ਮੁਕਤਸਰ : ਮਲੋਟ ਦੇ ਨੇੜਲੇ ਪਿੰਡ ਸਰਾਵਾ ਬੋਦਲਾ ਦੇ ਪ੍ਰਸਿੱਧ ਆਯੁਰਵੈਦਿਕ ਹਕੀਮ ਦਲੀਪ ਸਿੰਘ ਦੇ ਢਾਈ ਸਾਲ ਪੁਰਾਣੇ ਅਣਸੁਲਝੇ ਕਤਲ ਮਾਮਲੇ ਦੀ ਗੁੱਥੀ ਮੁਕਤਸਰ ਪੁਲਿਸ ਨੇ ਸੁਲਝਾ ਲਈ ਹੈ। 17 ਸਤੰਬਰ 2022 ਨੂੰ 90 ਸਾਲਾਂ ਹਕੀਮ ਦਲੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੀ ਰਿਹਾਇਸ਼ ‘ਤੇ ਬਣੇ ਆਯੁਰਵੇਦਿਕ ਕਲੀਨਿਕ “ਦਵਾਖਾਨਾ, ਪਿੰਡ ਸਰਾਵਾਂ ਬੋਦਲਾ ਵਿਖੇ ਮਿਲੀ ਸੀ। ਇਸ ਮਾਮਲੇ ਵਿਚ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ ਨੇ ਕਤਲ ਦੀ ਗੱਲ ਕਬੂਲ ਲਈ ਅਤੇ ਕਤਲ ਕਰਨ ਦੇ ਕਾਰਨ ਦਾ ਵੀ ਖੁਲਾਸਾ ਕੀਤਾ।
ਦੱਸ ਦੇਈਏ ਕਿ ਹਕੀਮ ਜੋ ਗਰੀਬਾਂ ਲਈ ਮੁਫ਼ਤ ਇਲਾਜ ਕਰਕੇ ਜਾਣੇ ਜਾਂਦੇ ਸਨ, ਦੀ ਮ੍ਰਿਤਕ ਦੇਹ ਸਾਫ਼ੇ ਨਾਲ ਹੱਥਾਂ ਤੇ ਪੈਰਾਂ ‘ਚ ਕੱਪੜਿਆਂ ਨਾਲ ਬੰਨ੍ਹੀ ਮਿਲੀ ਸੀ। ਮੌਕੇ ‘ਤੇ ਸੀਸੀਟੀਵੀ ਕੈਮਰੇ ਅਤੇ ਐਲ.ਈਡੀ ਤੋੜੀ ਹੋਈ ਸੀ ਅਤੇ ਘਰ ਪੂਰੀ ਤਰ੍ਹਾਂ ਖੰਗਾਲਿਆ ਹੋਇਆ ਸੀ। ਥਾਣਾ ਕਾਬਰਵਾਲਾ ਵਿਖੇ ਮੁੱਕਦਮਾ ਨੰ. 137 ਮਿਤੀ 18/09/2022 ਅਧੀਨ ਧਾਰਾ 460 ਆਈ.ਪੀ.ਸੀ. ਤਹਿਤ ਅਣਪਛਾਤੇ ਵਿਅਕਤੀਆਂ ਵਿਰੁੱਧ ਦਰਜ ਕੀਤੀ ਗਈ ਸੀ।
ਹਕੀਮ ਦੀ ਮੌਤ ਤੋਂ ਬਾਅਦ ਪੁਲਿਸ ਵੱਲੋਂ ਸਥਿਤੀ ਨੂੰ ਸੰਜੀਦਗੀ ਨਾਲ ਸੰਭਾਲਿਆ ਗਿਆ ਤਾਂ ਜੋ ਕਾਨੂੰਨ ਵਿਵਸਥਾ ਨੁਕਸਾਨ ਨਾ ਹੋਵੇ। ਜਾਂਚ ਦੌਰਾਨ ਪੋਸਟਮਾਰਟਮ ਰਿਪੋਰਟ ਵਿੱਚ ਮੌਤ ਦਾ ਕਾਰਨ ਗਲਾ ਘੁੱਟ ਕੇ ਦੱਸਿਆ ਗਿਆ। ਹਾਲਾਂਕਿ, ਸੀਸੀਟੀਵੀ ਅਤੇ ਟਾਵਰ ਡੰਪ ਆਦਿ ਤਕਨੀਕੀ ਵਿਧੀਆਂ ਰਾਹੀਂ ਕੀਤੀ ਗਈ ਜਾਂਚ ਦੇ ਬਾਵਜੂਦ ਕੋਈ ਸੁਰਾਗ ਨਹੀਂ ਮਿਲਿਆ ਅਤੇ ਕੇਸ ਕਾਫੀ ਸਮੇਂ ਲਈ ਰੁਕ ਗਿਆ।
ਇਹ ਵੀ ਪੜ੍ਹੋ : 4 ਭੈਣਾਂ ਦੇ ਇਕਲੌਤੇ ਭਰਾ ਨੇ ਖ਼ਤਮ ਕੀਤੀ ਆਪਣੀ ਜੀਵਨ ਲੀਲਾ, ਧਮਕੀਆਂ ਤੋਂ ਪ੍ਰੇਸ਼ਾਨ ਸੀ ਨੌਜਵਾਨ
ਫਰਵਰੀ 2025 ਵਿੱਚ SSP ਸ੍ਰੀ ਮੁਕਤਸਰ ਸਾਹਿਬ ਡਾ. ਅਖਿਲ ਚੌਧਰੀ, ਆਈ.ਪੀ.ਐਸ. ਵੱਲੋਂ SP (D) ਦੀ ਅਗਵਾਈ ਹੇਠ ਨਵੀਆਂ ਜਾਂਚ ਟੀਮਾਂ ਗਠਿਤ ਕੀਤੀਆਂ ਗਈਆਂ। ਟੀਮਾਂ ਨੂੰ ਪੁਰਾਣੇ ਸਬੂਤਾਂ ਦੀ ਵਿਸਥਾਰ ਨਾਲ ਸਮੀਖਿਆ ਕਰਨ, ਸ਼ੱਕੀ ਵਿਅਕਤੀਆਂ ਦੀ ਮੁੜ ਪੁੱਛਗਿੱਛ ਅਤੇ ਤਕਨੀਕੀ ਡਾਟੇ ਦੀ ਗਹਿਰੀ ਜਾਂਚ ਕਰਨ ਲਈ ਨਿਰਦੇਸ਼ ਦਿੱਤੇ ਗਏ। ਸਥਾਨਕ ਖੁਫੀਆ ਜਾਣਕਾਰੀ ਅਤੇ ਪੁੱਛਗਿੱਛ ਰਾਹੀਂ 5 ਸ਼ੱਕੀ ਵਿਅਕਤੀਆਂ ਦੀ ਪਛਾਣ ਹੋਈ, ਜਿਨ੍ਹਾਂ ਵਿਚੋਂ ਅੰਮ੍ਰਿਤਪਾਲ ਸਿੰਘ ਉਰਫ ਅੰਬੀ ਅਤੇ ਅਮਰਿੰਦਰ ਸਿੰਘ ਉਰਫ ਜਿਮੀ ਵਾਸੀ ਸਰਾਵਾ ਬੌਦਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਿਨ੍ਹਾਂ ਨੇ ਕਤਲ ਦੀ ਗੱਲ ਕਬੂਲ ਲਈ ਹੈ ਅਤੇ ਪੂਰੀ ਸਾਜਿਸ਼ ਬਿਆਨ ਕਰ ਦਿੱਤੀ। ਇਸ ਮਾਮਲੇ ਵਿਚ ਸ਼ਮਸ਼ੇਰ ਸਿੰਘ ਉਰਫ ਸ਼ੰਮੀ ਦੀ ਭਾਲ ਜਾਰੀ ਹੈ।
ਇਹ ਕਤਲ ਪੈਸੇ ਦੀ ਲਾਲਚ ਦੇ ਤਹਿਤ ਕੀਤਾ ਗਿਆ ਸੀ। ਦੋਸ਼ੀਆਂ ਨੂੰ ਪਤਾ ਸੀ ਕਿ ਦਲੀਪ ਸਿੰਘ ਇਕੱਲਾ ਰਹਿੰਦਾ ਹੈ ਅਤੇ ਉਸ ਕੋਲ ਵੱਡੀ ਰਕਮ ਹੋ ਸਕਦੀ ਹੈ। ਇਸ ਲਾਲਚ ਵਿੱਚ ਉਨ੍ਹਾਂ ਨੇ ਕਤਲ ਦੀ ਯੋਜਨਾ ਬਣਾਈ ਤਾਂ ਜੋ ਪੈਸਾ ਲੁੱਟ ਕੇ ਸ਼ਾਨਦਾਰ ਜ਼ਿੰਦਗੀ ਜੀ ਸਕਣ।
ਵੀਡੀਓ ਲਈ ਕਲਿੱਕ ਕਰੋ -:

The post ਢਾਈ ਸਾਲਾਂ ਮਗਰੋਂ ਸੁਲਝੀ ਹਕੀਮ ਦੇ ਅੰਨ੍ਹੇ ਕਤਲ ਦੀ ਗੁੱਥੀ, ਮਰਡਰ ਦੀ ਵਜ੍ਹਾ ਆਈ ਸਾਹਮਣੇ, 2 ਗ੍ਰਿਫਤਾਰ appeared first on Daily Post Punjabi.