ਇਟਲੀ ਦੇ ਜ਼ਿਲ੍ਹਾ ਬੈਰਗਾਮੋ ਦੇ ਵਰਦੇਲੋ ਵਿਖੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੁਆਰਾ ਵਰਲਡ ਕਬੱਡੀ ਫੈਡਰੇਸ਼ਨ ਦੇ ਸਹਿਯੋਗ ਨਾਲ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਗਈ। ਲਗਾਤਾਰ ਦੂਜੇ ਸਾਲ ਕੋਨੀ ਦੇ ਅਧੀਨ ਅਤੇ ਵਰਲਡ ਕਬੱਡੀ ਤੇ ਯੂਰਪ ਕਬੱਡੀ ਦੇ ਪ੍ਰਧਾਨ ਅਸ਼ੋਕ ਦਾਸ ਤੇ ਇਟਾਲੀਅਨ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸੁਖਮੰਦਰ ਸਿੰਘ ਜੌਹਲ ਸਨੇਰ ਦੀ ਅਗਵਾਈ ਹੇਠ ਕਰਵਾਏ ਇਸ ਟੂਰਨਾਮੈਂਟ ਵਿਚ ਯੂਰਪ ਦੇ ਵੱਖ-ਵੱਖ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ।
ਸਨੇਰ ਪਿੰਡ ਦੇ ਰਹਿਣ ਵਾਲੇ ਸੁਖਮੰਦਰ ਸਿੰਘ ਜੌਹਲ ਦੇ ਸਹਿਯੋਗ ਨਾਲ ਪਹਿਲਾਂ ਵੀ ਇਟਲੀ ਵਿਚ ਯੂਰਪੀ ਕਬੱਡੀ ਚੈਂਪੀਅਨਸ਼ਿਪ ਕਰਵਾਈ ਜਾ ਚੁੱਕੀ ਹੈ। ਉਹ ਲਗਾਤਾਰ ਕਬੱਡੀ ਨੂੰ ਯੂਰਪੀ ਦੇਸ਼ਾਂ ਵਿਚ ਪ੍ਰਫੁੱਲਿਤ ਕਰਨ ਦਾ ਕੰਮ ਕਰ ਰਹੇ ਨੇ ਤੇ ਆਪਣੇ ਪਿੰਡ ਸਨੇਰ ਦਾ ਨਾਂ ਉੱਚਾ ਕਰ ਰਹੇ ਨੇ। ਜਲੰਧਰ ਤੋਂ ਦਾਦਰਾ ਟਰੈਵਲਜ਼ ਦੇ ਮਾਲਕ ਪ੍ਰਸ਼ੋਤਮ ਲਾਲ ਦਾਦਰਾ ਇਸ ਚੈਂਪੀਅਨਸ਼ਿਪ ਵਿਚ ਉਚੇਚੇ ਤੌਰ ‘ਤੇ ਮੁੱਖ ਮਹਿਮਾਨ ਵਜੋਂ ਪਹੁੰਚੇ।ਇਸ ਕਬੱਡੀ ਚੈਂਪੀਅਨਸ਼ਿਪ ਵਿਚ ਨੈਸ਼ਨਲ ਸਟਾਈਲ ਤੇ ਸਰਕਲ ਸਟਾਈਲ ਦੇ ਮੈਚ ਕਰਵਾਏ ਗਏ। ਇਸ ਤੋਂ ਇਲਾਵਾ ਅੰਡਰ 20 ਦਾ ਸ਼ੋਅ ਮੈਚ ਵੀ ਕਰਵਾਇਆ ਗਿਆ।
ਇਸ ਯੂਰਪੀ ਕਬੱਡੀ ਚੈਂਪੀਅਨਸ਼ਿਪ ਵਿਚ ਕਬੱਡੀ ਦੇ ਗਹਿਗੱਚ ਮੁਕਾਬਲੇ ਦੇਖਣ ਨੂੰ ਮਿਲੇ। ਜੇਤੂਆਂ ਨੂੰ ਟਰਾਫੀਆਂ ਤੇ ਨਗਦ ਰਾਸ਼ੀ ਨਾਲ ਸਨਮਾਨਿਤ ਕੀਤਾ ਗਿਆ। ਸਵੇਰ ਤੋਂ ਹੀ ਦਰਸ਼ਕਾਂ ਵਿਚ ਇਸ ਚੈਂਪੀਅਨਸ਼ਿਪ ਲਈ ਕਾਫੀ ਜ਼ਿਆਦਾ ਉਤਸ਼ਾਹ ਪਾਇਆ ਗਿਆ। ਜਿਹਨਾਂ ਨੇ ਪ੍ਰਬੰਧਕਾਂ ਵੱਲੋਂ ਕੀਤੇ ਚੰਗੇ ਪ੍ਰਬੰਧਾਂ ਦੀ ਸ਼ਲਾਘਾ ਵੀ ਕੀਤੀ। ਇਸ ਓਪਨ ਯੂਰਪੀ ਕਬੱਡੀ ਚੈਂਪੀਅਨਸ਼ਿਪ ਦੇ ਹੋਏ ਫਾਈਨਲ ਮੁਕਾਬਲਿਆਂ ਵਿਚ ਸਰਕਲ ਸਟਾਈਲ (ਲੜਕੇ) ਦੇ ਮੁਕਾਬਲਿਆਂ ਵਿਚ NRI ਚੜ੍ਹਦੀਕਲਾ ਸਪੋਰਟਸ ਕਲੱਬ ਬੈਲਜੀਅਮ ਦੀ ਟੀਮ ਨੇ ਸ਼ੇਰ-ਏ-ਪੰਜਾਬ ਕਲੱਬ ਜਰਮਨ ਦੀ ਟੀਮ ਨੂੰ ਹਰਾਇਆ ।
ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ ਬਿੰਦਰਜੀਤ ਸਿੰਘ ਵੱਲੋਂ 3100 ਯੂਰੋ ਤੇ ਦੂਜੇ ਸਥਾਨ ‘ਤੇ ਰਹੀ ਟੀਮ ਨੂੰ ਵਿਚੈਂਸਾ ਸਪੋਰਟਸ ਕਲੱਬ ਆਰੈਸੋ ਵੱਲੋਂ 2500 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਨੈਸ਼ਨਲ ਸਟਾਈਲ (ਲੜਕੇ) ਵਿਚ ਪੋਲੈਂਡ ਦੀ ਟੀਮ ਨੇ ਇੰਗਲੈਂਡ ਦੀ ਟੀਮ ਨੂੰ ਹਰਾਇਆ। ਜਿਸ ਵਿਚ ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ 2100 ਯੂਰੋ ਤੇ ਦੂਜੇ ਸਥਾਨ ‘ਤੇ ਰਹੀ ਟੀਮ ਨੂੰ 1100 ਯੂਰੋ ਨਗਦ ਰਾਸ਼ੀ ਮਨੀ ਗਿੱਲ ਦੁਆਰਾ ਭੇਂਟ ਕੀਤੀ ਗਈ।
ਇਹ ਵੀ ਪੜ੍ਹੋ : ਪੰਜਾਬ ‘ਚ ਸਤਲੁਜ ਦਰਿਆ ‘ਤੇ ਬਣਿਆ ਪੁਲ ਰੁੜ੍ਹਿਆ: 14 ਜ਼ਿਲ੍ਹਿਆਂ ਦੇ 1058 ਪਿੰਡ ਹੜ੍ਹਾਂ ਨਾਲ ਪ੍ਰਭਾਵਿਤ
ਨੈਸ਼ਨਲ ਸਟਾਈਲ (ਲੜਕੀਆਂ) ਵਿਚ ਇਟਲੀ ਦੀ ਟੀਮ ਨੇ ਪੋਲੈਂਡ ਦੀ ਟੀਮ ਨੂੰ ਮਾਤ ਦਿੱਤੀ। ਜਿਸ ਵਿਚ ਪਹਿਲੇ ਸਥਾਨ ‘ਤੇ ਰਹੀ ਟੀਮ ਨੂੰ ਸੁਖਵਿੰਦਰ ਸਿੰਘ ਗੋਬਿੰਦਪੁਰੀ ਵੱਲੋਂ 1100 ਯੂਰੋ ਅਤੇ ਦੂਜੇ ਸਥਾਨ ‘ਤੇ ਰਹੀ ਟੀਮ ਨੂੰ PBK ਪੈਂਤੇਤੇ ਵਲੋਂ 700 ਯੂਰੋ ਨਗਦ ਰਾਸ਼ੀ ਭੇਂਟ ਕੀਤੀ ਗਈ। ਇਸੇ ਤਰ੍ਹਾਂ ਅੰਡਰ 20 ਸਰਕਲ ਕਬੱਡੀ ਦੇ ਮੁਕਾਬਲਿਆਂ ਵਿਚ ਪਹਿਲੇ ਸਥਾਨ ‘ਤੇ ਵਿਚੈਂਸਾ ਸਪੋਰਟਸ ਕਲੱਬ ਆਰੇਸੋ ਅਤੇ ਦੂਜੇ ਸਥਾਨ ਤੇ ਪਾਕਿਸਤਾਨੀ ਸਪੋਰਟਸ ਕਲੱਬ ਬਰੇਸ਼ੀਆ ਰਹੀ। ਜਿਹਨਾਂ ਨੂੰ 700 ਤੇ 500 ਯੂਰੋ ਇਨਾਮ ਵਜੋਂ ਦਿੱਤੇ ਗਏ।
ਸਰਕਲ ਕਬੱਡੀ ਦੇ ਮੁਕਾਬਲਿਆਂ ਵਿਚ ਸੋਨੀ ਭਾਦੜਾ ਅਤੇ ਭੀਮ ਭੂਰਾ ਨੂੰ ਬੈਸਟ ਰੇਡਰ ਅਤੇ ਸੀਰਾ ਕੋਟ ਨੂੰ ਬੈਸਟ ਜਾਫੀ ਦਾ ਖਿਤਾਬ ਦਿੱਤਾ ਗਿਆ। ਇਸ ਮੌਕੇ 10 ਸਾਲਾਂ ਪ੍ਰਭਏਕ ਸਿੰਘ ਵੱਲੋਂ ਰੱਸੀ ਦੀ ਮਦਦ ਨਾਲ ਦੰਦਾਂ ਦੇ ਜ਼ੋਰ ਤੋਂ ਤਿੰਨ ਸਵਾਰਾਂ ਸਮੇਤ ਮੋਟਰ ਸਾਈਕਲ ਨੂੰ ਖਿੱਚਿਆ ਗਿਆ। ਇਸ ਕਬੱਡੀ ਚੈਂਪੀਅਨਸ਼ਿਪ ਵਿਚ ਟਰਾਫੀਆਂ ਦੀ ਸੇਵਾ ਅਤੇ ਖਿਡਾਰੀਆਂ ਦੇ ਖਾਣ-ਪੀਣ ਅਤੇ ਠਹਿਰਨ ਦੀ ਸੇਵਾ ਪਾਰਕ ਹੋਟਲ ਦੇ ਮਾਲਕ ਰਣਜੀਤ ਸਿੰਘ ਭੂੰਗਰਨੀ ਵੱਲੋਂ ਕੀਤੀ ਗਈ।
ਇਸ ਚੈਂਪੀਅਨਸ਼ਿਪ ਵਿਚ ਇੰਡੀਆ ਤੋਂ ਵਿਸ਼ੇਸ਼ ਤੌਰ ‘ਤੇ ਪ੍ਰੋਫੈਸਰ ਅਮਰੀਕ ਸਿੰਘ ਅਤੇ ਸ. ਮੱਖਣ ਸਿੰਘ ਨੇ ਪਹੁੰਚ ਕੇ ਨੈਸ਼ਨਲ ਸਟਾਈਲ ਮੁਕਾਬਲਿਆਂ ਵਿਚ ਰੈਫਰੀ ਦੀਆਂ ਸੇਵਾਵਾਂ ਨਿਭਾਈਆਂ। ਇਸ ਮੌਕੇ ਖਿਡਾਰੀਆਂ ਅਤੇ ਦਰਸ਼ਕਾਂ ਲਈ ਵੱਖ-ਵੱਖ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਵੱਡੀ ਗਿਣਤੀ ਵਿਚ ਔਰਤਾਂ ਅਤੇ ਬੱਚਿਆਂ ਨੇ ਮੈਚਾਂ ਦਾ ਆਨੰਦ ਮਾਣਿਆ। ਇਸ ਮੌਕੇ ਸੁਖਮੰਦਰ ਸਿੰਘ ਜੌਹਲ ਅਤੇ ਉਨ੍ਹਾਂ ਨਾਲ ਸਮੁੱਚੀ ਕਬੱਡੀ ਐਸੋਸੀਏਸ਼ਨ ਨੇ ਆਏ ਹੋਏ ਸਾਰੇ ਦਰਸ਼ਕਾਂ , ਗੁਰੂ ਘਰਾਂ ਦੇ ਪ੍ਰਬੰਧਕਾਂ , ਖੇਡ ਕਲੱਬਾਂ , ਸਮਾਜ ਸੇਵੀ ਸੰਸਥਾਵਾਂ, ਪ੍ਰਮੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ ਅੱਗੋ ਵੀ ਅਜਿਹੇ ਟੂਰਨਾਮੈਂਟ ਉਲੀਕਣ ਦਾ ਭਰੋਸਾ ਦਿਵਾਇਆ।
ਵੀਡੀਓ ਲਈ ਕਲਿੱਕ ਕਰੋ -:
“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “
The post ਇਟਲੀ ‘ਚ ਪਈਆਂ ਕਬੱਡੀ ਦੀਆਂ ਧੂੰਮਾਂ, ਧੂਮਧਾਮ ਨਾਲ ਸੰਪਨ ਹੋਈ ਯੂਰਪੀ ਕਬੱਡੀ ਚੈਂਪੀਅਨਸ਼ਿਪ appeared first on Daily Post Punjabi.
source https://dailypost.in/latest-punjabi-news/european-kabaddi-championship/