ਚੰਡੀਗੜ੍ਹ ਵਿਚ ਪੜ੍ਹ ਰਹੀ ਬਠਿੰਡਾ ਦੀ ਇੱਕ 19 ਸਾਲਾ ਕੁੜੀ ਦੀ ਲਾਸ਼ ਬਠਿੰਡਾ ਦੀ ਨਹਿਰ ‘ਚੋਂ ਮਿਲੀ ਹੈ। ਐਨ.ਡੀ.ਆਰ.ਐਫ ਨੇ ਮੌੜ ਮੰਡੀ ਦੇ ਪਿੰਡ ਯਾਤਰੀ ਨੇੜੇ ਨਹਿਰ ਵਿੱਚੋਂ ਲਾਸ਼ ਬਾਹਰ ਕੱਢੀ। ਕੁੜੀ ਦਾ ਨਾਂ ਚੈਰਿਸ ਗੋਇਲ ਸੀ, ਜੋ ਚੰਡੀਗੜ੍ਹ ਵਿੱਚ ਪੜ੍ਹਦੀ ਸੀ ਅਤੇ ਆਪਣੇ ਪਿੰਡ ਬਠਿੰਡਾ ਆ ਰਹੀ ਸੀ। ਉਹ ਦੋ ਦਿਨਾਂ ਤੋਂ ਲਾਪਤਾ ਸੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਥਾਣੇ ‘ਚ ਧਰਨਾ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਵਿੱਚ ਪਤੀ, ਪਤਨੀ ਅਤੇ ਉਨ੍ਹਾਂ ਦਾ ਪੁੱਤਰ ਵੀ ਸ਼ਾਮਲ ਹਨ।
ਪਰਿਵਾਰਕ ਮੈਂਬਰਾਂ ਨੇ ਲੜਕੀ ਦੇ ਜਾਣਕਾਰਾਂ ‘ਤੇ ਉਸ ਨੂੰ ਅਗਵਾ ਕਰਕੇ ਕਤਲ ਕਰਨ ਦਾ ਦੋਸ਼ ਲਾਇਆ ਹੈ। ਇਸ ਤੋਂ ਇਲਾਵਾ ਪੁਲਿਸ ਕਾਰਵਾਈ ਵਿੱਚ ਦੇਰੀ ਦੇ ਵਿਰੋਧ ਵਿੱਚ ਮੌੜ ਮੰਡੀ ਦੇ ਵਪਾਰੀਆਂ ਅਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਬਾਜ਼ਾਰ ਬੰਦ ਕਰਕੇ ਥਾਣੇ ਦਾ ਘਿਰਾਓ ਕੀਤਾ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਪ੍ਰਸ਼ਾਸਨ ’ਤੇ ਲਾਪ੍ਰਵਾਹੀ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਸਮੇਂ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਰੋਸ ਦੀ ਸਥਿਤੀ ਪੈਦਾ ਨਾ ਹੁੰਦੀ।
ਜਾਣਕਾਰੀ ਮੁਤਾਬਕ ਕੁੜੀ ਦੀ ਮੌਤ ਨੂੰ ਲੈ ਕੇ ਮੁੰਡੇ ਦੇ ਪਰਿਵਾਰ ਨੇ ਕਹਾਣੀ ਬਣਾਈ ਤੇ ਕੁੜੀ ਦੇ ਪਰਿਵਾਰ ਨੂੰ ਦੱਸਿਆ ਕਿ ਰਾਤ ਨੂੰ ਸਾਡਾ ਮੁੰਡਾ ਤੇ ਤੁਹਾਡੀ ਕੁੜੀ ਨਹਿਰ ‘ਤੇ ਗਏ ਸਨ, ਜਿਥੇ ਸੈਲਫੀ ਲੈਣ ਦੌਰਾਨ ਕੁੜੀ ਦਾ ਪੈਰ ਫਿਸਲ ਗਿਆ ਤੇ ਉਹ ਨਹਿਰ ਵਿਚ ਡਿੱਗ ਗਈ। ਇਹ ਕਹਾਣੀ ਕੁੜੀ ਦੇ ਪਰਿਵਾਰ ਨੂੰ ਬਿਲਕੁਲ ਹਜਮ ਨਹੀਂ ਹੋਈ ਤੇ ਉਨ੍ਹਾਂ ਨੇ ਮੁੰਡੇ ਦੇ ਪਰਿਵਾਰ ‘ਤੇ ਸ਼ੱਕ ਜਤਾਉਂਦੇ ਹੋਏ ਕੁੜੀ ਦੀ ਭਾਲ ਨੂੰ ਲੈ ਕੇ ਥਾਣੇ ਵਿਚ ਸ਼ਿਕਾਇਤ ਦਿੱਤੀ। ਇਹ ਖ਼ਬਰ ਸ਼ਹਿਰ ਵਿਚ ਫੈਲ ਗਈ ਤੇ ਲੋਕ ਥਾਣਾ ਮੌੜ ‘ਚ ਇਕੱਠੇ ਹੋਣ ਲੱਗੇ। ਦੁਪਿਹਰ ਤੱਕ ਜਦੋਂ ਪਿਲਸ ਪ੍ਰਸ਼ਾਸਨ ਨੇ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਲੋਕਾਂ ਦਾ ਗੁੱਸਾ ਭੜਕ ਗਿਆ ਤੇ ਉਨ੍ਹਾਂ ਨੇ ਬਾਜ਼ਾਰ ਬੰਦ ਕਰਕੇ ਥਾਣਾ ਮੌੜ ‘ਤੇ ਧਰਨਾ ਲਾ ਦਿੱਤਾ।
ਇਹ ਵੀ ਪੜ੍ਹੋ : ਸੰਤ ਸੀਚੇਵਾਲ ਨੇ ਸਦਨ ‘ਚ ਚੁੱਕਿਆ ਡਿਪੋਰਟ ਨੌਜਵਾਨਾਂ ਦਾ ਮੁੱਦਾ, ਬੋਲੇ- ‘ਏਜੰਟਾਂ ਨੇ ਫਸਾਈ ਸਾਡੀ ਨੌਜਵਾਨੀ’
ਐਸਐਸਪੀ ਬਠਿੰਡਾ ਅਮਨੀਤ ਕੌਡਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਵੱਖ-ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਅਣਗਹਿਲੀ ਵਰਤਣ ਕਾਰਨ ਐਸਐਚਓ ਮੌੜ ਮੰਡੀ ਇੰਸਪੈਕਟਰ ਮਨਜੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

The post ਮੌੜ ਮੰਡੀ ਤੋਂ ਲਾਪਤਾ ਹੋਈ ਕੁੜੀ ਦੀ ਨਹਿਰ ‘ਚੋਂ ਮਿਲੀ ਮ੍ਰਿਤਕ ਦੇਹ, ਮਾਮਲੇ ‘ਚ SHO ਸਸਪੈਂਡ! appeared first on Daily Post Punjabi.