ਗਣਤੰਤਰ ਦਿਵਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਟਿਆਲਾ ਵਿਚ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਸੂਬੇ ਦੇ ਕਿਸਾਨਾਂ ਨੂੰ ਆਪਣੇ ਮਸਲੇ ਹੱਲ ਕਰਵਾਉਣ ਲਈ ਧਰਨੇ ਦੇਣੇ ਪੈ ਰਹੇ ਹਨ ਤੇ ਹੁਣ ਮਰਨ ਵਰਤ ਵੀ ਰੱਖਣਾ ਪੈ ਗਿਆ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨੂੰ ਬੁਲਾ ਕੇ ਉਨ੍ਹਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੰਗਾਂ ਸਵੀਕਾਰ ਕਰੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਖੇਤੀ ਲਈ ਟਰੈਕਟਰਾਂ ਦਾ ਮੂੰਹ ਦਿੱਲੀ ਦੀ ਬਜਾਏ ਖੇਤਾਂ ਵੱਲ ਰਹਿਣਾ ਚਾਹੀਦਾ ਹੈ। ਇਸ ਮੌਕੇ ਮੁੱਖ ਮੰਤਰੀ ਮਾਨ ਨੇ ਪੰਜਾਬ ਵਿਚ ਨਸ਼ਿਆਂ ਦਾ ਮੁੱਦਾ ਵੀ ਧਿਆਨ ਵਿਚ ਲਿਆਂਦਾ। ਉਨ੍ਹਾਂ ਕਿਹਾ ਕਿ ਹੁਣ ਤੱਕ 12 ਹਜ਼ਾਰ ਤੋਂ ਵੱਧ ਨ.ਸ਼ਾ ਤਸਕਰ ਕਾਬੂ ਕੀਤੇ ਜਾ ਚੁੱਕੇ ਹਨ। 8935 FIR ਦਰਜ ਕੀਤੀਆਂ ਗਈਆਂ ਹਨ। 335 ਕਰੋੜ ਵਾਲੀਆਂ 531 ਜਾਇਦਾਦਾਂ ਵੀ ਜ਼ਬਤ ਕੀਤੀਆਂ ਗਈਆਂ। ਲਗਭਗ 1100 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੌਣੇ 15 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ। ਇਸ ਤੋਂ ਇਲਾਵਾ NDPS ਕੇਸਾਂ ‘ਚ 843 ਭਗੌੜੇ ਗ੍ਰਿਫ਼ਤਾਰ ਕੀਤੇ ਗਏ।
ਇਹ ਵੀ ਪੜ੍ਹੋ : ਪੰਜਾਬ ‘ਚ ਭਲਕੇ ਸਰਕਾਰੀ ਛੁੱਟੀ ਦਾ ਐਲਾਨ, ਸੂਬੇ ‘ਚ ਬੰਦ ਰਹਿਣਗੇ ਸਕੂਲ ਤੇ ਕਾਲਜ
CM ਮਾਨ ਨੇ ਕਿਹਾ ਕਿ ਅਸੀਂ ਬਿਨਾਂ ਗਾਰੰਟੀ ਤੋਂ ਪੰਜਾਬ ਵਿਚੋਂ 18 ਟੋਲ ਪਲਾਜ਼ੇ ਬੰਦ ਕੀਤੇ ਹਨ ਤੇ ਹੁਣ ਤੱਕ ਲੋਕਾਂ ਦੇ 1 ਸਾਲ ਵਿਚ 225 ਕਰੋੜ ਰੁਪਏ ਬਚੇ ਹਨ। ਇਸ ਦੇ ਨਾਲ ਹੀ ਸੀਐੱਮ ਨੇ ਰੂਰਲ ਡਿਵੈਲਪਮੈਂਟ ਫੰਡ (ਆਰਡੀਐੱਫ) ਤਹਿਤ ਪੰਜਾਬ ਦੇ ਲਗਭਗ 5500 ਕਰੋੜ ਰੁਪਏ ਕੇਂਦਰ ਵੱਲੋਂ ਰੋਕੇ ਜਾਣ ‘ਤੇ ਵਿਰੋਧ ਪ੍ਰਗਟਾਇਆ। ਉਨ੍ਹਾਂ ਕਿਹਾ ਕਿ ਇਹ ਫੰਡ ਪੰਜਾਬ ਦਾ ਅਧਿਕਾਰ ਹੈ ਤੇ ਕੇਂਦਰ ਨੂੰ ਇਸ ਨੂੰ ਜਾਰੀ ਕਰਨਾ ਚਾਹੀਦਾ ਹੈ।ਪੰਜਾਬ ਨੂੰ ਆਪਣਾ ਅਧਿਕਾਰ ਲੈਣ ਲਈ ਅਦਾਲਤ ਜਾਣਾ ਪੈਂਦਾ ਹੈ ਜੋ ਕਿ ਠੀਕ ਨਹੀਂ ਪਰ ਪੰਜਾਬ ਆਪਣਾ ਹੱਕ ਨਹੀਂ ਛੱਡੇਗਾ।
ਵੀਡੀਓ ਲਈ ਕਲਿੱਕ ਕਰੋ -:

The post ਗਣਤੰਤਰ ਦਿਵਸ ਮੌਕੇ ਗੂੰਜਿਆ ਕਿਸਾਨਾਂ ਦਾ ਮੁੱਦਾ, CM ਮਾਨ ਬੋਲੇ-‘ਦੁਖ ਹੈ ਅੰਨਦਾਤਿਆਂ ਨੂੰ ਧਰਨਾ ਦੇਣਾ ਪੈ ਰਿਹੈ’ appeared first on Daily Post Punjabi.