ਪਾਕਿਸਤਾਨ ‘ਚ ਵੱਖਵਾਦੀ ਅੱਤਵਾਦੀਆਂ ਨੇ ਮੰਗਲਵਾਰ ਨੂੰ ਸੈਂਕੜੇ ਯਾਤਰੀਆਂ ਨੂੰ ਲੈ ਕੇ ਜਾ ਰਹੀ ਇਕ ਪੈਸੇਂਜਰ ਟਰੇਨ ‘ਤੇ ਗੋਲੀਬਾਰੀ ਕੀਤੀ। ਜਾਫਰ ਐਕਸਪ੍ਰੈਸ ਦੇ 9 ਡੱਬਿਆਂ ਵਿੱਚ ਕਰੀਬ 400 ਯਾਤਰੀ ਸਵਾਰ ਸਨ। ਇਹ ਟ੍ਰੇਨ ਦੱਖਣ-ਪੱਛਮੀ ਬਲੋਚਿਸਤਾਨ ਸੂਬੇ ਦੇ ਕਵੇਟਾ ਤੋਂ ਖੈਬਰ ਪਖਤੂਨਖਵਾ ਦੇ ਪੇਸ਼ਾਵਰ ਜਾ ਰਹੀ ਸੀ, ਜਦੋਂ ਇਸ ‘ਤੇ ਗੋਲੀਬਾਰੀ ਕੀਤੀ ਗਈ। ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਅਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਹਮਲੇ ‘ਚ ਇਕ ਟਰੇਨ ਡਰਾਈਵਰ ਜ਼ਖਮੀ ਹੋ ਗਿਆ।
ਇੱਕ ਬਿਆਨ ਵਿੱਚ ਅਤਿਵਾਦੀ ਵੱਖਵਾਦੀ ਸਮੂਹ ਬਲੋਚ ਲਿਬਰੇਸ਼ਨ ਆਰਮੀ (ਬੀਐਲਏ) ਨੇ ਹਮਲੇ ਦੀ ਜ਼ਿੰਮੇਵਾਰੀ ਲਈ ਅਤੇ ਕਿਹਾ ਕਿ ਉਨ੍ਹਾਂ ਨੇ ਸੁਰੱਖਿਆ ਬਲਾਂ ਸਮੇਤ ਰੇਲ ਗੱਡੀ ਵਿੱਚੋਂ ਲੋਕਾਂ ਨੂੰ ਬੰਧਕ ਬਣਾ ਲਿਆ ਸੀ। ਬੀਐਲਏ ਨੇ ਦਾਅਵਾ ਕੀਤਾ ਕਿ ਇਸ ਨੇ 100 ਤੋਂ ਵੱਧ ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਇਸ ਦੀ ਕਾਰਵਾਈ ਵਿੱਚ 6 ਸੁਰੱਖਿਆ ਕਰਮਚਾਰੀ ਮਾਰੇ ਗਏ ਸਨ। ਉਸ ਦਾ ਕਹਿਣਾ ਹੈ ਕਿ ਬੰਧਕ ਬਣਾਏ ਗਏ ਲੋਕਾਂ ਵਿਚ ਸੁਰੱਖਿਆ ਅਧਿਕਾਰੀ ਵੀ ਸ਼ਾਮਲ ਹਨ।
ਸੂਬਾਈ ਸਰਕਾਰ ਜਾਂ ਰੇਲਵੇ ਅਧਿਕਾਰੀਆਂ ਨੇ ਬੰਧਕਾਂ ਦੇ ਫੜੇ ਜਾਣ ਦੀ ਪੁਸ਼ਟੀ ਨਹੀਂ ਕੀਤੀ। ਰੇਲਵੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬਲੋਚਿਸਤਾਨ ਦੇ ਬੋਲਾਨ ਜ਼ਿਲੇ ਦੇ ਮੁਸ਼ਕਾਫ ਇਲਾਕੇ ‘ਚ ਸੁਰੱਖਿਆ ਬਲ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਸਰਕਾਰੀ ਬੁਲਾਰੇ ਸ਼ਾਹਿਦ ਰਿੰਦ ਨੇ ਕਿਹਾ ਕਿ ਬਲੋਚਿਸਤਾਨ ਸਰਕਾਰ ਨੇ ਐਮਰਜੰਸੀ ਉਪਾਅ ਲਾਗੂ ਕਰ ਦਿੱਤੇ ਹਨ ਅਤੇ ਸਥਿਤੀ ਨਾਲ ਨਜਿੱਠਣ ਲਈ ਸਾਰੀਆਂ ਸੰਸਥਾਵਾਂ ਨੂੰ ਲਾਮਬੰਦ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਹੋਲੀ ਦੇ ਰੰਗਾਂ ਵਿਚਾਲੇ ਮੌਸਮ ਲਏਗਾ ਯੂ-ਟਰਨ, ਪੰਜਾਬ ‘ਚ ਹਨੇਰੀ-ਤੂਫਾਨ ਨਾਲ ਮੀਂਹ ਦਾ ਅਲਰਟ ਜਾਰੀ
ਦੱਸ ਦਈਏ ਕਿ ਅਸ਼ਾਂਤ ਬਲੋਚਿਸਤਾਨ ‘ਚ ਵੱਖਵਾਦੀ ਅੱਤਵਾਦੀ ਸੰਗਠਨਾਂ ਨੇ ਖੇਤਰ ‘ਚ ਫੌਜ ਅਤੇ ਚੀਨੀ ਪ੍ਰਾਜੈਕਟਾਂ ‘ਤੇ ਲਗਾਤਾਰ ਹਮਲੇ ਕੀਤੇ ਹਨ। ਬੀਐੱਲਏ ਬਲੋਚਿਸਤਾਨ ਦੀ ਆਜ਼ਾਦੀ ਚਾਹੁੰਦਾ ਹੈ। ਇਹ ਕਈ ਨਸਲੀ ਵਿਦਰੋਹੀ ਸਮੂਹਾਂ ਵਿੱਚੋਂ ਸਭ ਤੋਂ ਵੱਡਾ ਹੈ ਜੋ ਦਹਾਕਿਆਂ ਤੋਂ ਪਾਕਿਸਤਾਨੀ ਸਰਕਾਰ ਨਾਲ ਲੜ ਰਹੇ ਹਨ। ਸੰਗਠਨ ਦਾ ਕਹਿਣਾ ਹੈ ਕਿ ਸਰਕਾਰ ਬਲੋਚਿਸਤਾਨ ਦੇ ਅਮੀਰ ਗੈਸ ਅਤੇ ਖਣਿਜ ਸਰੋਤਾਂ ਦਾ ਨਾਜਾਇਜ਼ ਸ਼ੋਸ਼ਣ ਕਰ ਰਹੀ ਹੈ। ਪਾਕਿਸਤਾਨ, ਈਰਾਨ, ਚੀਨ, ਯੂਨਾਈਟਿਡ ਕਿੰਗਡਮ, ਸੰਯੁਕਤ ਰਾਜ, ਸੰਯੁਕਤ ਰਾਸ਼ਟਰ, ਯੂਰਪੀਅਨ ਯੂਨੀਅਨ ਵੱਲੋਂ ਬੀਐਲਏ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:

The post ਪਾਕਿਸਤਾਨ ‘ਚ ਪੈਸੇਂਜਰ ਟ੍ਰੇਨ ਹਾਈਜੈਕ, 100 ਤੋਂ ਵੱਧ ਯਾਤਰੀਆਂ ਨੂੰ ਬਣਾਇਆ ਗਿਆ ਬੰਧਕ appeared first on Daily Post Punjabi.