ਲੁਧਿਆਣਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋ ਅਪਰਾਧੀ ਪੁਲਿਸ ਨੂੰ ਚਕਮਾ ਦੇ ਕੇ ਸਿਵਲ ਹਸਪਤਾਲ ਤੋਂ ਫਰਾਰ ਹੋ ਗਏ। ਜਾਣਕਾਰੀ ਮੁਤਾਬਕ ਦੋਵੇਂ ਬਦਮਾਸ਼ ਪੁਲਿਸ ਮੁਲਾਜ਼ਮਾਂ ਨੂੰ ਗੱਲਬਾਤ ‘ਚ ਉਲਝਾ ਕੇ ਅਚਾਨਕ ਉਨ੍ਹਾਂ ਨੂੰ ਧੱਕਾ ਦੇ ਕੇ ਫ਼ਰਾਰ ਹੋ ਗਏ। ਹਿਰਾਸਤ ‘ਚੋਂ ਫਰਾਰ ਹੋਏ ਲੁਟੇਰਿਆਂ ਦਾ ਨਾਂ ਲਵਪ੍ਰੀਤ ਸਿੰਘ ਅਤੇ ਕਮਲਵੀਰ ਸਿੰਘ ਹੈ, ਦੋਵਾਂ ਬਦਮਾਸ਼ਾਂ ਨੂੰ ਪੁਲਿਸ ਨੇ 109 ਦੇ ਕਲੰਦਰਾ ਵਿੱਚ ਫੜਿਆ ਸੀ।
ਜਾਣਕਾਰੀ ਮੁਤਾਬਕ ਪੁਲਿਸ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇਂ ਲੁਟੇਰਿਆਂ ਨੂੰ ਜਮਾਲਪੁਰ ਇਲਾਕੇ ਤੋਂ ਗ੍ਰਿਫਤਾਰ ਕੀਤਾ ਸੀ। ਬੀਤੇ ਦਿਨ ਉਹ ਦੋ ਪੁਲਿਸ ਮੁਲਾਜ਼ਮਾਂ ਨਾਲ ਮੈਡੀਕਲ ਕਰਵਾਉਣ ਲਈ ਆਏ ਸਨ। ਅਚਾਨਕ ਬਦਮਾਸ਼ਾਂ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਅਤੇ ਫਿਰ ਉਨ੍ਹਾਂ ਨੂੰ ਧੱਕਾ ਦਿੱਤਾ ਅਤੇ ਭੱਜ ਗਏ।
ਪੁਲਿਸ ਮੁਲਾਜ਼ਮਾਂ ਨੇ ਹਸਪਤਾਲ ਸਮੇਤ ਕਈ ਇਲਾਕਿਆਂ ਦੇ ਕੋਨੇ-ਕੋਨੇ ਦੀ ਤਲਾਸ਼ੀ ਲਈ ਪਰ ਦੋਵਾਂ ਦੋਸ਼ੀਆਂ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਬੱਚੀ ਦੇ ਉਪਰੋਂ ਲੰਘੀ ਕਾਰ, ਖਰੋਚ ਤੱਕ ਨਹੀਂ ਆਈ, ‘ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ’ ਕਹਾਵਤ ਹੋਈ ਸੱਚ
ਪੁਲਿਸ ਸ਼ਹਿਰ ਵਿੱਚ ਲੱਗੇ ਸੇਫ਼ ਸਿਟੀ ਕੈਮਰਿਆਂ ਦੀ ਵੀ ਜਾਂਚ ਕਰ ਰਹੀ ਹੈ। ਇਸ ਮਾਮਲੇ ਵਿੱਚ ਏਸੀਪੀ ਸੁਮਿਤ ਸੂਦ ਨੇ ਦੱਸਿਆ ਕਿ ਉਨ੍ਹਾਂ ਨੂੰ ਦੋਵੇਂ ਦੋਸ਼ੀਆਂ ਦੇ ਫਰਾਰ ਹੋਣ ਦੀ ਖ਼ਬਰ ਮਿਲੀ ਹੈ। ਐਸਐਚਓ ਡਵੀਜ਼ਨ ਨੰਬਰ 7 ਭੁਪਿੰਦਰ ਸਿੰਘ ਨੂੰ ਦੋਵਾਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੇ ਹੁਕਮ ਦਿੱਤੇ ਹਨ।
ਵੀਡੀਓ ਲਈ ਕਲਿੱਕ ਕਰੋ -:

The post ਲੁਧਿਆਣਾ : ਮੈਡੀਕਲ ਕਰਾਉਣ ਲਿਆਏ ਗਏ ਦੋਸ਼ੀ ਚਕਮਾ ਦੇ ਕੇ ਫਰਾਰ, ਪੁਲਿਸ ਨੂੰ ਪਈਆਂ ਭਾਜੜਾਂ appeared first on Daily Post Punjabi.