ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲਵੇ ਲਾਈਨ ਬਣਾਉਣ ਦਾ ਸੁਪਨਾ ਜਲਦੀ ਹੀ ਹਕੀਕਤ ਵਿੱਚ ਬਦਲ ਜਾਵੇਗਾ। ਇਹ ਟਰੈਕ ਲਗਭਗ 24 ਕਿਲੋਮੀਟਰ ਲੰਬਾ ਹੋਵੇਗਾ। ਕੇਂਦਰ ਸਰਕਾਰ ਨੇ ਇਸ ਮੋਹਾਲੀ-ਰਾਜਪੁਰਾ ਰੇਲ ਲਿੰਕ ਪ੍ਰਾਜੈਕਟ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਤੇ ਇਸ ਲਈ 202.99 ਕਰੋੜ ਰੁਪਏ ਦਾ ਬਜਟ ਪ੍ਰਬੰਧ ਕੀਤਾ ਗਿਆ ਹੈ। ਕੇਂਦਰੀ ਰੇਲ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਦੱਸ ਦੇਈਏ ਕਿ ਇਸ ਨਾਲ ਪਟਿਆਲਾ ਤੇ ਬਠਿੰਡਾ ਤੇ ਹੋਰ ਸਟੇਸ਼ਨਾਂ ਤੋਂ ਚੰਡੀਗੜ੍ਹ ਪਹੁੰਚਣ ਵਿਚ ਬਹੁਤ ਘੱਟ ਸਮਾਂ ਲੱਗੇਗਾ। ਇਹ ਰੇਲਵੇ ਲਾਈਨ ਮੋਹਾਲੀ ਤੋਂ ਸ਼ੰਭੂ ਵਾਇਆ ਬਨੂੜ ਤੋਂ ਰਾਜਪੁਰਾ ਨੂੰ ਜੋੜੇਗੀ। ਇਸ ਨਾਲ ਇਨ੍ਹਾਂ ਸ਼ਹਿਰਾਂ ਵਿੱਚ ਸਿੱਧਾ ਰੇਲ ਸੰਪਰਕ ਸੰਭਵ ਹੋ ਜਾਵੇਗਾ।
ਕੇਂਦਰੀ ਮੰਤਰੀ ਬਿੱਟੂ ਨੇ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਇਸ ਪ੍ਰਾਜੈਕਟ ਨੂੰ ਦੋ ਸਾਲਾਂ ਵਿੱਚ ਪੂਰਾ ਕੀਤਾ ਜਾਵੇ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ, ਪੂਰਾ ਮਾਲਵਾ ਰੇਲਵੇ ਰਾਹੀਂ ਆਪਣੀ ਰਾਜਧਾਨੀ ਨਾਲ ਜੁੜ ਜਾਵੇਗਾ। ਉਨ੍ਹਾਂ ਕਿਹਾ ਕਿ ਪਹਿਲਾਂ ਕੇਂਦਰ ਅਤੇ ਰਾਜ ਇਕੱਠੇ ਪੈਸੇ ਦਿੰਦੇ ਸਨ, ਪਰ ਹੁਣ ਇਸ ਪ੍ਰਾਜੈਕਟ ਦੀ ਸਾਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਦੀ ਹੋਵੇਗੀ।
ਇਸ ਦੌਰਾਨ ਰੇਲਵੇ ਜੰਕਸ਼ਨ ‘ਤੇ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਦੋ ਲਾਈਨਾਂ, ਫਿਰੋਜ਼ਪੁਰ ਤੋਂ ਪੱਟੀ ਲਾਈਨ ਅਤੇ ਤਲਵੰਡੀ ਸਾਬੋ ਤੱਕ ਟਰੈਕ ਬਣੇਗਾ। ਪੰਜਾਬ ਭਰ ਵਿੱਚ 700 ਕਰੋੜ ਰੁਪਏ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਮੰਤਰੀ ਬਣੇ ਹੋਏ ਸੱਤ ਮਹੀਨੇ ਹੋਏ ਹਨ, ਲੁਧਿਆਣਾ ਦੇ ਨਾਲ-ਨਾਲ ਅੰਮ੍ਰਿਤਸਰ ਪ੍ਰਾਜੈਕਟ ਵੀ ਪੂਰਾ ਹੋਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਖੁਦ ਮਾਲਵਾ ਇਲਾਕੇ ਨਾਲ ਸਬੰਧਤ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਮਾਫੀਆ ਰੇਲਵੇ ਦੇ ਵਿਸਥਾਰ ਵਿੱਚ ਰੁਕਾਵਟਾਂ ਪੈਦਾ ਕਰਦੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਇਸ ਦਾ ਵਿਸਥਾਰ ਹੋਵੇ। ਪਰ ਹੁਣ ਉਹ ਇਸ ਦਿਸ਼ਾ ਵਿੱਚ ਲੱਗੇ ਹੋਏ ਹਨ। ਉਨ੍ਹਾਂ ਪੰਜਾਬ ਦੀਆਂ ਸਾਰੀਆਂ ਸਿਆਸੀਆਂ ਪਾਰਟੀਆਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਬਿੱਟੂ ਨੇ ਕਿਹਾ ਕਿ ਕਿਸਾਨ ਜਿੰਨੀ ਵੀ ਜ਼ਮੀਨ ਮੰਗਣਗੇ, ਉਹ ਉਨ੍ਹਾਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਇਸ ਰੇਲ ਨੈੱਟਵਰਕ ਪ੍ਰਤੀ ਬਹੁਤ ਗੰਭੀਰ ਹੈ।
ਜ਼ਿਕਰਯੋਗ ਹੈ ਕਿ ਇਸ ਪ੍ਰਾਜੈਕਟ ਨੂੰ ਸਾਲ 2017 ਵਿੱਚ ਮਨਜ਼ੂਰੀ ਦਿੱਤੀ ਗਈ ਸੀ ਅਤੇ ਸਾਲ 2018 ਵਿੱਚ ਤਤਕਾਲੀ ਕੇਂਦਰ ਸਰਕਾਰ ਨੇ ਇਸ ਪ੍ਰਾਜੈਕਟ ਨੂੰ ਮਨਜ਼ੂਰੀ ਦਿੰਦੇ ਹੋਏ ਪੰਜਾਬ ਸਰਕਾਰ ਨੂੰ 78 ਕਰੋੜ ਰੁਪਏ ਵਿੱਚ 42 ਏਕੜ ਜ਼ਮੀਨ ਐਕਵਾਇਰ ਕਰਨ ਲਈ ਕਿਹਾ ਸੀ ਪਰ ਜ਼ਮੀਨ ਨਾ ਮਿਲਣ ਕਰਕੇ ਇਹ ਪ੍ਰਾਜੈਕਟ ਸ਼ੁਰੂ ਨਹੀਂ ਹੋ ਸਕਿਆ। ਹੁਣ ਇਸ ਦਾ ਕੰਮ ਰੇਲ ਮੰਤਰਾਲੇ ਵੱਲੋਂ ਬਜਟ ਜਾਰੀ ਹੋਣ ਤੋਂ ਤੁਰੰਤ ਬਾਅਦ ਸ਼ੁਰੂ ਹੋ ਜਾਵੇਗਾ।
ਇਹ ਵੀ ਪੜ੍ਹੋ : ਸਾਬਕਾ CM ਚੰਨੀ ਨੂੰ ਮਿਲੇਗਾ ‘ਸੰਸਦ ਰਤਨ ਅਵਾਰਡ’, ਬੋਲੇ-‘ਮੇਰੇ ਤੇ ਪੰਜਾਬੀਆਂ ਲਈ ਮਾਣ ਵਾਲੀ ਗੱਲ’
ਰਾਜਪੁਰਾ ਤੋਂ 5 ਕਿਲੋਮੀਟਰ ਲੰਬੀ ਇੱਕ ਹੋਰ ਲਾਈਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਤਾਂ ਜੋ ਚੰਡੀਗੜ੍ਹ ਜਾਂਦੇ ਸਮੇਂ ਰੇਲ ਗੱਡੀ ਦਾ ਇੰਜਣ ਬਦਲਣ ਦੀ ਲੋੜ ਨਾ ਪਵੇ ਅਤੇ ਯਾਤਰੀਆਂ ਦਾ ਸਮਾਂ ਬਰਬਾਦ ਨਾ ਹੋਵੇ। ਰਾਜਪੁਰਾ ਵਿੱਚ ਸਥਾਪਤ ਹੋ ਰਹੇ ਉਦਯੋਗ ਨੂੰ ਇਸ ਲਾਈਨ ਦੇ ਨਿਰਮਾਣ ਤੋਂ ਸਭ ਤੋਂ ਵੱਧ ਲਾਭ ਮਿਲੇਗਾ। ਇਸ ਤੋਂ ਇਲਾਵਾ, ਨੌਜਵਾਨ ਚੰਡੀਗੜ੍ਹ ਜਾਂ ਟ੍ਰਾਈਸਿਟੀ ਵਿੱਚ ਕੰਮ ਕਰਨ ਜਾਂ ਪੜ੍ਹਾਈ ਕਰਨ ਤੋਂ ਬਾਅਦ ਆਸਾਨੀ ਨਾਲ ਆਪਣੇ ਖੇਤਰਾਂ ਵਿੱਚ ਜਾ ਸਕਣਗੇ।
ਵੀਡੀਓ ਲਈ ਕਲਿੱਕ ਕਰੋ -:
The post ਮਾਲਵੇ ਵਾਲਿਆਂ ਲਈ ਖੁਸ਼ਖਬਰੀ, ਚੰਡੀਗੜ੍ਹ ਤੱਕ ਸਫਰ ਹੋਵੇਗਾ ਸੌਖਾ, ਚਿਰੋਕਣੇ ਲਟਕੇ ਪ੍ਰਾਜੈਕਟ ਨੂੰ ਮਿਲੀ ਮਨਜ਼ੂਰੀ appeared first on Daily Post Punjabi.