ਕੈਨੇਡਾ ਦੀ ਸਿਆਸਤ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਲਦ ਹੀ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਜਲਦ ਹੀ ਅਸਤੀਫਾ ਦੇ ਸਕਦੇ ਹਨ। ਇਸ ਸਬੰਧੀ ਉਨ੍ਹਾਂ ਨੇ ਐਲਾਨ ਕੀਤਾ ਹੈ। ਰਿਪੋਰਟ ਮੁਤਾਬਕ ਟਰੂਡੋ ਬੁੱਧਵਾਰ ਨੂੰ ਹੋਣ ਵਾਲੀ ਨੈਸ਼ਨਲ ਕਾਕਸ ਦੀ ਮੀਟਿੰਗ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਵਜੋਂ ਆਪਣਾ ਅਸਤੀਫਾ ਸੌਂਪ ਦੇਣਗੇ।
ਜਾਣਕਾਰੀ ਮੁਤਾਬਕ ਲਿਬਰਲ ਪਾਰਟੀ ਦੀ ਕਾਕਸ ਮੀਟਿੰਗ ਵਿੱਚ ਟਰੂਡੋ ਨੂੰ ਪਾਰਟੀ ਆਗੂ ਦੇ ਅਹੁਦੇ ਤੋਂ ਹਟਾਇਆ ਜਾ ਸਕਦਾ ਸੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਉਹ (ਟਰੂਡੋ) ਤੁਰੰਤ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਜਾਂ ਨਵੇਂ ਨੇਤਾ ਦੀ ਚੋਣ ਤੱਕ ਇਸ ਅਹੁਦੇ ‘ਤੇ ਬਣੇ ਰਹਿਣਗੇ। ਰਿਪੋਰਟਾਂ ਮੁਤਾਬਕ ਟਰੂਡੋ ਨੇ ਵਿੱਤ ਮੰਤਰੀ ਡੋਮਿਨਿਕ ਲੇਬਲੈਂਕ ਨਾਲ ਇਸ ਗੱਲ ‘ਤੇ ਚਰਚਾ ਕੀਤੀ ਸੀ ਕਿ ਕੀ ਉਨ੍ਹਾਂ ਨੂੰ ਅਹੁਦੇ ‘ਤੇ ਰਹਿਣਾ ਚਾਹੀਦਾ ਹੈ ਜਾਂ ਨਹੀਂ।
ਤੁਹਾਨੂੰ ਦੱਸ ਦੇਈਏ ਕਿ ਡੋਨਾਲਡ ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਉਨ੍ਹਾਂ ‘ਤੇ ਦਬਾਅ ਕਾਫੀ ਵਧ ਗਿਆ ਸੀ। ਟਰੰਪ ਲਗਾਤਾਰ ਉਨ੍ਹਾਂ ‘ਤੇ ਨਿਸ਼ਾਨਾ ਸਾਧ ਰਹੇ ਸਨ। ਐਲਨ ਮਸਕ ਨੇ ਵੀ ਟਰੰਪ ਦੀ ਜਿੱਤ ਤੋਂ ਤੁਰੰਤ ਬਾਅਦ ਕਿਹਾ ਸੀ ਕਿ ਹੁਣ ਟਰੂਡੋ ਲਈ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ।
ਦੱਸ ਦੇਈਏ ਕਿ ਇਸ ਵੇਲੇ ਕੈਨੇਡਾ ਦੀ ਸੰਸਦ ਹਾਊਸ ਆਫ ਕਾਮਨਜ਼ ਵਿੱਚ ਲਿਬਰਲ ਪਾਰਟੀ ਦੇ 153 ਸੰਸਦ ਮੈਂਬਰ ਹਨ। ਕੈਨੇਡੀਅਨ ਹਾਊਸ ਆਫ਼ ਕਾਮਨਜ਼ ਵਿੱਚ 338 ਸੀਟਾਂ ਹਨ। ਇਸ ਵਿੱਚ ਬਹੁਮਤ ਦਾ ਅੰਕੜਾ 170 ਹੈ। ਕੁਝ ਮਹੀਨੇ ਪਹਿਲਾਂ ਟਰੂਡੋ ਸਰਕਾਰ ਦੀ ਭਾਈਵਾਲ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਨੇ ਆਪਣਾ ਸਮਰਥਨ ਵਾਪਸ ਲੈ ਲਿਆ ਸੀ। NDP ਕੈਨੇਡੀਅਨ ਸਿੱਖ ਐਮਪੀ ਜਗਮੀਤ ਸਿੰਘ ਦੀ ਪਾਰਟੀ ਹੈ।
ਅਜਿਹੇ ਵਿੱਚ ਗਠਜੋੜ ਟੁੱਟਣ ਕਾਰਨ ਟਰੂਡੋ ਸਰਕਾਰ ਘੱਟ ਗਿਣਤੀ ਵਿੱਚ ਸਿਮਟ ਗਈ ਸੀ। ਹਾਲਾਂਕਿ, 1 ਅਕਤੂਬਰ ਨੂੰ ਹੋਏ ਬਹੁਮਤ ਟੈਸਟ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਇੱਕ ਹੋਰ ਪਾਰਟੀ ਦਾ ਸਮਰਥਨ ਮਿਲਿਆ, ਜਿਸ ਕਾਰਨ ਟਰੂਡੋ ਫਲੋਰ ਟੈਸਟ ਪਾਸ ਕਰ ਗਏ।
ਕੁਝ ਦਿਨ ਪਹਿਲਾਂ ਡਿਪਟੀ ਪੀਐਮ ਅਤੇ ਵਿੱਤ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਮਤਭੇਦਾਂ ਕਾਰਨ ਅਸਤੀਫ਼ਾ ਦੇ ਦਿੱਤਾ ਸੀ। ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਟਰੂਡੋ ਦਾ ਵਿਰੋਧ ਤੇਜ਼ ਹੋ ਗਿਆ ਹੈ। ਕ੍ਰਿਸਟੀਆ ਨੇ ਉਸੇ ਦਿਨ ਅਸਤੀਫਾ ਦੇ ਦਿੱਤਾ ਜਦੋਂ ਉਸਨੇ ਬਜਟ ਪੇਸ਼ ਕਰਨਾ ਸੀ। ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਹੁਣ ਕੈਬਨਿਟ ਵੀ ਟਰੂਡੋ ‘ਤੇ ਅਸਤੀਫਾ ਦੇਣ ਲਈ ਦਬਾਅ ਬਣਾ ਰਹੀ ਹੈ।
ਉਥੇ ਹੀ ਟਰੰਪ ਦੇ ਟੈਰਿਫ ਪਲਾਨ ਨੇ ਵੀ ਟਰੂਡੋ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਟਰੰਪ ਨੇ ਸਪੱਸ਼ਟ ਕੀਤਾ ਹੈ ਕਿ ਉਹ ਕੈਨੇਡਾ ਅਤੇ ਮੈਕਸੀਕੋ ਤੋਂ ਅਮਰੀਕਾ ਆਉਣ ਵਾਲੇ ਸਾਰੇ ਉਤਪਾਦਾਂ ‘ਤੇ 25 ਫੀਸਦੀ ਟੈਰਿਫ ਲਗਾਉਣਗੇ ਕਿਉਂਕਿ ਇਨ੍ਹਾਂ ਦੇਸ਼ਾਂ ਤੋਂ ਵੱਡੀ ਗਿਣਤੀ ‘ਚ ਗੈਰ-ਕਾਨੂੰਨੀ ਪ੍ਰਵਾਸੀ ਅਮਰੀਕੀ ਸਰਹੱਦ ‘ਚ ਦਾਖਲ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ਤੋਂ ਵੀ ਵੱਡੇ ਪੱਧਰ ‘ਤੇ ਅਮਰੀਕਾ ਨੂੰ ਨਸ਼ੇ ਦੀ ਸਪਲਾਈ ਹੋ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਟਰੰਪ ਦੇ ਟੈਰਿਫ ਹਮਲੇ ਨੂੰ ਲੈ ਕੇ ਕ੍ਰਿਸਟੀਆ ਅਤੇ ਟਰੂਡੋ ਵਿਚਾਲੇ ਮਤਭੇਦ ਸਨ। ਹੁਣ ਜਦੋਂ ਜਨਵਰੀ ਵਿੱਚ ਟਰੰਪ ਮੁੜ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ ਤਾਂ ਟਰੂਡੋ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਜੇਕਰ ਟਰੰਪ ਟੈਰਿਫ ਵਧਾਉਂਦੇ ਹਨ ਤਾਂ ਟਰੂਡੋ ‘ਤੇ ਸਿਆਸੀ ਦਬਾਅ ਵਧ ਸਕਦਾ ਹੈ।
ਇਹ ਵੀ ਪੜ੍ਹੋ : OYO ਹੋਟਲਾਂ ‘ਚ ਹੁਣ ਅਣ-ਵਿਆਹੇ ਜੋੜਿਆਂ ਦੀ ਐਂਟਰੀ ਬੈਨ, ਨਵੇਂ ਸਾਲ ‘ਤੇ ਕੰਪਨੀ ਨੇ ਬਦਲੇ ਨਿਯਮ
2015 ਵਿੱਚ ਸੱਤਾ ਸੰਭਾਲਣ ਵਾਲੇ ਜਸਟਿਨ ਟਰੂਡੋ ਨੂੰ ਸ਼ੁਰੂ ਵਿੱਚ ਇੱਕ ਮੱਧਮ ਅਤੇ ਅਗਾਂਹਵਧੂ ਆਗੂ ਵਜੋਂ ਦੇਖਿਆ ਜਾਂਦਾ ਸੀ। ਉਨ੍ਹਾਂ ਦਾ ਅਕਸ ਨੌਜਵਾਨਾਂ ਅਤੇ ਘੱਟ ਗਿਣਤੀਆਂ ਵਿੱਚ ਹਰਮਨ ਪਿਆਰਾ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀਆਂ ਨੀਤੀਆਂ ਅਤੇ ਫੈਸਲਿਆਂ ਨੇ ਟਰੂਡੋ ਨੂੰ ਕੈਨੇਡਾ ਦੇ ਅੰਦਰ ਅਤੇ ਬਾਹਰ ਸਭ ਤੋਂ ਭੈੜੇ ਸਿਆਸਤਦਾਨਾਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਹਾਲ ਹੀ ‘ਚ ਜਸਟਿਨ ਟਰੂਡੋ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਗਏ ਤਾਂ ਟਰੰਪ ਨੇ ਉਨ੍ਹਾਂ ਨੂੰ ਗਵਰਨਰ ਕਹਿ ਕੇ ਸੰਬੋਧਨ ਕੀਤਾ। ਟਰੂਡੋ ਨੇ ਆਪਣੇ ਸ਼ਾਸਨ ਦੌਰਾਨ ਭਾਰਤ-ਕੈਨੇਡਾ ਸਬੰਧਾਂ ਨੂੰ ਸਭ ਤੋਂ ਖ਼ਰਾਬ ਦੌਰ ਤੱਕ ਪਹੁੰਚਾ ਦਿੱਤਾ। ਟਰੂਡੋ ਦੀ ਭਾਰਤ ਵਿਰੋਧੀ ਰਾਜਨੀਤੀ ਨੇ ਉਨ੍ਹਾਂ ਨੂੰ ਅੰਤਰਰਾਸ਼ਟਰੀ ਮੰਚ ‘ਤੇ ਅਲੱਗ-ਥਲੱਗ ਕਰ ਦਿੱਤਾ। ਭਾਰਤ ਵਰਗੇ ਵੱਡੇ ਵਪਾਰਕ ਅਤੇ ਕੂਟਨੀਤਕ ਭਾਈਵਾਲ ਨਾਲ ਮਾੜੇ ਸਬੰਧ ਕੈਨੇਡਾ ਲਈ ਘਾਟੇ ਦਾ ਸੌਦਾ ਸਾਬਤ ਹੋਏ।
ਵੀਡੀਓ ਲਈ ਕਲਿੱਕ ਕਰੋ -:

The post ਕੈਨੇਡਾ ਦੀ ਸਿਆਸਤ ‘ਚ ਭੂਚਾਲ, ਅਸਤੀਫਾ ਦੇ ਸਕਦੇ ਨੇ PM ਟਰੂਡੋ! appeared first on Daily Post Punjabi.