ਮੌਸਮ ਇਕ ਵਾਰ ਫਿਰ ਤੋਂ ਕਰਵਟ ਲਵੇਗਾ। ਪੰਜਾਬ ਤੇ ਚੰਡੀਗੜ੍ਹ ਵਿਚ ਅੱਜ ਤੋਂ ਮੌਸਮ ਬਦਲੇਗਾ। ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ। ਇਸ ਸਬੰਧੀ ਯੈਲੋ ਅਲਰਟ ਵੀ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ ਤੇ ਨਾਲ ਹੀ 27-28 ਫਰਵਰੀ ਨੂੰ ਕੁਝ ਥਾਵਾਂ ‘ਤੇ ਗੜ੍ਹੇਮਾਰੀ ਹੋ ਸਕਦੀ ਹੈ।
ਮੌਸਮ ਵਿਚ ਬਦਲਾਅ ਦਾ ਕਾਰਨ ਪੱਛਮੀ ਡਿਸਟਰਬੈਂਸ ਹੈ। ਪਿਛਲੇ 24 ਘੰਟਿਆਂ ਵਿਚ ਔਸਤ ਤਾਪਮਾਨ ਵਿਚ 2.2 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੌਰਾਨ ਮੋਹਾਲੀ ਤੇ ਪਟਿਆਲਾ ਵਿਚ ਔਸਤ ਅਧਿਕਤਮ ਤਾਪਮਾਨ ਸੂਬੇ ਵਿਚ ਸਭ ਤੋਂ ਵੱਧ 26.2 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਮੁਤਾਬਕ ਪੰਜਾਬ ਦੇ 23 ਜ਼ਿਲ੍ਹਿਆਂ ਵਿਚ ਹਲਕਾ ਮੀਂਹ ਪੈ ਸਕਦਾ ਹੈ ਤੇ ਗਰਜ ਤੇ ਬਿਜਲੀ ਚਮਕਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ, ਹੁਸ਼ਿਆਰਪੁਰ, ਕਪੂਰਥਲਾ, ਮੋਗਾ, ਜਲੰਧਰ, ਲੁਧਿਆਣਾ, ਬਰਨਾਲਾ, ਨਵਾਂਸ਼ਹਿਰ, ਰੂਪਨਗਰ, ਮੋਹਾਲੀ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ ਤੇ ਬਰਨਾਲਾ ਵਿਚ ਮੀਂਹ ਪੈਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : CBSE ਦਾ ਵੱਡਾ ਫੈਸਲਾ, 2026 ਤੋਂ ਸਾਲ ਵਿਚ 2 ਵਾਰ ਹੋਣਗੇ 10ਵੀਂ ਬੋਰਡ ਦੇ ਪੇਪਰ
ਇਸ ਦੇ ਨਾਲ ਹੀ ਅਗਲੇ 48 ਘੰਟਿਆਂ ਵਿਚ ਅਧਿਕਤਮ ਤਾਪਮਾਨ ਵਿਚ 2 ਡਿਗਰੀ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਉਸ ਦੇ ਬਾਅਦ ਅਗਲੇ 48 ਘੰਟਿਆਂ ਵਿਚ ਤਾਪਮਾਨ ਵਿਚ 3 ਤੋਂ 5 ਡਿਗਰੀ ਦੀ ਗਿਰਾਵਟ ਆਏਗੀ। ਇਸੇ ਤਰ੍ਹਾਂ ਘੱਟੋ-ਘੱਟ ਤਾਪਮਾਨ ਪਹਿਲਾਂ ਵਧੇਗਾ ਤੇ ਉਸ ਦੇ ਬਾਅਦ ਕੋਈ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -:

The post ਮੌਸਮ ਲਵੇਗਾ ਕਰਵਟ, ਪੰਜਾਬ-ਚੰਡੀਗੜ੍ਹ ‘ਚ ਅੱਜ ਚੱਲਣਗੀਆਂ ਤੇਜ਼ ਹਵਾਵਾਂ, 27-28 ਫਰਵਰੀ ਨੂੰ ਮੀਂਹ ਦੀ ਸੰਭਾਵਨਾ appeared first on Daily Post Punjabi.