ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਤੇ ਮੈਕਸੀਕੋ ‘ਤੇ 25 ਫੀਸਦੀ ਟੈਰਿਫ ਲਗਾਉਣ ਦੇ ਫੈਸਲੇ ਨੂੰ ਇਕ ਵਾਰ ਫਿਰ ਤੋਂ 30 ਦਿਨਾਂ ਲਈ ਟਾਲ ਦਿੱਤਾ ਹੈ। ਟਰੰਪ ਨੇ 4 ਮਾਰਚ ਨੂੰ ਦੋਵੇਂ ਦੇਸ਼ਾਂ ‘ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਵੀ ਟਰੰਪ ਨੇ ਕੈਨੇਡਾ ਤੇ ਮੈਕਸੀਕੋ ਦੇ ਕਈ ਸਾਮਾਨਾਂ ‘ਤੇ 4 ਫਰਵਰੀ ਤੋਂ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ ਪਰ ਇਸ ਨੂੰ ਲਾਗੂ ਹੋਣ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ ਇਸ ਨੂੰ 30 ਦਿਨਾਂ ਲਈ ਟਾਲ ਦਿੱਤਾ ਸੀ।
ਇਸ ਦਰਮਿਆਨ ਟਰੰਪ ਨੇ ਕੈਨੇਡਾ ‘ਤੇ ਟੈਰਿਫ ਲਗਾਉਣ ਦੀ ਧਮਕੀ ਅਤੇ ਉਸ ਨੂੰ 51ਵਾਂ ਸੂਬਾ ਬਣਾਉਣ ਵਾਲੇ ਬਿਆਨ ਦੇ ਬਾਅਦ ਦੇਸ਼ ਵਿਚ ਅਮਰੀਕੀ ਸਾਮਾਨਾਂ ਦਾ ਬਾਇਕਾਟ ਸ਼ੁਰੂ ਹੋ ਗਿਆ ਹੈ। ਕੈਨੇਡੀਆਈ ਮੀਡੀਆ ਮੁਤਾਬਕ ਉਥੇ ਲੋਕ ਅਮਰੀਕੀ ਸੇਬ ਛੱਡ ਕੇ ਦੂਜੇ ਦੇਸ਼ਾਂ ਦੇ ਸੇਬ ਖਾਣ ਲੱਗੇ ਹਨ। ਦੂਜੇ ਪਾਸੇ ਦੁਕਾਨਦਾਰ ਪਿਜ਼ਾ ਵਿਚ ਕੈਲੀਫੋਰਨੀਆ ਦੇ ਟਮਾਟਰ ਦੀ ਜਗ੍ਹਾ ਇਟਲੀ ਤੋਂ ਆਏ ਟਮਾਟਰ ਦੀ ਵਰਤੋਂ ਕਰਨ ਲੱਗੇ ਹਨ।
ਕਈ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਿਚ ਅਮਰੀਕੀ ਸਾਮਾਨ ਰੱਖਣਾ ਬੰਦ ਕਰਨ ਦੀ ਗੱਲ ਕਹੀ ਹੈ। ਕਈ ਕੈਨੇਡੀਆਈ ਜੋ ਕਿ ਆਪਣੀਆਂ ਛੁੱਟੀਆਂ ਬਿਤਾਉਣ ਅਮਰੀਕਾ ਜਾਣ ਵਾਲੇ ਸਨ ਉਨ੍ਹਾਂ ਨੇ ਆਪਣੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। 2 ਮਹੀਨੇ ਪਹਿਲਾਂ ਕੈਨੇਡਾ ਦੀ ਲਿਬਰਲ ਪਾਰਟੀ ਵਿਚ ਚੋਣ ਹਾਰਨ ਦੇ ਡਰ ਤੋਂ ਜਸਟਿਨ ਟਰੂਡੋ ਖਿਲਾਫ ਮਾਹੌਲ ਬਣ ਗਿਆ ਸੀ ਜਿਸ ਦੇ ਬਾਅਦ ਉਨ੍ਹਾਂ ਨੇ ਅਹੁਦਾ ਛੱਡਣ ਦਾ ਐਲਾਨ ਕਰ ਦਿੱਤਾ ਸੀ ਹੁਣ ਉਹੀ ਲਿਬਰਲ ਪਾਰਟੀ ਚੋਣ ਜਿੱਤਣ ਦੀ ਸਭ ਤੋਂ ਵੱਡੀ ਦਾਅਵੇਦਾਰ ਬਣ ਗਈ ਹੈ।
ਇਹ ਵੀ ਪੜ੍ਹੋ : ਮਹਾਰਾਸ਼ਟਰ ਸਰਕਾਰ ਨੇ ਲਾਗੂ ਕੀਤਾ ਆਨੰਦ ਕਾਰਜ ਮੈਰਿਜ ਐਕਟ, ਹੁਣ ਤੱਕ ਦੇਸ਼ ਦੇ 23 ਸੂਬਿਆਂ ‘ਚ ਲਾਗੂ
ਟਰੂਡੋ ਨੇ ਕਿਹਾ ਸੀ ਕਿ ਕੈਨੇਡੀਆਈ ਲੋਕ ਸਮਝਦਾਰ ਹਨ ਉਹ ਸੁਭਾਅ ਤੋਂ ਭਾਵੇਂ ਨਿਮਰ ਹਨ ਪਰ ਉਹ ਲੜਾਈ ਤੋਂ ਪਿੱਛੇ ਨਹੀਂ ਹਟਣਗੇ। ਖਾਸ ਕਰਕੇ ਅਜਿਹੇ ਸਮੇਂ ਵਿਚ ਦੇਸ਼ ਦੇ ਲੋਕਾਂ ਦੀ ਭਲਾਈ ਦਾਅ ‘ਤੇ ਲੱਗੀ ਹੋਵੇ। ਹਾਲਾਂਕਿ ਕੈਨੇਡਾ ਤੇ ਮੈਕਸੀਕੋ ਨੇ ਟਰੰਪ ਦੇ ਟੈਰਿਫ ਟਾਲਣ ਦੇ ਫੈਸਲੇ ਦੀ ਤਾਰੀਫ ਕੀਤੀ।
ਵੀਡੀਓ ਲਈ ਕਲਿੱਕ ਕਰੋ -:

The post ਕੈਨੇਡਾ-ਮੈਕਸੀਕੋ ‘ਤੇ ਨਰਮ ਪਏ ਟਰੰਪ, ਟੈਰਿਫ ਲਗਾਉਣ ‘ਚ ਦਿੱਤੀ 30 ਦਿਨ ਦੀ ਮੌਹਲਤ appeared first on Daily Post Punjabi.