ੍ਹਾਈ ਅਬੋਹਰ ਦੇ ਅਜ਼ੰਪਸ਼ਨ ਕਾਨਵੈਂਟ ਸਕੂਲ ਤੋਂ ਹੋਈ ਅਤੇ ਇਸ ਤੋਂ ਬਾਅਦ ਬਾਰ੍ਹਵੀਂ ਦੀ ਪੜ੍ਹਾਈ ਡੀਏਵੀ ਕਾਲਜ ਵਿਚੋਂ ਕਰਨ ਤੋਂ ਬਾਅਦ ਉਹ ਸਾਲ 2016 ਵਿਚ ਕੈਨੇਡਾ ਪੜ੍ਹਾਈ ਲਈ ਚਲਾ ਗਿਆ। ਕੈਨੇਡਾ ਦੇ ਕੇਪੀਯੂ (KPU) ਕਾਲਜ ਤੋਂ ਉਸ ਨੇ ਕੰਪਿਊਟਰ ਵਿਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਕੈਨੇਡਾ ਪੁਲਿਸ ਵਿਚ ਭਰਤੀ ਹੋਣ ਦਾ ਮਨ ਬਣਾਇਆ।

ਰੁਪਿੰਦਰਪਾਲ ਦੇ ਮਾਪੇ ਦੱਸਦੇ ਹਨ ਕਿ ਉਹ ਸ਼ੁਰੂ ਤੋਂ ਹੀ ਕਾਫੀ ਮਿਹਨਤੀ ਸੀ ਇਸ ਲਈ ਉਸ ਨੇ ਜੋ ਟੀਚਾ ਧਾਰਿਆ ਉਸ ਨੂੰ ਅਖੀਰ ਆਪਣੀ ਕੜੀ ਮਿਹਨਤ ਅਤੇ ਲਗਨ ਨਾਲ ਪੂਰਾ ਕਰਦਿਆਂ ਕਰੈਕਸ਼ਨਲ ਸਰਵਿਸਿਜ਼ ਆਫ ਕੈਨੇਡਾ ਵਿੱਚ ਫੈਡਰਲ ਪੀਸ ਅਫ਼ਸਰ (ਜੇਲ੍ਹ ਅਫ਼ਸਰ) ਬਣ ਕੇ ਪੂਰਾ ਕੀਤਾ।

ਉਹ ਦੱਸਦੇ ਹਨ ਕਿ ਜਦੋਂ ਰੁਪਿੰਦਰਪਾਲ ਟ੍ਰੇਨਿੰਗ ਕਰ ਰਿਹਾ ਸੀ ਤਾਂ ਉਸ ਨੇ ਦੱਸਿਆ ਕਿ ਜੇਲ੍ਹ ਅਫ਼ਸਰ ਲਈ ਕਈ-ਕਈ ਘੰਟਿਆਂ ਦੀ ਸਖਤ ਮਿਹਨਤ, ਕਈ ਤਰ੍ਹਾਂ ਦੇ ਔਖੇ ਰਾਹਾਂ ਵਿਚ ਲੰਘਣ ਤੋ ਬਾਅਦ ਇਹ ਅਹੁਦਾ ਹਾਸਲ ਹੁੰਦਾ ਹੈ। ਇਸ ਦੌਰਾਨ ਕਈ ਆਨਲਾਈਨ ਪੇਪਰ ਵੀ ਪਾਸ ਕਰਨੇ ਲਾਜ਼ਮੀ ਹੁੰਦੇ ਹਨ ਜਿਸ ਵਿਚ ਜੇਲ੍ਹ ਕੈਦੀਆਂ ਨੂੰ ਜੇਲ੍ਹ ਵਿਚ ਕਿਵੇਂ ਰੱਖਣਾ, ਉਨ੍ਹਾਂ ਦੇ ਅਧਿਕਾਰ ਬਾਰੇ ਮੁੱਢਲੀ ਅਤੇ ਅਹਿਮ ਜਾਣਕਾਰੀ ਹੁੰਦੀ ਹੈ, ਜਿਸਨੂੰ ਜਾਣਨਾ ਬੇਹੱਦ ਜਰੂਰੀ ਹੁੰਦਾ ਹੈ।

ਉਨ੍ਹਾਂ ਦੱਸਿਆ ਕਿ  ਰੁਪਿੰਦਰਪਾਲ ਦੀ ਇਸ ਨਿਯੁਕਤੀ ਪਿੱਛੇ ਕਰੈਕਸ਼ਨਲ ਟ੍ਰੇਨਿੰਗ ਅਫ਼ਸਰ ਜੌਰਡਨ ਸ਼ਮਾਲ, ਰੋਬ ਵੈਨ, ਕ੍ਰਿਸਟਾ ਹਗਿਸ ਦਾ ਵੀ ਵੱਡਾ ਯੋਗਦਾਨ ਹੈ ਜਿਨ੍ਹਾਂ ਦੀ ਅਗਵਾਈ ਅਤੇ ਨਿਗਰਾਨੀ ਹੇਠ ਇਹ ਟ੍ਰੇਨਿੰਗ ਪੂਰੀ ਹੋਈ। ਰੁਪਿੰਦਰਪਾਲ ਦੀ ਭਾਬੀ ਅਮਨਪ੍ਰੀਤ ਕੌਰ ਵੀ ਆਪਣੇ ਦਿਓਰ ਦੀ ਇਸ ਕਾਮਯਾਬੀ ‘ਤੇ ਖੁਸ਼ ਹਨ।

ਇਹ ਵੀ ਪੜ੍ਹੋ : ਜਲੰਧਰ-ਫਗਵਾੜਾ NH ‘ਤੇ 2 ਟਰੱਕਾਂ ਦੀ ਜ਼.ਬਰਦਸ.ਤ ਟੱ.ਕਰ, ਇੱਕ ਡ੍ਰਾਈਵਰ ਦੀ ਮੌ.ਤ, ਇੱਕ ਗੰਭੀਰ ਜ਼ਖਮੀ

ਰੁਪਿੰਦਰਪਾਲ ਦੇ ਮਾਪੇ ਜਿੱਥੇ ਰੁਪਿੰਦਰ ਦੀ ਇਸ ਕਾਮਯਾਬੀ ‘ਤੇ ਰੱਬ ਦਾ ਸ਼ੁਕਰਾਨਾ ਕਰ ਰਹੇ ਹਨ ਉਥੇ ਹੀ ਨੌਜਵਾਨਾਂ ਨੂੰ ਇਹ ਅਪੀਲ ਕੀਤੀ ਕਿ ਨਸ਼ੇ ਤੋਂ ਦੂਰ ਰਹਿ ਕੇ ਕਿਸੇ ਵੀ ਖੇਤਰ ਵਿਚ ਅੱਗੇ ਵਧਣ ਲਈ ਟੀਚਾ ਜ਼ਰੂਰ ਤੈਅ ਕਰਨ ਅਤੇ ਉਸ ਟੀਚੇ ਨੂੰ ਪੂਰਾ ਕਰਨ ਲਈ ਸਖਤ ਮਿਹਨਤ ਅਤੇ ਸ਼ਿੱਦਤ ਨਾਲ ਉਸ ਨੂੰ ਕਰਨ ਤਾਂ ਕਾਮਯਾਬੀ ਲਾਜ਼ਮੀ ਹਾਸਲ ਹੋਵੇਗੀ। ਉਨ੍ਹਾਂ ਮਾਂਪਿਆ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਅਪਣਾ ਟੀਚਾ ਹਾਸਲ ਕਰਨ ਲਈ ਹੌਂਸਲਾ ਅਤੇ ਸਾਥ ਦੇਣ।

The post ਅਬੋਹਰ ਦੇ ਨੌਜਵਾਨ ਨੇ ਚਮਕਾਇਆ ਪੰਜਾਬ ਦਾ ਨਾਂ, ਕੈਨੇਡਾ ‘ਚ ਬਣਿਆ ਫੈਡਰਲ ਪੀਸ ਅਫ਼ਸਰ appeared first on Daily Post Punjabi.



Previous Post Next Post

Contact Form