ਲੁਧਿਆਣਾ ਵਿੱਚ ਲੁਟੇਰਿਆਂ ਨੇ ਕਲੀਨਿਕ ਤੋਂ ਪਰਤਦੇ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ। ਘਟਨਾ ਦੋ ਦਿਨ ਪਹਿਲਾਂ ਦੀ ਹੈ। ਰਾਧਾ ਸੁਆਮੀ ਸਤਿਸੰਗ ਘਰ ਲੋਹਾਰਾ ਵਿਖੇ ਕਲੀਨਿਕ ਤੋਂ ਘਰ ਜਾ ਰਹੇ ਡਾਕਟਰ ਨੂੰ ਪੈਦਲ ਬਦਮਾਸ਼ਾਂ ਨੇ ਸੜਕ ‘ਤੇ ਹਮਲਾ ਕਰ ਦਿੱਤਾ ਸੀ। ਘਟਨਾ ਦੇ ਦੋ ਦਿਨ ਬਾਅਦ ਘਟਨਾ ਦੀ ਪੂਰੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਬੇਸ਼ੱਕ ਇਹ ਘਟਨਾ ਦੋ ਦਿਨ ਪਹਿਲਾਂ ਵਾਪਰੀ ਹੈ ਪਰ ਸ਼ਿਕਾਇਤ ਦੇ ਬਾਵਜੂਦ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ।
ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਡਰ ਦਾ ਮਾਹੌਲ ਹੈ। ਇਸ ਮਾਮਲੇ ‘ਚ ਸਾਹਮਣੇ ਆਇਆ ਹੈ ਕਿ ਬਦਮਾਸ਼ਾਂ ਨੇ ਡਾਕਟਰ ਦੇ ਮੂੰਹ ਅਤੇ ਸਿਰ ‘ਤੇ ਦਾਤਰ ਨਾਲ ਹਮਲਾ ਕੀਤਾ, ਜਿਸ ਕਾਰਨ ਡਾਕਟਰ ਬੋਲਣ ਤੋਂ ਪੂਰੀ ਤਰ੍ਹਾਂ ਅਸਮਰੱਥ ਹੈ। ਜ਼ਖਮੀ ਡਾਕਟਰ ਦਾ ਨਾਂ ਵਿਨੋਦ ਮੌਰਿਆ ਹੈ।
ਜਾਣਕਾਰੀ ਮੁਤਾਬਕ ਡਾਕਟਰ ਵਿਨੋਦ ਗਿਆਸਪੁਰਾ ਤੋਂ ਬਾਈਕ ‘ਤੇ ਘਰ ਵਾਪਸ ਜਾ ਰਿਹਾ ਸੀ। ਇਸ ਦੌਰਾਨ ਕਰੀਬ 5 ਤੋਂ 7 ਬਦਮਾਸ਼ਾਂ ਨੇ ਉਸ ਨੂੰ ਘੇਰ ਲਿਆ। ਡਾਕਟਰ ਨੂੰ ਉਸ ਦੇ ਬਾਈਕ ਤੋਂ ਹੇਠਾਂ ਸੁੱਟ ਦਿੱਤਾ ਗਿਆ ਅਤੇ ਸੜਕ ਦੇ ਵਿਚਕਾਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਬਦਮਾਸ਼ਾਂ ਨੇ ਡਾਕਟਰ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਜਬਾੜੇ ਅਤੇ ਸਿਰ ‘ਤੇ ਵਾਰ ਕੀਤੇ।
ਇਹ ਵੀ ਪੜ੍ਹੋ : ਕੋਲਕਾਤਾ ‘ਚ ਡਾਕਟਰ ਨਾਲ ਦ.ਰਿੰ/ਦਗੀ ਦਾ ਮਾਮਲਾ, ਸੰਜੇ ਰਾਏ ਦੋਸ਼ੀ ਕਰਾਰ, ਸੋਮਵਾਰ ਨੂੰ ਹੋਵੇਗਾ ਸਜ਼ਾ ਦਾ ਐਲਾਨ
ਜਦੋਂ ਉਸ ਨੇ ਆਪਣੇ ਬਚਾਅ ਲਈ ਹੱਥ ਅੱਗੇ ਕੀਤੇ ਤਾਂ ਲੁਟੇਰਿਆਂ ਨੇ ਉਸ ਦੀਆਂ ਉਂਗਲਾਂ ਵੀ ਤੋੜ ਦਿੱਤੀਆਂ। ਬਦਮਾਸ਼ਾਂ ਨੇ ਡਾਕਟਰ ਦੀ ਅੱਖ ‘ਤੇ ਵੀ ਵਾਰ ਕੀਤੇ । ਲੁਟੇਰਿਆਂ ਨੇ ਡਾਕਟਰ ਕੋਲੋਂ 6 ਹਜ਼ਾਰ ਰੁਪਏ ਅਤੇ ਮੋਬਾਈਲ ਫੋਨ ਖੋਹ ਲਿਆ। ਫਿਲਹਾਲ ਡਾਕਟਰ ਬੇਹੋਸ਼ੀ ਦੀ ਹਾਲਤ ‘ਚ ਨਿੱਜੀ ਹਸਪਤਾਲ ‘ਚ ਦਾਖਲ ਹੈ। ਇਸ ਮਾਮਲੇ ਸਬੰਧੀ ਪੁਲਿਸ ਚੌਕੀ ਕੰਗਣਵਾਲ ਦੇ ਇੰਚਾਰਜ ਮੇਵਾ ਸਿੰਘ ਨੇ ਦੱਸਿਆ ਕਿ ਪੁਲੀਸ ਟੀਮਾਂ ਵੱਲੋਂ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦੀ ਹੀ ਬਦਮਾਸ਼ ਫੜੇ ਜਾਣਗੇ। ਇਲਾਕੇ ਵਿੱਚ ਪੁਲੀਸ ਦੀ ਗਸ਼ਤ ਵੀ ਵਧਾਈ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:

The post ਰਾਤੀਂ ਕਲੀਨਿਕ ਤੋਂ ਘਰ ਪਰਤ ਰਹੇ ਡਾਕਟਰ ਨਾਲ ਬਦਮਾਸ਼ ਕਰ ਗਏ ਕਾਂਡ, ਘਟਨਾ CCTV ‘ਚ ਕੈਦ appeared first on Daily Post Punjabi.